ਖਾਲਿਸਤਾਨ ਦੀ ਮੰਗ ਨੂੰ ਸਿੱਖ ਨੌਜਵਾਨੀ ਦੇ ਦਿਲਾਂ ਵਿੱਚ ਪ੍ਰਮੁੱਖਤਾ ਨਾਲ ਉਭਾਰਨ ਵਿਚ ਕਾਮਯਾਬ ਰਹੇ ਅੰਮ੍ਰਿਤਪਾਲ ਸਿੰਘ ਦੇ ਹੁਣ ਚੱਲ ਰਹੀ ਲੋਕਸਭਾ ਚੋਣ ਪ੍ਰਕਿਰਿਆ ਵਿਚ ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵੱਜੋਂ ਦਾਖਲ ਹੋਣ ਦੀਆਂ ਖਬਰਾਂ ਨੇ ਜਿੱਥੇ ਗਰਮਦਲੀ ਸਿੱਖ ਹਲਕਿਆਂ ਵਿਚ ਨਵੀਂ ਰੂਹ ਫੂਕਣ ਦਾ ਕੰਮ ਕੀਤਾ ਹੈ ਉੱਥੇ ਭਵਿੱਖ ਲਈ ਇੱਕ ਵੱਡਾ ਸਵਾਲ ਵੀ ਖੜ੍ਹਾ ਕਰ ਦਿੱਤਾ ਹੈ। ਇਹ ਸਵਾਲ ਸਿਆਸੀ ਚਿੰਤਨ ਕਰਨ ਵਾਲੇ ਸਿੱਖ ਬੁੱਧੀਜੀਵੀ ਵਰਗ ਨੂੰ ਪ੍ਰੇਸ਼ਾਨ ਕਰਨ ਲੱਗਾ ਹੈ ਕਿ ਕੀ ਅੰਮ੍ਰਿਤਪਾਲ ਸਿੰਘ ਆਪਣੇ ਮੂਲ ਨਿਸ਼ਾਨੇ ਤੋਂ ਹਟਕੇ ਖਾਲਿਸਤਾਨ ਦੀ ਮੰਗ ਦਾ ਤਿਆਗ ਕਰਦਿਆਂ ਭਾਰਤੀ ਮੁੱਖ ਧਾਰਾ ਵਿਚ ਸ਼ਾਮਲ ਹੋਣ ਜਾ ਰਿਹਾ ਹੈ ?
ਖਾਲਿਸਤਾਨ ਦੇ ਮੁੱਦੇ ਤੇ ਸਿੱਖ ਨੌਜਵਾਨੀ ਦੇ ਆਈਕੋਨ ਬਣੇ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਉਸਦੇ ਭਵਿੱਖ ਦੇ ਫ਼ੈਸਲੇ ਬਾਰੇ ਦਿੱਤੀ ਸਟੇਟਮੈਂਟ ਵਿਚ ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਇਸ ਨੌਜਵਾਨ ਆਗੂ ਨੇ ਖਾਲਿਸਤਾਨ ਦੇ ਮਸਲੇ ਤੇ ਇਲੈਕਸ਼ਨ ਲੜਨੀ ਹੈ। ਸਟੇਟਮੈਂਟ ਅਨੁਸਾਰ ਅੰਮ੍ਰਿਤਪਾਲ ਖਾਲਿਸਤਾਨ ਤੋਂ ਆਪਣੀ ਬੋਲੀ ਬਦਲ ਕੇ ਪੰਜਾਬ ਦੇ ਦਰਦ ਤੱਕ ਆ ਗਿਆ ਹੈ। ਉਹ ਕਹਿੰਦਾ ਹੈ ਕਿ ਮੈਂ ਪੰਜਾਬ ਦਾ ਦਰਦ ਦੁਨੀਆ ਵਿਚ ਪਹੁੰਚਾਉਣਾ ਹੈ। ਪਰ ਸਵਾਲ ਇਹ ਹੈ ਕਿ ਹੁਣ ਜਿਹੜੀ ਚੋਣ ਉਹ ਲੜਨ ਜਾ ਰਿਹਾ ਹੈ ਉਸਦੇ ਜਿਹੜੇ ਨਾਮਜ਼ਦਗੀ ਪੇਪਰ ਭਰੇ ਜਾਣਗੇ ਉਹਦੇ ਵਿੱਚ ਇਹ ਵੀ ਲਿਖੂਗਾ ਵੀ ਕਿ ਮੈਂ ਭਾਰਤ ਦੀ ਏਕਤਾ ਤੇ ਅਖੰਡਤਾ ਵਿੱਚ ਯਕੀਨ ਰੱਖਦਾ ਹਾਂ। ਉਹ ਆਪਣੇ ਆਪ ਨੂੰ ਭਾਰਤ ਦਾ ਨਾਗਰਿਕ ਵੀ ਡਿਕਲੇਅਰ ਕਰੇਗਾ ਪਰ ਜਦੋਂ ਪੱਤਰਕਾਰਾਂ ਨੇ ਇਸਨੂੰ ਭਾਰਤੀ ਪਾਸਪੋਰਟ ਹੋਲਡਰ ਹੋਣ ਬਾਰੇ ਪੁੱਛਿਆ ਸੀ ਤਾਂ ਇਹਦਾ ਉੱਤਰ ਸੀ ਕਿ ਇਹ ਤਾਂ ਇੱਕ ਟਰੈਵਲ ਡਾਕੂਮੈਂਟ ਹੈ, ਮੈਂ ਭਾਰਤ ਦਾ ਨਾਗਰਿਕ ਨਹੀਂ ਹਾਂ ਜਦੋਂਕਿ ਹੁਣ ਚੋਣ ਲੜਨ ਵਾਸਤੇ ਮੁਢਲੀ ਸ਼ਰਤ ਹੀ ਭਾਰਤ ਦਾ ਨਾਗਰਿਕਤਾ ਹੋਣਾ ਹੈ।
ਸੋ ਹੁਣ ਸਿੱਖ ਕੀ ਸੋਚਣ ਕਿ ਭਾਈ ਸਾਹਿਬ ਆਪਣੇ ਆਪ ਨੂੰ ਭਾਰਤ ਦਾ ਨਾਗਰਿਕ ਵੀ ਮੰਨਦੇ ਨੇ ਤੇ ਭਾਰਤ ਦੀ ਏਕਤਾ ਤੇ ਅਖੰਡਤਾ ਵਿੱਚ ਯਕੀਨ ਵੀ ਰੱਖਦੇ ਹਨ। ਦੂਜੀ ਵਿਚਾਰਨ ਵਾਲੀ ਗੱਲ ਹੈ ਕਿ ਉਹਨਾਂ ਬੰਦੀ ਸਿੰਘਾਂ ਦੇ ਮੋਰਚੇ ਤੇ ਮੋਹਾਲੀ ਵਿਖੇ ਉਨ੍ਹਾਂ ਦੀ ਕੁਰਬਾਨੀ ਨੂੰ ਨਕਾਰਦਿਆਂ ਕਿਹਾ ਸੀ ਕਿ ਜੇ ਪੰਜ ਚਾਰ ਮਰ ਜਾਣਗੇ ਫੇਰ ਕਿਹੜਾ ਮੱਸਿਆ ਲੱਗਣੋ ਹੱਟ ਜਾਊਗੀ। ਸੋਚਣ ਵਾਲੀ ਗੱਲ ਇਹ ਹੈ ਕਿ 35-35 ਸਾਲ ਤੋਂ ਜੇਲਾਂ ਚ ਬੈਠੇ ਕੁਰਬਾਨੀਆਂ ਵਾਲਿਆਂ ਦੇ ਦਰਦ ਨੂੰ ਮਾਮੂਲੀ ਕਰਕੇ ਜਾਨਣ ਵਾਲਾ ਹੁਣ ਮਹਿਜ਼ ਸਵਾ ਸਾਲ ਜੇਲ ਕੱਟਣ ਤੋਂ ਬਾਅਦ ਹੀ ਰੰਗ ਵਟਾ ਗਿਆ। ਭਾਈ ਸਾਹਿਬ ਸੋਚੋ ਹੁਣ ਕਿਹੜੀ ਮੱਸਿਆ ਲੱਗਣੋ ਹੱਟ ਗਈ ਸੀ ਸਵਾ ਸਾਲ ਵਿਚ, ਹੁਣ ਤਾਂ ਜਿਹੜੇ ਵਾਰ-ਵਾਰ ਸਿਰ ਮੰਗੇ ਜਾਂਦੇ ਸੀ ਉਹ ਸਿਰਾਂ ਦੀ ਡਿਮਾਂਡ ਵੀ ਨਦਾਰਦ ਹੋ ਗਈ। ਸਿਰਾਂ ਵਾਲੇ ਸਿੱਖ ਹੁਣ ਸੋਚਣ ਲੱਗ ਪਏ ਹਨ ਕਿ ਕੀ ਸੱਤਾਧਾਰੀ ਧਿਰ ਭਾਜਪਾ ਇੱਕ ਨਵਾਂ ਅਸਦੂਦੀਨ ਓਵੇਸੀ ਪੈਦਾ ਕਰਨ ਜਾ ਰਹੀ ਹੈ ਜਿਹੜਾ ਲੋਕਾਂ ਵਿੱਚ ਵੰਡੀਆਂ ਪਾ ਕੇ, ਭੜਕਾਊ ਬਿਆਨਬਾਜ਼ੀ ਕਰਕੇ ਸਿਰਫ ਤੇ ਸਿਰਫ ਭਾਜਪਾ ਦਾ ਹੱਥ ਠੋਕਾ ਬਣੇ ਤੇ ਉਸਦੀ ਰਾਜਨੀਤਕ ਇੱਛਾਵਾਂ ਦੀ ਪੂਰਤੀ ਕਰਦਾ ਰਹੇ।
ਅਜਿਹੇ ਸਮੇਂ ਜਦੋਂ ਪੰਜਾਬ ਦਾ ਪਹਿਲਾ ਓਵੈਸੀ ਸਿਮਰਨਜੀਤ ਸਿੰਘ ਮਾਨ ਹੁਣ ਬੁੱਢਾ ਹੋ ਗਿਆ ਹੈ ਤੇ ਚੰਦ ਸਾਲਾਂ ਦਾ ਮਹਿਮਾਨ ਹੈ ਤਾਂ ਭਾਜਪਾ ਨੂੰ ਨਵੇਂ ਓਵੈਸੀ ਦੀ ਸਖਤ ਲੋੜ ਹੈ ਜੋ ਅਕਾਲੀ ਦਲ ਦੀ ਪੰਥਕ ਸਫ਼ਾਂ ਚ ਹੋ ਰਹੀ ਮੁੜ ਵਾਪਸੀ ਨੂੰ ਠੱਲ ਪਾ ਸਕੇ, ਕਿਉਂਕਿ ਅਕਾਲੀ ਦਲ ਨੂੰ 'ਪੰਜਾਬ ਬਚਾਓ ਲਹਿਰ' ਦੌਰਾਨ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੋ ਇੱਕ ਗੱਲ ਤਾਂ ਸਪਸ਼ਟ ਹੈ ਕਿ ਕੋਈ ਗੈਰ ਪੰਥਕ ਧਿਰ ਹੀ ਇੱਕ ਸਾਜਿਸ਼ ਅਧੀਨ ਅਮ੍ਰਿਤਪਾਲ ਨੂੰ ਰਾਜਨੀਤੀ ਵਿੱਚ ਲਿਆ ਰਹੀ ਹੈ। ਵਿਦੇਸ਼ੀ ਵੱਸੇ ਖਾਲਿਸਤਾਨੀ ਸਿੱਖ ਜੋ ਅਮ੍ਰਿਤਪਾਲ ਦੇ ਸਮਰਥਕ ਹਨ ਤੇ ਜਿਨ੍ਹਾਂ ਉਸਦੀ ਗ੍ਰਿਫ਼ਤਾਰੀ ਵੇਲੇ ਆਮ ਲੋਕਾਂ ਦੀ ਸਿਰਫ ਕੁੱਟਮਾਰ ਹੀ ਨਹੀਂ ਕੀਤੀ ਸਗੋਂ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਸਮਾਜਕ ਭਾਈਚਾਰੇ ਨੂੰ ਵੀ ਤਾਰ ਤਾਰ ਕੀਤਾ ਸੀ। ਹੁਣ ਉਹ ਵਿਦੇਸ਼ੀ ਸਿੱਖ, ਭਾਈਚਾਰੇ ਵਿਚ ਕਿਵੇਂ ਅੱਖ ਚੁੱਕਕੇ ਟੁਰ ਸਕਣਗੇ ਤੇ ਆਪਣੇ ਹੀਰੋ ਦੇ ਜੀਰੋ ਹੋਣ ਨੂੰ ਕੀ ਤਰਕ ਦੇਕੇ ਸਾਬਤ ਕਰਨਗੇ, ਜਿਨ੍ਹਾਂ ਨੇ ਉਸਨੂੰ ਪੰਥ ਦਾ ਲੀਡਰ ਬਣਾ ਕੇ ਪੰਥ ਦਾ ਸੱਤਿਆਨਾਸ਼ ਕਰਨ ਦੀ ਕਵਾਇਦ ਅਰੰਭੀ ਸੀ। ਹੁਣ ਇਨ੍ਹਾਂ ਖਾਲਿਸਤਾਨੀ ਧਿਰਾਂ ਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਹੈ ਕਿ "ਕਾਬਾ ਕਿਸ ਮੂੰਹ ਸੇ ਜਾਓਗੇ ਗਾਲਿਬ, ਸ਼ਰਮ ਤੁਮਕੋ ਮਗਰ ਨਹੀਂ ਆਤੀ ਨਹੀਂ "
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
1947 ਹਿਜਰਤਨਾਮਾ 78 : ਮਾਈ ਸ਼ਕੁੰਤਲਾ ਦੇਵੀ
NEXT STORY