ਸੰਗਤ ਮੰਡੀ, (ਮਨਜੀਤ)- ਬਹਾਦਰਗੜ੍ਹ ਜੰਡੀਆ ਵਿਖੇ ਆਯੂਰ ਸੋਲਰ ਪਾਵਰ ਕੰਪਨੀ ਨੇ ਸਕਿਓਰਟੀ 'ਤੇ ਰੱਖੇ 25 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਕੇ ਬਾਹਰ ਦਾ ਰਸਤਾ ਵਿਖਾ ਦਿੱਤਾ। ਕਰਮਚਾਰੀਆਂ ਦੇ ਹੱਕ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਸੰਗਤ ਦੇ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਵੱਲੋਂ ਹਮਾਇਤ 'ਚ ਨਿਤਰਦਿਆਂ ਕੰਪਨੀ ਦੇ ਗੇਟ ਅੱਗੇ ਧਰਨਾ ਲਾ ਕੇ ਕੰਪਨੀ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਰ-ਘਰ ਨੌਕਰੀ ਦੇਣ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ ਪਰ ਕੈਪਟਨ ਵੱਲੋਂ ਘਰ-ਘਰ ਨੌਕਰੀ ਤਾਂ ਦਿੱਤੀ ਨਹੀਂ ਗਈ ਸਗੋਂ ਬਠਿੰਡਾ ਤੇ ਰੋਪੜ ਦੇ ਥਰਮਲ ਪਲਾਂਟਾਂ ਨੂੰ ਬੰਦ ਕਰਕੇ ਉਨ੍ਹਾਂ 'ਚ ਕੰਮ ਕਰਦੇ ਮੁਲਾਜ਼ਮਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਦਾ ਰੁਜ਼ਗਾਰ ਖੋਹਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੋਲਰ ਪਾਵਰ ਪਲਾਂਟ ਵੱਲੋਂ ਵੀ ਲੋਕਾਂ ਨੂੰ ਨੌਕਰੀ ਦੇਣ ਦਾ ਵਾਅਦਾ ਕਰਕੇ ਉਨ੍ਹਾਂ ਤੋਂ ਕੌਡੀਆਂ ਦੇ ਭਾਅ ਜ਼ਮੀਨ ਲੀਜ਼ 'ਤੇ ਲਈ ਗਈ ਸੀ ਪਰ ਕੰਪਨੀ ਵੱਲੋਂ ਥੋੜ੍ਹੇ ਸਮੇਂ ਬਾਅਦ ਹੀ 25 ਸਕਿਓਰਟੀ ਕਰਮਚਾਰੀਆਂ ਨੂੰ ਬਿਨਾਂ ਕਿਸੇ ਨੋਟਿਸ ਦੇ ਬਾਹਰ ਦਾ ਰਸਤਾ ਦਿਖਾ ਕੇ ਉਨ੍ਹਾਂ ਦੇ ਰੁਜ਼ਗਾਰ 'ਤੇ ਲੱਤ ਮਾਰ ਦਿੱਤੀ ਗਈ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ 'ਚ ਕਿਹਾ ਕਿ ਜੇਕਰ ਕੰਪਨੀ ਵੱਲੋਂ ਮੁਲਾਜ਼ਮਾਂ ਨੂੰ ਕੰਮ 'ਤੇ ਵਾਪਸ ਨਾ ਬੁਲਾਇਆ ਗਿਆ ਤਾਂ ਯੂਨੀਅਨ ਵੱਲੋਂ ਕੰਪਨੀ ਵਿਰੁੱਧ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਹਰਜਿੰਦਰ ਸਿੰਘ, ਮੰਦਰ ਸਿੰਘ, ਧਰਮਾ ਸਿੰਘ, ਸੁਖਮੰਦਰ ਦਾਸ, ਗੁਰਤੇਜ ਸਿੰਘ, ਸ਼ਰਨਜੀਤ ਸਿੰਘ ਤੇ ਜਸਮੀਤ ਸਿੰਘ ਮੌਜੂਦ ਸਨ।
ਕੀ ਕਹਿੰਦੇ ਨੇ ਕੰਪਨੀ ਦੇ ਮਾਲਕ
ਜਦ ਇਸ ਸਬੰਧੀ ਐੱਨ. ਕੇ. ਐੱਸ. ਸਕਿਓਰਟੀ ਏਜੰਸੀ ਦੇ ਮਾਲਕ ਐੱਨ. ਕੇ. ਐੱਸ. ਬਰਾੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਗੇ ਕਿਸੇ ਕੰਪਨੀ ਨੂੰ ਸਕਿਓਰਟੀ ਦੀ ਜ਼ਰੂਰਤ ਨਹੀਂ। ਇਸ ਲਈ ਉਨ੍ਹਾਂ ਨੂੰ ਮਜਬੂਰੀ ਵੱਸ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣਾ ਪਿਆ। ਉਨ੍ਹਾਂ ਕਰਮਚਾਰੀਆਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਰੁਜ਼ਗਾਰ ਤਾਂ ਗਿਆ ਹੈ ਪਰ ਏਜੰਸੀ ਦੀ ਕਮਾਈ ਵੀ ਤਾਂ ਬੰਦ ਹੋਈ ਹੈ। ਉਨ੍ਹਾਂ ਦੱਸਿਆ ਕਿ ਜੇਕਰ ਅੱਗੇ ਕਿਸੇ ਕੰਪਨੀ ਨੂੰ ਸਕਿਓਰਟੀ ਦੀ ਜ਼ਰੂਰਤ ਹੋਵੇਗੀ ਤਾਂ ਉਕਤ ਵਿਅਕਤੀਆਂ ਨੂੰ ਨੌਕਰੀ 'ਤੇ ਰੱਖ ਲਿਆ ਜਾਵੇਗਾ।
ਬੱਸ ਅੱਡੇ 'ਚੋਂ ਲਾਸ਼ ਬਰਾਮਦ
NEXT STORY