ਸਿੰਗਾਪੁਰ : ਅੱਜ-ਕੱਲ੍ਹ ਜਿੱਥੇ ਸੋਸ਼ਲ ਮੀਡੀਆ 'ਤੇ ਕੰਪਨੀਆਂ ਦੇ 'ਟਾਕਸਿਕ ਵਰਕ ਕਲਚਰ' ਦੀਆਂ ਖਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਉੱਥੇ ਹੀ ਸਿੰਗਾਪੁਰ ਦੀ ਇੱਕ ਕੰਪਨੀ ਨੇ ਆਪਣੇ ਕਰਮਚਾਰੀਆਂ ਲਈ ਕੁਝ ਅਜਿਹਾ ਕੀਤਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸਿੰਗਾਪੁਰ ਸਥਿਤ ਚਾਂਗ ਚੇਂਗ ਹੋਲਡਿੰਗਜ਼ (Chang Cheng Holdings) ਨਾਮਕ ਕੰਪਨੀ ਨੇ ਆਪਣੇ ਵਫ਼ਾਦਾਰ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਲਈ 3.5 ਕਰੋੜ ਰੁਪਏ ਤੋਂ ਵੱਧ ਦੇ ਸੋਨੇ ਦੇ ਤੋਹਫ਼ੇ ਵੰਡੇ ਹਨ।
10 ਸਾਲ ਤੋਂ ਵੱਧ ਸੇਵਾ ਕਰਨ ਵਾਲਿਆਂ ਨੂੰ ਮਿਲਿਆ ਸਨਮਾਨ
ਕੰਪਨੀ ਨੇ ਆਪਣੀ 32ਵੀਂ ਵਰ੍ਹੇਗੰਢ ਮੌਕੇ ਇੱਕ ਸ਼ਾਨਦਾਰ ਡਿਨਰ ਦਾ ਆਯੋਜਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਕਰਮਚਾਰੀਆਂ ਨੂੰ ਸੋਨੇ ਦੇ ਯਾਦਗਾਰੀ ਚਿੰਨ੍ਹ ਦਿੱਤੇ ਗਏ, ਜੋ ਪਿਛਲੇ 10 ਸਾਲ ਜਾਂ ਉਸ ਤੋਂ ਵੱਧ ਸਮੇਂ ਤੋਂ ਕੰਪਨੀ ਨਾਲ ਜੁੜੇ ਹੋਏ ਹਨ। ਖਾਸ ਗੱਲ ਇਹ ਹੈ ਕਿ ਇਹ ਤੋਹਫ਼ੇ ਕਰਮਚਾਰੀ ਦੇ ਅਹੁਦੇ ਨੂੰ ਦੇਖ ਕੇ ਨਹੀਂ, ਸਗੋਂ ਉਨ੍ਹਾਂ ਦੇ ਕੰਪਨੀ ਪ੍ਰਤੀ ਵਫ਼ਾਦਾਰੀ ਅਤੇ ਕੰਮ ਦੇ ਸਾਲਾਂ ਦੇ ਅਧਾਰ 'ਤੇ ਦਿੱਤੇ ਗਏ ਹਨ।
ਕਿਸ ਨੂੰ ਮਿਲਿਆ ਕਿੰਨਾ ਸੋਨਾ?
ਇਹ ਤੋਹਫ਼ੇ 999 ਸ਼ੁੱਧ ਸੋਨੇ ਦੇ ਬਣੇ ਹੋਏ ਹਨ ਅਤੇ ਇਨ੍ਹਾਂ 'ਤੇ ਕੰਪਨੀ ਦਾ ਲੋਗੋ ਅਤੇ ਕਰਮਚਾਰੀ ਦਾ ਨਾਮ ਲਿਖਿਆ ਹੋਇਆ ਹੈ। ਸੋਨੇ ਦੀ ਵੰਡ ਕੁਝ ਇਸ ਤਰ੍ਹਾਂ ਕੀਤੀ ਗਈ:
• 10 ਤੋਂ 14 ਸਾਲ ਦੀ ਸੇਵਾ: 20 ਗ੍ਰਾਮ ਸੋਨੇ ਦਾ ਯਾਦਗਾਰੀ ਚਿੰਨ੍ਹ।
• 15 ਤੋਂ 19 ਸਾਲ ਦੀ ਸੇਵਾ: 25 ਗ੍ਰਾਮ ਸੋਨੇ ਦਾ ਯਾਦਗਾਰੀ ਚਿੰਨ੍ਹ।
• 20 ਸਾਲ ਜਾਂ ਵੱਧ ਦੀ ਸੇਵਾ: 30 ਗ੍ਰਾਮ ਸੋਨੇ ਦਾ ਮੈਡਲ।
ਛੋਟੇ ਜਿਹੇ ਸਟਾਲ ਤੋਂ ਬਣੀ ਕਰੋੜਾਂ ਦੀ ਕੰਪਨੀ
ਚਾਂਗ ਚੇਂਗ ਹੋਲਡਿੰਗਜ਼ ਦੀ ਸ਼ੁਰੂਆਤ 1994 ਵਿੱਚ ਇੱਕ ਛੋਟੀ ਜਿਹੀ ਸਬਜ਼ੀ-ਚਾਵਲ ਦੀ ਰੇਹੜੀ (ਸਟਾਲ) ਤੋਂ ਹੋਈ ਸੀ। ਪਿਛਲੇ 30 ਸਾਲਾਂ ਵਿੱਚ ਕੰਪਨੀ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਅੱਜ ਇਹ 160 ਰੈਸਟੋਰੈਂਟ ਅਤੇ 30 ਤੋਂ ਵੱਧ ਕੌਫੀ ਸ਼ਾਪ ਚਲਾ ਰਹੀ ਹੈ, ਜਿਸ ਵਿੱਚ 1,200 ਤੋਂ ਵੱਧ ਲੋਕ ਕੰਮ ਕਰਦੇ ਹਨ।
ਕਰੋੜਾਂ ਦਾ ਖਰਚਾ
ਸੋਨੇ ਦੀ ਕੀਮਤ ਦੇ ਅਧਾਰ 'ਤੇ ਅਨੁਮਾਨ ਲਗਾਇਆ ਗਿਆ ਹੈ ਕਿ ਕੰਪਨੀ ਨੇ ਇਨ੍ਹਾਂ ਤੋਹਫ਼ਿਆਂ 'ਤੇ ਲਗਭਗ 5 ਲੱਖ ਸਿੰਗਾਪੁਰੀ ਡਾਲਰ ਖਰਚ ਕੀਤੇ ਹਨ, ਜੋ ਭਾਰਤੀ ਕਰੰਸੀ ਵਿੱਚ ਲਗਭਗ 3.5 ਕਰੋੜ ਰੁਪਏ ਬਣਦੇ ਹਨ। ਕੰਪਨੀ ਦਾ ਇਹ ਕਦਮ ਦਰਸਾਉਂਦਾ ਹੈ ਕਿ ਜੇਕਰ ਕਰਮਚਾਰੀ ਵਫ਼ਾਦਾਰ ਹੋਣ, ਤਾਂ ਮਾਲਕ ਵੀ ਉਨ੍ਹਾਂ ਦੀ ਕਦਰ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ।
ਬੰਗਲਾਦੇਸ਼ ਚੋਣਾਂ ਨੂੰ ਸ਼ੇਖ ਹਸੀਨਾ ਨੇ ਦੱਸਿਆ 'ਗੈਰ-ਕਾਨੂੰਨੀ, ਰੱਖੀਆਂ 6 ਵੱਡੀਆਂ ਮੰਗਾਂ
NEXT STORY