ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)- ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ 2 ਅਕਤੂਬਰ 2019 ਤੱਕ ਦੇਸ਼ ਨੂੰ 'ਖੁੱਲ੍ਹੇ 'ਚ ਸ਼ੌਚ' ਤੋਂ ਪੂਰੀ ਤਰ੍ਹਾਂ ਮੁਕਤ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਜਿਵੇਂ-ਜਿਵੇਂ ਇਹ ਡੈੱਡਲਾਈਨ ਨੇੜੇ ਆ ਰਹੀ ਹੈ ਸੂਬੇ ਦੇ ਕੁਝ ਅਧਿਕਾਰੀ ਇਸ ਟੀਚੇ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਥਕੰਡੇ ਨੂੰ ਅਪਣਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਭਾਵੇਂ ਇਸ 'ਚ ਗਰੀਬਾਂ ਦਾ ਨੁਕਸਾਨ ਹੀ ਕਿਉਂ ਨਾ ਹੋ ਜਾਵੇ।
ਅਜਿਹਾ ਹੀ ਇਕ ਮਾਮਲਾ ਨੇੜਲੇ ਪਿੰਡ ਫਤਿਹਗੜ੍ਹ ਛੰਨਾ ਵਿਖੇ ਸਾਹਮਣੇ ਆਇਆ ਹੈ ਜਿੱਥੇ ਪਖਾਨੇ ਬਣਾਉਣ ਲਈ ਘਰ 'ਚ ਪੁੱਟੀ ਗਈ ਖੂਹੀ ਇਕ ਗਰੀਬ ਪਰਿਵਾਰ ਲਈ ਮੁਸੀਬਤ ਬਣ ਗਈ ਕਿਉਂਕਿ ਲੰਘੀ ਰਾਤ ਉਕਤ ਪਰਿਵਾਰ ਦੀ ਮੱਝ ਖੂਹੀ 'ਚ ਡਿੱਗ ਕੇ ਮਰ ਗਈ।
ਪੰਜਾਬ ਵਾਟਰ ਐਂਡ ਸੈਨੇਟਰੀ ਵਿਭਾਗ, ਜਿਸ ਦੇ ਜ਼ਿੰਮੇ ਗਰੀਬ ਲੋੜਵੰਦ ਪਰਿਵਾਰਾਂ ਨੂੰ ਸਵੱਛ ਭਾਰਤ ਮੁਹਿੰਮ ਤਹਿਤ ਘਰਾਂ 'ਚ ਪਖਾਨੇ ਬਣਾ ਕੇ ਦੇਣ ਦਾ ਕੰਮ ਹੈ, ਵੱਲੋਂ ਉਕਤ ਪਿੰਡ 'ਚ ਵੀ ਕੁਝ ਦਿਨਾਂ ਤੋਂ ਪਖਾਨੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਇਨ੍ਹਾਂ ਪਖਾਨਿਆਂ ਲਈ ਕੱਚੀਆਂ ਖੂਹੀਆਂ ਤਾਂ ਕਈ ਦਿਨਾਂ ਤੋਂ ਪੁੱਟੀਆਂ ਪਈਆਂ ਹਨ ਪਰ ਖੂਹੀਆਂ ਤੋਂ ਬਾਅਦ ਪਖਾਨਿਆਂ ਨੂੰ ਕੰਪਲੀਟ ਕਰਨ ਵਾਲੇ ਕੰਮ 'ਚ ਦੇਰੀ ਹੋਣ ਕਾਰਨ ਇਹ ਕੱਚੀਆਂ ਖੂਹੀਆਂ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਕਾਰਨ ਬਣ ਚੁੱਕੀਆਂ ਹਨ।
ਦੱਸਣਯੋਗ ਹੈ ਕਿ ਸਵੱਛ ਭਾਰਤ ਮੁਹਿੰਮ ਤਹਿਤ ਬਣ ਰਹੇ ਇਨ੍ਹਾਂ ਪਖਾਨਿਆਂ ਲਈ ਇਕ ਕੱਚੀ ਖੂਹੀ ਪੁੱਟੀ ਜਾਂਦੀ ਹੈ ਫਿਰ ਉਸ ਦੇ ਚਬੂਤਰੇ ਤੱਕ ਦੇ ਨਿਰਮਾਣ ਲਈ 500 ਇੱਟਾਂ, 2 ਬੋਰੀਆਂ ਸੀਮੈਂਟ ਦੀਆਂ, ਇਕ ਪਖਾਨਾ ਸੀਟ ਸਮੇਤ ਹੋਰ ਜ਼ਰੂਰੀ ਸਾਮਾਨ ਲਾਇਆ ਜਾਂਦਾ ਹੈ। ਪਖਾਨੇ ਲਈ ਪੁੱਟੀ ਗਈ ਖੂਹੀ ਨੂੰ ਢੱਕਣਾ ਵੀ ਜ਼ਰੂਰੀ ਹੁੰਦਾ ਹੈ ਤਾਂ ਜੋ ਕੋਈ ਹਾਦਸਾ ਨਾ ਵਾਪਰ ਜਾਵੇ। ਉਕਤ ਪਿੰਡ 'ਚ ਵਿਭਾਗ ਵੱਲੋਂ ਖੂਹੀਆਂ ਤਾਂ ਪੁੱਟਾ ਦਿੱਤੀਆਂ ਗਈਆਂ ਪਰ ਉਨ੍ਹਾਂ ਨੂੰ ਨੇਪਰੇ ਚੜ੍ਹਾਉਣ 'ਚ ਕੀਤੀ ਦੇਰੀ ਦਾ ਹਰਜਾਨਾ ਗਰੀਬ ਪਰਿਵਾਰ ਨੂੰ ਭੁਗਤਣਾ ਪਿਆ। ਪੀੜਤ ਪਰਿਵਾਰ ਦੇ ਮੁਖੀ ਜਗਦੀਸ਼ ਸਿੰਘ ਨੇ ਦੱਸਿਆ ਕਿ ਰਾਤ ਨੂੰ 11 ਵਜੇ ਉਨ੍ਹਾਂ ਦੀ ਮੱਝ ਖੁੱਲ੍ਹ ਕੇ ਪੁੱਟੀ ਹੋਈ ਖੂਹੀ 'ਚ ਜਾ ਡਿੱਗੀ ਅਤੇ 2 ਵਜੇ ਬਹੁਤ ਜੱਦੋ ਜਹਿਦ ਨਾਲ ਉਸਨੂੰ ਖੂਹੀ 'ਚੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਖੂਹੀ ਕਾਰਨ ਉਨ੍ਹਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ।
ਕੀ ਕਹਿਣਾ ਹੈ ਜੇ. ਈ. ਦਾ
ਜਦੋਂ ਇਸ ਸਬੰਧੀ ਵਿਭਾਗ ਦੇ ਜੇ.ਈ. ਸੰਜੀਵ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ 'ਚੋਂ ਜਿਨ੍ਹਾਂ ਲੋੜਵੰਦਾਂ ਨੇ ਪਖਾਨੇ ਬਣਾਉਣ ਲਈ ਅਪਲਾਈ ਕੀਤਾ ਸੀ, ਉਨ੍ਹਾਂ ਨੂੰ ਪਖਾਨੇ ਲਈ ਖੂਹੀ ਪੁੱਟਣ ਤੋਂ ਬਾਅਦ 5000 ਰੁ. ਵਿਭਾਗ ਵੱਲੋਂ ਦਿੱਤੇ ਗਏ ਸਨ ਅਤੇ ਬਾਕੀ 2 ਕਿਸ਼ਤਾਂ 'ਚ 5000-5000 ਰੁ. ਹੋਰ ਦੇਣੇ ਹੁੰਦੇ ਹਨ ਪਰ ਦੂਜੀ ਕਿਸ਼ਤ ਖੂਹੀ ਨੂੰ ਪੱਕੀ ਕਰਨ ਤੋਂ ਬਾਅਦ ਅਤੇ ਤੀਜੀ ਕਿਸ਼ਤ ਪਖਾਨਾ ਕੰਪਲੀਟ ਹੋਣ 'ਤੇ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਖਾਨੇ ਲੋੜਵੰਦ ਵਿਅਕਤੀਆਂ ਨੇ ਆਪ ਤਿਆਰ ਕਰਵਾਉਣੇ ਹੁੰਦੇ ਹਨ, ਵਿਭਾਗ ਨੇ ਤਾਂ ਪੇਮੈਂਟ ਕਰਨੀ ਹੁੰਦੀ ਹੈ।
ਫੌਜ 'ਚ ਭਰਤੀ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਖਿਲਾਫ਼ ਕੇਸ ਦਰਜ
NEXT STORY