ਬਠਿੰਡਾ, (ਸੁਖਵਿੰਦਰ)- ਚੋਰ ਇਕ ਦਿਨ 'ਚ ਮਹਾਨਗਰ ਦੇ 3 ਘਰਾਂ 'ਚੋਂ ਸੋਨੇ-ਚਾਂਦੀ ਦੇ ਗਹਿਣੇ, ਵਾਹਨ ਅਤੇ ਇਕ ਸਰਕਾਰੀ ਸਕੂਲ 'ਚੋਂ ਮਿੱਡ-ਡੇ ਮੀਲ ਸਮੇਤ 1.60 ਲੱਖ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਪੁਲਸ ਨੇ ਹਰ ਵਾਰ ਦੀ ਤਰ੍ਹਾਂ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਹਮੀਰਗੜ੍ਹ ਦੇ ਸਰਕਾਰੀ ਸਕੂਲ ਦੇ ਪਿੰ੍ਰਸੀਪਲ ਲਛਮਣ ਸਿੰਘ ਨੇ ਥਾਣਾ ਦਿਆਲਪੁਰਾ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 21 ਜੂਨ ਦੀ ਰਾਤ ਨੂੰ ਚੋਰ ਸਕੂਲ ਦੇ ਕਮਰਿਆਂ ਦਾ ਤਾਲਾ ਤੋੜ ਕੇ ਸਕੂਲ 'ਚੋਂ 1 ਸਿਲੰਡਰ, 3 ਐੱਲ. ਈ. ਡੀ., ਗੈਸ ਭੱਠੀ, 3 ਕੀ-ਬੋਰਡ, 8 ਬੈਟਰੀਆਂ, ਮਿੱਡ-ਡੇ ਮੀਲ ਦਾ ਰਾਸ਼ਨ ਅਤੇ ਡੀਜ਼ਲ ਚੋਰੀ ਕਰ ਕੇ ਲੈ ਗਏ। ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਸਕੂਲ ਪਹੁੰਚੇ ਤਾਂ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਉਕਤ ਸਾਮਾਨ ਦੀ ਕੀਮਤ ਲਗਭਗ 1.60 ਲੱਖ ਰੁਪਏ ਦੇ ਕਰੀਬ ਹੈ।
ਇਕ ਹੋਰ ਮਾਮਲੇ ਵਿਚ ਪ੍ਰਮੇਸ਼ਵਰੀ ਦੇਵੀ ਵਾਸੀ ਬੱਲੂਆਣਾ ਨੇ ਸਦਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕੇ ਬੀਤੀ ਰਾਤ ਅਣਪਛਾਤਾ ਵਿਅਕਤੀ ਉਸ ਦੇ ਘਰ ਦਾਖਲ ਹੋ ਕੇ ਉਸ ਦੇ ਘਰ ਦੀ ਅਲਮਾਰੀ 'ਚੋਂ 3 ਤੋਲੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਕੇ ਲੈ ਗਿਆ। ਇਸ ਤੋਂ ਇਲਾਵਾ ਸਿਵਲ ਲਾਈਨ ਪੁਲਸ ਨੇ ਹਿੰਮਤ ਸਿੰਘ ਵਾਸੀ ਸਿਵਲ ਲਾਈਨ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਉਸ ਨੇ ਦੱਸਿਆ ਕਿ ਬੀਤੀ 14 ਜੁਲਾਈ ਦੀ ਰਾਤ ਨੂੰ ਚੋਰ ਉਸ ਦੇ ਘਰ ਦੀ ਕੰਧ ਟੱਪ ਦੇ ਘਰੋਂ ਫੋਲਡਿੰਗ ਬੈੱਡ, ਕੂਲਰ ਆਦਿ ਸਾਮਾਨ ਚੋਰੀ ਕਰ ਕੇ ਲੈ ਗਏ, ਜਿਸ ਦੀ ਕੀਮਤ ਲਗਭਗ 7 ਹਜ਼ਾਰ ਰੁਪਏ ਹੈ। ਇਸ ਤੋਂ ਇਲਾਵਾ ਰਾਜਵੀਰ ਬਾਗੜੀਆ ਵਾਸੀ ਡੋਸਾ ਰਾਜਸਥਾਨ ਨੇ ਫੂਲ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਫੂਲ ਦੀ ਦਾਣਾ ਮੰਡੀ ਨਜ਼ਦੀਕ ਰਹਿੰਦਾ ਹੈ। ਬੀਤੀ ਰਾਤ ਚੋਰ ਉਸ ਦੇ ਘਰੋਂ ਇਕ ਪਰਸ ਅਤੇ ਮੋਟਰਸਾਈਕਲ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਪਰਸ ਵਿਚ ਉਸ ਦੇ ਲਗਭਗ 10-12 ਹਜ਼ਾਰ ਰੁਪਏ ਮੌਜੂਦ ਸਨ। ਪੁਲਸ ਨੇ ਸਾਰੇ ਮਾਮਲਿਆਂ 'ਚ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਹਿਲਾਂ ਦੀਆਂ ਚੋਰੀਆਂ ਦਾ ਨਹੀਂ ਮਿਲਿਆ ਸੁਰਾਗ
ਮਹਾਨਗਰ 'ਚ ਦਿਨੋ-ਦਿਨ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਅਤੇ ਚੋਰ ਪੁਲਸ ਦੀ ਪਕੜ ਤੋਂ ਅਜੇ ਕੋਹਾਂ ਦੂਰ ਹਨ। ਭਾਵੇਂ ਕਿ ਪੁਲਸ ਵੱਲੋਂ ਰਾਤ ਸਮੇਂ ਦੀ ਗਸ਼ਤ ਵੀ ਵਧਾਈ ਹੋਈ ਹੈ। ਇਸ ਤੋਂ ਇਲਾਵਾ ਮਹਾਨਗਰ ਵਿਚ ਜਗ੍ਹਾ-ਜਗ੍ਹਾ ਬਣਾਈਆਂ ਨਵੀਆਂ ਚੈੱਕ ਪੋਸਟਾਂ ਅਤੇ ਪੀ. ਸੀ. ਆਰ. ਅਤੇ ਹੋਰ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ ਪਰ ਫਿਰ ਵੀ ਚੋਰ ਪੁਲਸ ਨੂੰ ਚਕਮਾ ਦੇਣ ਵਿਚ ਕਾਮਯਾਬ ਹੋ ਰਹੇ ਹਨ। ਪਹਿਲਾਂ ਹੋਈਆਂ ਚੋਰੀਆਂ ਦਾ ਸੁਰਾਗ ਨਾ ਮਿਲਣ ਕਾਰਨ ਚੋਰਾਂ ਦੇ ਹੌਸਲੇ ਵੀ ਬੁਲੰਦ ਹਨ ਅਤੇ ਉਹ ਘਰਾਂ 'ਚੋਂ ਵਾਹਨ, ਗਹਿਣੇ, ਸਾਮਾਨ ਤੋਂ ਇਲਾਵਾ ਸਕੂਲਾਂ 'ਚੋਂ ਰਾਸ਼ਨ ਵੀ ਚੋਰੀ ਕਰ ਰਹੇ ਹਨ।
ਕਾਰ ਦੀ ਟੱਕਰ ਨਾਲ ਰੇਹੜੀ ਪਲਟੀ, 2 ਜ਼ਖਮੀ
NEXT STORY