ਤਰਨਤਾਰਨ - ਖਡੂਰ ਸਾਹਿਬ ਤੋਂ ਕਾਂਗਰਸ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਪੁਲਸ ਨੂੰ ਸਟੇਜ 'ਤੇ ਨਸੀਅਤ ਦੇਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਕਾਲੀ ਦਲ ਵੀ ਪਿੱਛੇ ਨਹੀਂ ਰਿਹਾ ਹੈ। ਤਰਨਤਾਰਨ 'ਚ 12 ਜੂਨ ਨੂੰ ਡੀ. ਸੀ.. ਦਫਤਰ ਦੇ ਬਾਹਰ ਧਰਨੇ ਨੂੰ ਸੰਬੋਧਿਤ ਕਰਦੇ ਹੋਏ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੇ ਤਰਨਤਾਰਨ ਦੇ ਡੀ. ਸੀ. ਨੂੰ ਕਥਿਤ ਤੌਰ 'ਤੇ ਅਪਸ਼ਬਦ ਕਹਿਣ ਅਤੇ ਪੁਲਸ ਪ੍ਰਸ਼ਾਸਨ ਨੂੰ ਸੁਧਰ ਜਾਣ ਦੀ ਧਮਕੀ ਦੇਣ ਦੀ ਵੀਡੀਓ ਵਾਇਰਲ ਹੋ ਗਈ ਹੈ।
ਦੂਜੇ ਪਾਸੇ ਜਦੋਂ ਵਲਟੋਹਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਹ ਮੰਨਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਦੀ ਸ਼ਹਿ 'ਤੇ ਜੋ ਨੇਤਾਵਾਂ ਅਤੇ ਵਰਕਰਾਂ ਨਾਲ ਜ਼ਿਲੇ ਦੇ ਡੀ. ਸੀ. ਅਤੇ ਪੁਲਸ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਸ ਦੀ ਅਸਲੀਅਤ ਹੀ ਉਨ੍ਹਾਂ ਨੇ ਲੋਕਾਂ ਦੇ ਸਾਹਮਣੇ ਲਿਆਂਦੀ ਹੈ। ਉਨ੍ਹਾਂ ਨੇ ਸੱਚ ਹੀ ਕਿਹਾ ਹੈ, ਕੁਝ ਗਲਤ ਨਹੀਂ ਕਿਹਾ।
ਇਹ ਹੈ ਮਾਮਲਾ
12 ਜੂਨ ਨੂੰ ਅਕਾਲੀ ਆਗੂਆਂ ਨੇ ਸੂਬੇ ਭਰ 'ਚ ਡੀ. ਸੀ. ਦਫਤਰਾਂ ਬਾਹਰ ਕਾਂਗਰਸ ਸਰਕਾਰ ਖਿਲਾਫ ਰੋਸ ਧਰਨੇ ਦਿੱਤੇ ਸਨ। ਤਰਨਤਾਰਨ 'ਚ ਧਰਨੇ 'ਤੇ ਹਲਕਾ ਖੇਮਕਰਣ ਤੋਂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਤਰਨਤਾਰਨ ਤੋਂ ਅਕਾਲੀ ਦੱਲ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ, ਸੰਸਦ ਰਣਜੀਤ ਸਿੰਘ ਬ੍ਰਹਮਪੁਰਾ, ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਆਦਿ ਨੇਤਾ ਸ਼ਾਮਲ ਹੋਏ ਸਨ। ਉਸੇ ਦਿਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਵੀਡੀਓ 'ਚ ਕਥਿਤ ਤੌਰ 'ਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਕਹਿ ਰਹੇ ਹਨ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਉਹ ਜ਼ਿਲੇ ਦੇ ਡੀ. ਸੀ. ਦੀਆਂ ਗਲਤੀਆਂ ਨੂੰ ਨੋਟ ਕਰ ਰਹੇ ਹਨ ਪਰ ਅੱਗੇ ਤੋਂ ਅਜਿਹਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਖਰ 'ਚ ਉਨ੍ਹਾਂ ਨੇ ਕਿਹਾ ਕਿ ਡੀ. ਸੀ. ਸਾਹਿਬ ਮੈਨੂੰ ਪਤਾ ਹੈ ਕਿ ਤੁਸੀਂ...ਵੀ ਬਹੁਤ ਜਲਦ ਜਾਂਦੇ ਹੋ। ਵਲਟੋਹਾ ਦੇ ਅਜਿਹੇ ਬੋਲਾਂ 'ਤੇ ਪੰਡਾਲ 'ਚ ਬੈਠੇ ਅਕਾਲੀ ਆਗੂ ਅਤੇ ਵਰਕਰ ਹੱਸਣ ਲੱਗ ਗਏ।
ਇਸ ਸਬੰਧੀ ਜਦੋਂ ਜ਼ਿਲੇ ਦੇ ਡੀ.ਸੀ. ਡੀ.ਪੀ.ਐਸ. ਖਰਬੰਦਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਕਤ ਵਾਇਰਲ ਹੋਈ ਵੀਡੀਓ ਦੀ ਕੋਈ ਜਾਣਕਾਰੀ ਉਨ੍ਹਾਂ ਕੋਲ ਨਹੀਂ ਪਹੁੰਚੀ। ਰਹੀ ਗੱਲ ਉਨ੍ਹਾਂ ਦੇ ਕੰਮ ਦੀ ਤਾਂ ਉਹ ਲੀਗਲ ਹੀ ਕਰਦੇ ਹਨ। ਇਸ ਸਬੰਧੀ ਦੋਂ ਐਸ. ਐਸ. ਪੀ ਹਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਵੀਡੀਓ ਦੇਖਣਗੇ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕਰਨਗੇ।
ਅੰਮ੍ਰਿਤਸਰ 'ਚ ਇਸ ਤਰ੍ਹਾਂ ਮਨਾਇਆ ਗਿਆ ਰਾਹੁਲ ਗਾਂਧੀ ਦਾ ਜਨਮਦਿਨ
NEXT STORY