ਝਬਾਲ/ਬੀਡ਼ ਸਾਹਿਬ, (ਲਾਲੂਘੁੰਮਣ, ਬਖਤਾਵਰ)- ਪਿੰਡ ਸੋਹਲ ਸਥਿਤ ਘਰਾਂ ਦੀ ਸਾਂਝੀ ਗਲੀ ਦੇ ਰਸਤੇ ’ਚ ਰੰਜਿਸ਼ਬਾਜ਼ੀ ਤਹਿਤ ਗੁਆਂਢੀ ਵੱਲੋਂ ਬੰਨ੍ਹ ਮਾਰ ਕੇੇ ਘਰ ਅੱਗੇ ਗੰਦਾ ਪਾਣੀ ਖਡ਼੍ਹਾ ਕਰ ਕੇ ਰਸਤਾ ਬੰਦ ਕਰਨ ਦੇ ਇਕ ਔਰਤ ਨੇ ਦੋਸ਼ ਲਾਉਂਦਿਆਂ ਉਕਤ ਵਿਅਕਤੀ ਵਿਰੁੱਧ ਪੁਲਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਜਾਣਕਾਰੀ ਦਿੰਦਿਆਂ ਕੁਲਬੀਰ ਕੌਰ ਪਤਨੀ ਗੁਰਸਾਹਬ ਸਿੰਘ ਵਾਸੀ ਪਿੰਡ ਸੋਹਲ ਨੇ ਨਿਕਾਸੀ ਨਾ ਹੋਣ ਕਾਰਨ ਗਲੀ ’ਚ ਖਡ਼੍ਹਾ ਬਰਸਾਤ ਦਾ ਗੰਦਾ ਪਾਣੀ ਵਿਖਾਉਂਦਿਆਂ ਦੱਸਿਆ ਕਿ 11 ਫੁੱਟ ਚੌਡ਼ਾਈ ਵਾਲੀ ਇਹ ਗਲੀ ਪਿੰਡ ਦੀ ਫਿਰਨੀ ਨਾਲ ਜੁਡ਼ਦੀ ਹੈ। ਦੂਜੀਆਂ ਗਲੀਆਂ ਵਾਂਗ ਇਸ ਗਲੀ ’ਚ ਘਰਾਂ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਾਲਾ ਨਾ ਹੋਣ ਕਰ ਕੇ ਗੰਦਾ ਪਾਣੀ ਉਸਦੇ ਘਰ ਅੱਗੇ ਇਸ ਕਰ ਕੇ ਖਡ਼੍ਹਾ ਹੋ ਜਾਂਦਾ ਹੈ ਕਿਉਂਕਿ ਉਸਦੇ ਗੁਆਂਢੀ ਗੁਰਵਿੰਦਰ ਸਿੰਘ ਨਾਮੀ ਵਿਅਕਤੀ ਵੱਲੋਂ ਆਪਣੇ ਘਰ ਦੇ ਨਜ਼ਦੀਕ ਗਲੀ ’ਚ ਬੰਨ੍ਹ ਲਾ ਦਿੱਤਾ ਜਾਂਦਾ ਹੈ, ਜਿਸ ਕਰ ਕੇ ਹਰ ਵਾਰ ਦੀ ਤਰ੍ਹਾਂ ਗੰਦੇ ਪਾਣੀ ਦਾ ਛੱਪਡ਼ ਉਸਦੇ ਘਰ ਅੱਗੇ ਲੱਗ ਗਿਆ ਹੈ। ਉਸ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਉਨ੍ਹਾਂ ਨਾਲ ਪੁਰਾਣੀ ਰੰਜਿਸ਼ ਰੱਖਦਾ ਹੈ, ਜਿਸ ਕਰ ਕੇ ਉਸ ਵੱਲੋਂ ਜਾਣ-ਬੁੱਝ ਕੇ ਗਲੀ ’ਚ ਬੰਨ੍ਹ ਮਾਰ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਰਸਤਾ ਬੰਦ ਕੀਤਾ ਹੋਇਆ ਹੈ। ਅੌਰਤ ਨੇ ਦੱਸਿਆ ਕਿ ਉਸ ਵੱਲੋਂ ਇਸ ਸਬੰਧੀ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਣ ਤੋਂ ਇਲਾਵਾ ਐੱਸ. ਐੱਸ. ਪੀ. ਤਰਨਤਾਰਨ ਦਰਸ਼ਨ ਸਿੰਘ ਮਾਨ ਅਤੇ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੂੰ ਵੀ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਕਾਂਗਰਸੀ ਪਰਿਵਾਰ ਹੋਣ ਦੇ ਬਾਵਜੂਦ ਉਨ੍ਹਾਂ ਦੀ ਸਮੱਸਿਆ ਹੱਲ ਨਹੀਂ ਹੋ ਰਹੀ ਹੈ।
ਕੀ ਕਹਿਣੈ ਦੂਜੀ ਧਿਰ ਦੇ ਗੁਰਵਿੰਦਰ ਸਿੰਘ ਦਾ
ਓਧਰ ਦੂਜੀ ਧਿਰ ਦੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਿਸ ਜਗ੍ਹਾ ਉਪਰ ਪਾਣੀ ਖਡ਼੍ਹਾ ਹੈ, ਉਹ ਸਰਕਾਰੀ ਗਲੀ ਹੈ ਅਤੇ ਇਸ ਪਾਣੀ ਦੇ ਨਿਕਾਸ ਲਈ ਗ੍ਰਾਮ ਪੰਚਾਇਤ ਨੂੰ ਲੋਡ਼ੀਂਦੇ ਪ੍ਰਬੰਧ ਕਰਨੇ ਚਾਹੀਦੇ ਹਨ। ਉਸਨੇ ਦੱਸਿਆ ਕਿ ਜਿੱਥੇ ਉਸ ਵੱਲੋਂ ਬੰਨ੍ਹ ਲਾਇਆ ਗਿਆ ਹੈ, ਉਹ ਉਸਦੀ ਨਿੱਜੀ ਜਗ੍ਹਾ ਹੈ ਕਿਉਂਕਿ ਉਕਤ ਜਗ੍ਹਾ ਤੱਕ ਹੀ ਸਰਕਾਰੀ ਗਲੀ ਆਂਉਦੀ ਹੈ। ਅੱਗੇ ਉਸ ਵੱਲੋਂ ਆਪਣੀ ਵਰਤੋਂ ਲਈ 11 ਫੁੱਟ ਚੌਡ਼ੀ ਜਗ੍ਹਾ ਆਪਣੇ ਘਰ ਦੇ ਲਾਂਘੇ ਲਈ ਛੱਡੀ ਗਈ ਹੈ ਅਤੇ ਇਸ ਜਗ੍ਹਾ ਦੇ ਉਸ ਕੋਲ ਕਾਗਜ਼ਾਤ ਵੀ ਮੌਜੂਦ ਹਨ। ਉਸਨੇ ਉਕਤ ਅੌਰਤ ਵੱਲੋਂ ਉਨ੍ਹਾਂ ਵਿਰੁੱਧ ਝੂਠੀਆਂ ਦਰਖਾਸਤਾਂ ਦੇ ਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਕਈ ਸਾਲਾਂ ਤੋਂ ਉਕਤ ਅੌਰਤ ਵੱਲੋਂ ਅਜਿਹੇ ਬਹਾਨੇ ਬਣਾ ਕੇ ਉਨ੍ਹਾਂ ਵਿਰੁੱਧ ਥਾਣਿਆਂ, ਕਚਹਿਰੀਆਂ ’ਚ ਝੂਠੇ ਕੇਸ ਦਰਜ ਕਰਵਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਆ ਰਿਹਾ ਹੈ। ਗੁਰਵਿੰਦਰ ਸਿੰਘ ਨੇ ਕਿਹਾ ਕਿ ਉਸ ਵੱਲੋਂ ਵੀ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਧਿਆਨ ’ਚ ਇਹ ਮਾਮਲਾ ਲਿਆਂਦਾ ਗਿਆ ਹੈ।
ਕਣਕ ਨਾ ਮਿਲਣ ਕਾਰਨ ਲੋਕਾਂ ਨੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
NEXT STORY