ਮੋਗਾ, (ਆਜ਼ਾਦ)- ਮੋਗਾ ਦੇ ਨਿਊ ਟਾਊਨ ਨੰਬਰ-2 'ਚ ਸਥਿਤ ਆਰੀਆ ਮਾਡਲ ਸਕੂਲ ਦੀ ਮੈਨੇਜਮੈਂਟ ਅਤੇ ਸਕੂਲ ਅਧਿਆਪਕਾਂ ਤੋਂ ਤੰਗ ਆ ਕੇ ਪ੍ਰੇਮ ਨਗਰ ਮੋਗਾ ਨਿਵਾਸੀ ਰਾਜੀਵ ਕੁਮਾਰ ਵੱਲੋਂ ਆਪਣੀ ਦੁਕਾਨ 'ਤੇ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਗੰਭੀਰ ਹਾਲਤ 'ਚ ਪਰਿਵਾਰਕ ਮੈਂਬਰਾਂ ਵੱਲੋਂ ਦੱਤ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ।
ਕੀ ਹੈ ਸਾਰਾ ਮਾਮਲਾ
ਰਾਜੀਵ ਕੁਮਾਰ ਨੇ ਦੱਸਿਆ ਕਿ ਮੈਂ ਪੇਰੈਂਟਸ ਐਸੋਸੀਏਸ਼ਨ ਦਾ ਮੈਂਬਰ ਹਾਂ, ਮੇਰਾ ਲੜਕਾ ਅਤੇ ਬੇਟੀ ਆਰੀਆ ਮਾਡਲ ਸਕੂਲ 'ਚ ਪੜ੍ਹਦੇ ਸਨ। ਅਸੀਂ ਐਸੋਸੀਏਸ਼ਨ ਵੱਲੋਂ ਸਕੂਲ ਦੀਆਂ ਮਨਮਾਨੀਆਂ ਖਿਲਾਫ ਕਮਿਸ਼ਨਰ ਫਿਰੋਜ਼ਪੁਰ ਨੂੰ ਸ਼ਿਕਾਇਤ ਪੱਤਰ ਦੇ ਕੇ ਦੋਸ਼ ਲਾਏ ਸੀ ਕਿ ਸਕੂਲ ਪ੍ਰਬੰਧਕ ਮਨਮਾਨੀਆਂ ਕਰਨ ਤੋਂ ਇਲਾਵਾ ਵੱਧ ਫੀਸ ਵਸੂਲ ਰਹੇਆਂ ਹਨ। ਉਕਤ ਮਾਮਲੇ ਦੀ ਜਾਂਚ ਮਾਣਯੋਗ ਡਵੀਜ਼ਨਲ ਕਮਿਸ਼ਨਰ ਵੱਲੋਂ ਕਰਵਾਈ ਜਾ ਰਹੀ ਹੈ।
ਸਕੂਲ ਪ੍ਰਬੰਧਕਾਂ ਨੂੰ ਡਰ ਸੀ ਕਿ ਉਹ ਉਕਤ ਮਾਮਲੇ 'ਚ ਫਸ ਸਕਦੇ ਹਨ ਕਿਉਂਕਿ ਇਸ ਤੋਂ ਪਹਿਲਾਂ 21 ਜੂਨ ਅਤੇ 27 ਜੁਲਾਈ ਵਿਚਕਾਰ ਵੀ ਜ਼ਿਲਾ ਸਿੱਖਿਆ ਅਧਿਕਾਰੀ ਪ੍ਰਗਟ ਸਿੰਘ ਬਰਾੜ ਵੱਲੋਂ ਵੀ ਜਾਂਚ ਕੀਤੀ ਗਈ ਸੀ, ਜੋ ਸਕੂਲ ਬੱਚਿਆਂ ਦੇ ਪੱਖ 'ਚ ਸੀ। ਹੁਣ ਪ੍ਰਬੰਧਕ ਮੇਰੇ ਅਤੇ ਮੇਰੇ ਸਾਥੀਆਂ 'ਤੇ ਦਬਾਅ ਪਾ ਰਹੇ ਹਨ ਕਿ ਉਹ ਉਕਤ ਸ਼ਿਕਾਇਤਾਂ ਵਾਪਸ ਲਵੇ। ਇਨ੍ਹਾਂ ਸ਼ਿਕਾਇਤਾਂ ਨੂੰ ਲੈ ਕੇ ਸਕੂਲ ਪ੍ਰਸ਼ਾਸਨ ਮੈਨੂੰ ਅਤੇ ਮੇਰੇ ਸਾਥੀ ਮੈਂਬਰ ਵਿਕਰਮਜੀਤ ਸਿੰਘ ਨਿਵਾਸੀ ਪੁਰਾਣਾ ਮੋਗਾ, ਜਿਸ ਦੇ ਬੱਚੇ ਵੀ ਉਕਤ ਸਕੂਲ 'ਚ ਪੜ੍ਹਦੇ ਹਨ, ਨੂੰ ਤੰਗ-ਪ੍ਰੇਸ਼ਾਨ ਕਰਨ ਲੱਗੇ ਅਤੇ ਸਾਡੇ ਖਿਲਾਫ ਝੂਠੀ ਸ਼ਿਕਾਇਤ ਥਾਣਾ ਸਿਟੀ ਸਾਊਥ ਵਿਖੇ ਦਰਜ ਕਰਵਾਈ ਗਈ।
ਉਸ ਨੇ ਇਹ ਵੀ ਦੋਸ਼ ਲਾਇਆ ਕਿ ਮੈਨੂੰ ਅਤੇ ਮੇਰੇ ਸਾਥੀ ਨੂੰ ਪੁਲਸ ਨੇ ਫੜਿਆ ਅਤੇ ਕਥਿਤ ਤੌਰ 'ਤੇ ਕੁੱਟਮਾਰ ਕਰ ਕੇ ਦਬਾਅ ਪਾਇਆ ਅਤੇ ਜ਼ਬਰਦਸਤੀ ਕਈ ਕਾਗਜ਼ਾਂ 'ਤੇ ਹਸਤਾਖਰ ਕਰਵਾਏ, ਮੈਂ ਆਖਿਰ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਫੈਸਲਾ ਲਿਆ।
ਇਸ ਸਬੰਧੀ ਪੰਜਾਬ ਪੇਰੈਂਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਸਵਰਨ ਸਿੰਘ ਲੁਧਿਆਣਾ, ਗੁਰਵਿੰਦਰ ਸਿੰਘ ਬਠਿੰਡਾ, ਪਵਨ ਕੁਮਾਰ ਫਰੀਦਕੋਟ ਤੋਂ ਇਲਾਵਾ ਜ਼ਿਲਾ ਮੋਗਾ ਪੇਰੈਂਟਸ ਐਸੋਸੀਏਸ਼ਨ ਦੇ ਪੈਟਰਨ ਮਹਿੰਦਰ ਪਾਲ ਲੂੰਬਾ, ਪ੍ਰਧਾਨ ਰਜਿੰਦਰ ਸਿੰਘ ਖੋਸਾ, ਸਰਪੰਚ ਹਰਭਜਨ ਸਿੰਘ ਬਹੋਨਾ ਆਦਿ ਨੇ ਇਸ ਮਾਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਕੀ ਕਹਿਣਾ ਹੈ ਪ੍ਰਿੰਸੀਪਲ ਦਾ
ਜਦੋਂ ਇਸ ਸਬੰਧੀ ਆਰੀਆ ਮਾਡਲ ਸਕੂਲ ਦੀ ਪ੍ਰਿੰਸੀਪਲ ਸਮੀਕਸ਼ਾ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ ਰਾਜੀਵ ਕੁਮਾਰ ਵੱਲੋਂ ਲਾਏ ਗਏ ਹਨ, ਉਹ ਬੇ-ਬੁਨਿਆਦ ਹਨ। ਉਨ੍ਹਾਂ ਕਿਹਾ ਕਿ ਮੈਂ ਜੁਲਾਈ 2017 ਨੂੰ ਪ੍ਰਿੰਸੀਪਲ ਵਜੋਂ ਜੁਆਇਨ ਕੀਤਾ ਸੀ। ਉਸ ਨੇ ਦੋਸ਼ ਲਾਇਆ ਕਿ ਰਾਜੀਵ ਕੁਮਾਰ ਅਧਿਆਪਕਾਂ ਨਾਲ ਆਉਂਦੇ-ਜਾਂਦੇ ਸਮੇਂ ਸਕੂਲ ਸਬੰਧੀ ਗੱਲਬਾਤ ਕਰਦਾ ਰਹਿੰਦਾ ਸੀ ਅਤੇ ਉਸ ਦਾ ਪਿੱਛਾ ਵੀ ਕਰਦਾ ਸੀ ਤੇ ਫੀਸਾਂ ਅਤੇ ਜੁਰਮਾਨੇ ਸਬੰਧੀ ਪੁੱਛਦਾ ਰਹਿੰਦਾ ਸੀ। ਇਸ ਗੱਲ ਨੂੰ ਲੈ ਕੇ ਅਸੀਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੇ ਸੀ। ਅਸੀਂ ਕਈ ਵਾਰ ਉਸ ਨੂੰ ਅਤੇ ਐਸੋਸੀਏਸ਼ਨ ਦੇ ਕੁਝ ਮੈਂਬਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਅਸੀਂ ਬੀਤੀ 15 ਸਤੰਬਰ ਨੂੰ ਥਾਣਾ ਸਿਟੀ ਮੋਗਾ 'ਚ ਸ਼ਿਕਾਇਤ ਦਰਜ ਕਰਵਾਈ ਕਿ ਸਾਨੂੰ ਇਸ ਤੋਂ ਖਤਰਾ ਹੈ, ਜਿਸ 'ਤੇ ਪੁਲਸ ਨੇ ਕਾਰਵਾਈ ਕੀਤੀ।
ਇਸ ਸਬੰਧੀ ਜਦੋਂ ਥਾਣਾ ਸਿਟੀ ਸਾਊਥ ਦੇ ਇੰਚਾਰਜ ਇੰਸਪੈਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਆਰੀਆ ਮਾਡਲ ਸਕੂਲ ਪ੍ਰਬੰਧਕਾਂ ਅਤੇ ਸਕੂਲ ਪ੍ਰਿੰਸੀਪਲ ਤੇ ਅਧਿਆਪਕਾਵਾਂ ਵੱਲੋਂ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਰਾਜੀਵ ਕੁਮਾਰ ਅਤੇ ਹੋਰਨਾਂ ਖਿਲਾਫ ਸ਼ਿਕਾਇਤ ਪੱਤਰ ਦਿੱਤਾ ਗਿਆ ਸੀ। ਕੌਂਸਲਰ ਪ੍ਰੇਮ ਚੰਦ ਨੇ ਉਕਤ ਮਾਮਲੇ ਦਾ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਵਾਇਆ, ਜੋ ਲਿਖਤੀ ਸਮਝੌਤਾ ਸਾਡੇ ਕੋਲ ਹੈ, ਜੋ ਦੋਸ਼ ਰਾਜੀਵ ਕੁਮਾਰ ਤੇ ਉਸਦੇ ਸਾਥੀ ਵੱਲੋਂ ਪੁਲਸ 'ਤੇ ਕੁੱਟਮਾਰ ਕਰਨ ਦੇ ਲਾਏ ਗਏ ਹਨ, ਉਹ ਝੂਠੇ ਹਨ।
ਲੜਾਈ-ਝਗੜੇ ਦੇ ਦੋਸ਼ੀ ਜੇਲ ਭੇਜੇ
NEXT STORY