ਲੁਧਿਆਣਾ (ਰਾਜ) : ਬਾਬਾ ਥਾਨ ਸਿੰਘ ਚੌਂਕ ਸਥਿਤ ਇੱਕ ਮਸ਼ਹੂਰ ਜਿਊਲਰੀ ਦੀ ਦੁਕਾਨ 'ਚ ਗਾਹਕ ਬਣ ਕੇ ਆਏ ਦੋ ਸ਼ਾਤਰ ਨੌਜਵਾਨਾਂ ਵੱਲੋਂ ਬੜੀ ਸਫ਼ਾਈ ਨਾਲ ਚਾਂਦੀ ਦੀ ਚੇਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮੁਲਜ਼ਮ ਨੌਜਵਾਨ ਦੁਕਾਨਦਾਰ ਨੂੰ ਗੱਲਾਂ 'ਚ ਉਲਝਾ ਕੇ ਚੇਨ ਆਪਣੀ ਮੁੱਠੀ 'ਚ ਦਬਾ ਕੇ ਫ਼ਰਾਰ ਹੋ ਗਏ। ਇਹ ਪੂਰੀ ਘਟਨਾ ਦੁਕਾਨ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-3 ਦੀ ਪੁਲਸ ਨੇ ਫੁਟੇਜ ਨੂੰ ਕਬਜ਼ੇ 'ਚ ਲੈ ਕੇ ਮੁਲਜ਼ਮਾਂ ਨੂੰ ਫੜ੍ਹਨ ਲਈ ਜਾਲ ਵਿਛਾ ਦਿੱਤਾ ਹੈ। ਦੁਕਾਨ ਦੇ ਮਾਲਕ ਦਲਜੀਤ ਸਿੰਘ ਨੇ ਦੱਸਿਆ ਕਿ ਬੀਤੀ 27 ਅਗਸਤ ਦੀ ਸ਼ਾਮ ਕਰੀਬ 6:30 ਵਜੇ ਦੋ ਨੌਜਵਾਨ ਉਨ੍ਹਾਂ ਦੀ ਦੁਕਾਨ 'ਅੰਮ੍ਰਿਤੀ ਜਵੈਲਰਜ਼' 'ਤੇ ਪਹੁੰਚੇ।
ਨੌਜਵਾਨਾਂ ਦੇ ਕਹਿਣ 'ਤੇ ਦੁਕਾਨਦਾਰ ਨੇ ਉਨ੍ਹਾਂ ਦੇ ਅੱਗੇ ਦੇਖਣ ਲਈ ਚਾਂਦੀ ਦੀਆਂ 8 ਚੇਨਾਂ ਕੱਢ ਕੇ ਰੱਖ ਦਿੱਤੀਆਂ। ਦੋਵੇਂ ਕਾਫ਼ੀ ਦੇਰ ਤੱਕ ਵੱਖ-ਵੱਖ ਡਿਜ਼ਾਈਨ ਦੇਖਦੇ ਰਹੇ ਅਤੇ ਫਿਰ 'ਪਸੰਦ ਨਹੀਂ ਆਇਆ' ਕਹਿ ਕੇ ਦੁਕਾਨ ਤੋਂ ਬਾਹਰ ਚਲੇ ਗਏ। ਉਨ੍ਹਾਂ ਦੇ ਜਾਣ ਤੋਂ ਤੁਰੰਤ ਬਾਅਦ ਜਦੋਂ ਦੁਕਾਨਦਾਰ ਨੇ ਸਮਾਨ ਸਮੇਟਦੇ ਹੋਏ ਗਿਣਤੀ ਕੀਤੀ ਤਾਂ ਟਰੇਅ ਵਿੱਚੋਂ ਇੱਕ ਚਾਂਦੀ ਦੀ ਚੇਨ ਗਾਇਬ ਸੀ। ਸ਼ੱਕ ਹੋਣ 'ਤੇ ਜਦੋਂ ਦੁਕਾਨਦਾਰ ਨੇ ਤੁਰੰਤ ਆਪਣੀ ਦੁਕਾਨ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਦੋਵਾਂ ਸ਼ਾਤਰਾਂ ਦੀ ਪੂਰੀ ਕਰਤੂਤ ਸਾਹਮਣੇ ਆ ਗਈ। ਫੁਟੇਜ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਲਾਲ ਰੰਗ ਦੀ ਸ਼ਰਟ ਪਾਏ ਇੱਕ ਨੌਜਵਾਨ ਨੇ ਦੁਕਾਨਦਾਰ ਤੋਂ ਨਜ਼ਰਾਂ ਬਚਾ ਕੇ ਬਹੁਤ ਤੇਜ਼ੀ ਨਾਲ ਇੱਕ ਚੇਨ ਚੁੱਕੀ ਅਤੇ ਆਪਣੀ ਮੁੱਠੀ 'ਚ ਬੰਦ ਕਰ ਲਈ। ਫੁਟੇਜ ਵਿੱਚ ਇਹ ਵੀ ਸਾਫ਼ ਨਜ਼ਰ ਆ ਰਿਹਾ ਹੈ ਕਿ ਚੇਨ ਚੋਰੀ ਕਰਨ ਵਾਲੇ ਨੌਜਵਾਨ ਦੇ ਹੱਥ 'ਤੇ ਇੱਕ ਖ਼ਾਸ ਟੈਟੂ ਬਣਿਆ ਹੋਇਆ ਹੈ।
ਇਸ ਤੋਂ ਬਾਅਦ ਦੋਵੇਂ ਬਿਨਾਂ ਕੁੱਝ ਖ਼ਰੀਦੇ ਆਰਾਮ ਨਾਲ ਦੁਕਾਨ ਤੋਂ ਨਿਕਲ ਗਏ। ਵਾਰਦਾਤ ਦਾ ਪਤਾ ਚੱਲਦਿਆਂ ਹੀ ਪੀੜਤ ਦੁਕਾਨਦਾਰ ਨੇ ਤੁਰੰਤ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਜਾਂਚ ਅਧਿਕਾਰੀ ਏ. ਐੱਸ. ਆਈ. ਜੋਗਿੰਦਰ ਸਿੰਘ ਪੁਲਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਏ. ਐੱਸ. ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਦੁਕਾਨ ਦੀ ਸੀ. ਸੀ. ਟੀ. ਵੀ. ਫੁਟੇਜ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਫੁਟੇਜ ਵਿੱਚ ਦਿਖ ਰਹੇ ਹੁਲੀਏ ਅਤੇ ਹੱਥ ਦੇ ਟੈਟੂ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰਕੇ ਚੋਰੀ ਕੀਤੀ ਗਈ ਚਾਂਦੀ ਦੀ ਚੇਨ ਬਰਾਮਦ ਕਰ ਲਈ ਜਾਵੇਗੀ।
ਨਗਰ ਨਿਗਮ 'ਚ F&CC ਮੈਂਬਰਾਂ ਦੀ ਚੋਣ ਤੋਂ ਪਹਿਲਾਂ ਹੀ ਹੰਗਾਮਾ
NEXT STORY