ਭਵਾਨੀਗੜ੍ਹ (ਅੱਤਰੀ/ਵਿਕਾਸ)- ਬੀਤੀ ਰਾਤ ਸ਼ਹਿਰ ਦੇ ਨਵੇਂ ਬੱਸ ਸਟੈਂਡ ਨੇੜੇ ਪਟਿਆਲਾ ਰੋਡ 'ਤੇ ਸਥਿਤ ਇਕ ਐੱਮ. ਆਰ.ਐੱਫ. ਟਾਇਰ ਦੇ ਸ਼ੋਅਰੂਮ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੇ ਟਾਇਰ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਚੋਰੀ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਹੈ ।
ਘਟਨਾ ਦੀ ਜਾਣਕਾਰੀ ਦਿੰਦਿਆਂ ਐੱਮ. ਆਰ. ਐੱਫ. ਸ਼ੋਅਰੂਮ ਭਵਾਨੀ ਟਾਇਰ ਸਰਵਿਸ ਦੇ ਮਾਲਕ ਵਿਨੋਦ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਨੂੰ ਵੀ ਉਹ ਦੇਰ ਸ਼ਾਮ ਰੋਜ਼ਾਨਾ ਦੀ ਤਰ੍ਹਾਂ ਆਪਣਾ ਸ਼ੋਅਰੂਮ ਬੰਦ ਕਰਕੇ ਘਰ ਚਲੇ ਗਏ ਸੀ ਕਿ ਉਸੇ ਰਾਤ ਢਾਈ ਕੁ ਵਜੇ ਕੁਝ ਅਣਪਛਾਤੇ ਵਿਅਕਤੀ ਸ਼ੋਅਰੂਮ ਦੇ ਸ਼ਟਰ ਨੂੰ ਸੱਬਲਾਂ ਨਾਲ ਤੋੜ ਕੇ ਟਰੱਕ ਦੇ 15-20 ਟਾਇਰ ਟਰਾਲੇ 'ਚ ਲੱਦ ਕੇ ਚੋਰੀ ਕਰਕੇ ਫਰਾਰ ਹੋ ਗਏ, ਜਿਨ੍ਹਾਂ ਦੀ ਕੀਮਤ ਲਗਭਗ 3 ਤੋਂ 4 ਲੱਖ ਰੁਪਏ ਬਣਦੀ ਹੈ । ਸ਼ੋਅਰੂਮ ਮਾਲਕ ਨੇ ਅੱਗੇ ਦੱਸਿਆ ਕਿ ਚੋਰੀ ਦੀ ਵਾਰਦਾਤ ਦੌਰਾਨ ਸ਼ੋਅਰੂਮ ਦੇ ਨਾਲ ਲਗਦੀ ਦੁਕਾਨ 'ਚ ਹਾਜ਼ਰ ਉਨ੍ਹਾਂ ਦੇ ਚੌਕੀਂਦਾਰ ਨੂੰ ਖੜਕਾ ਸੁਣਿਆ ਤਾਂ ਰੌਲਾ ਪਾਉਂਣ 'ਤੇ ਚੋਰ ਟਰੱਕ ਦੇ ਟਾਇਰ ਚੋਰੀ ਕਰਕੇ ਟਰਾਲੇ ਸਮੇਤ ਮੌਕੇ ਤੋਂ ਭੱਜ ਨਿਕਲੇ । ਘਟਨਾ ਸਬੰਧੀ ਚੌਂਕੀਦਾਰ ਵਲੋਂ ਉਨ੍ਹਾਂ ਨੂੰ ਸੂਚਿਤ ਕਰਨ 'ਤੇ ਰਾਤ ਵੇਲੇ ਜਦੋਂ ਉਹ ਸ਼ੋਅਰੂਮ ਪਹੁੰਚੇ ਤਾਂ ਸ਼ੋਅਰੂਮ ਦਾ ਸ਼ਟਰ ਟੁੱਟਿਆ ਹੋਇਆ ਸੀ । ਬਾਅਦ 'ਚ ਉਨ੍ਹਾਂ ਨੇ ਜਦੋਂ ਪੁਲਸ ਸਹਾਇਤਾ ਦੇ ਲਈ 100 ਨੰਬਰ 'ਤੇ ਫੋਨ ਕੀਤਾ ਤਾਂ ਵਾਰ-ਵਾਰ ਫੋਨ ਕਰਨ 'ਤੇ ਵੀ ਅੱਗੋਂ ਕੋਈ ਜਵਾਬ ਨਾ ਮਿਲਿਆ । ਇਸ ਮੌਕੇ ਚੌਂਕੀਦਾਰ ਜਰਨੈਲ ਸਿੰਘ ਨੇ 'ਜਗ ਬਾਣੀ' ਨੂੰ ਦੱਸਿਆ ਕਿ ਟਰਾਲੇ 'ਚ ਚੋਰੀ ਕਰਨ ਆਏ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਨੇ ਮੇਨ ਰੋਡ 'ਤੇ ਉਸ ਵੇਲੇ ਬੰਦ ਪਈਆਂ ਲਾਇਟਾਂ ਦਾ ਫਾਇਦਾ ਚੁੱਕਿਆ ਟਰਾਲੇ ਨੂੰ ਸ਼ੋਅਰੂਮ ਦੇ ਬਿਲਕੁਲ ਸਾਹਮਣੇ ਅਪਣੀ ਗੱਡੀ ਖਰਾਬ ਹੋ ਜਾਣ ਦਾ ਬਹਾਨਾ ਬਣਾ ਕੇ ਖੜਾ ਕਰ ਦਿੱਤਾ ਤੇ ਨਾਟਕੀ ਢੰਗ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ।
ਘਟਨਾਂ ਦੌਰਾਨ ਬੰਦ ਸਨ ਸੀ.ਸੀ.ਟੀ.ਵੀ. ਕੈਮਰੇ—
ਸ਼ੋਅਰੂਮ ਮਾਲਕ ਵਿਨੋਦ ਕੁਮਾਰ ਦੱਸਿਆ ਕਿ ਉਹ ਦੁਕਾਨ ਬੰਦ ਕਰਨ ਵੇਲੇ ਸ਼ੋਅਰੂਮ 'ਚ ਲਗਾਏ ਸੀਸੀਟੀਵੀ ਕੈਮਰਿਆਂ ਨੂੰ ਵੀ ਸ਼ਾਟ ਸਰਕਟ ਦੇ ਡਰ ਕਾਰਨ ਬੰਦ ਕਰ ਜਾਂਦੇ ਸਨ, ਜਿਸ ਕਰਕੇ ਉਕਤ ਚੋਰੀ ਦੀ ਘਟਨਾਂ ਕੈਮਰਿਆਂ 'ਚ ਕੈਦ ਨਹੀ ਹੋ ਸਕੀ ਪਰ ਫਿਰ ਵੀ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਬੰਦ ਪਏ ਕੈਮਰਿਆਂ ਦਾ ਮੂੰਹ ਉੱਪਰ ਵੱਲ ਨੂੰ ਕਰ ਦਿੱਤਾ ਸੀ । ਓਧਰ, ਸ਼ਹਿਰ 'ਚ ਚੋਰੀ ਦੀਆਂ ਵੱਧ ਰਹੀਆਂ ਘਟਨਾਵਾਂ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਹੈ, ਸ਼ਹਿਰਵਾਸੀਆਂ ਨੇ ਪੁਲਸ ਤੋਂ ਰਾਤ ਸਮੇ ਗਸ਼ਤ ਤੇਜ ਕਰਨ ਦੀ ਮੰਗ ਕੀਤੀ ।
ਅਪਾਹਿਜ ਹੋਣ ਦੇ ਬਾਵਜੂਦ ਹਜ਼ਾਰਾਂ ਕਿਲੋਮੀਟਰ ਸਾਈਕਲ ਚਲਾ ਕੇ ਸ੍ਰੀ ਆਨੰਦਪੁਰ ਸਾਹਿਬ ਪੁੱਜਾ ਇਹ ਨਿਹੰਗ
NEXT STORY