ਮਹਿਲ ਕਲਾਂ (ਹਮੀਦੀ)– ਕਸਬਾ ਮਹਿਲ ਕਲਾਂ ਵਿਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਹ ਚਿੱਟੇ ਦਿਨ ਵੀ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਨਹੀਂ ਡਰ ਰਹੇ। ਬੱਸ ਸਟੈਂਡ ਅਤੇ ਨੇੜਲੇ ਵਪਾਰਕ ਇਲਾਕੇ ਵਿਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਚੋਰੀਆਂ ਨੇ ਵਪਾਰੀਆਂ ਵਿਚ ਡਰ ਅਤੇ ਰੋਸ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਲੜੀ ਤਹਿਤ ਅੱਜ ਸਵੇਰੇ ਕਰੀਬ 7 ਵਜੇ, ਮਹਿਲ ਕਲਾਂ ਦੇ ਬੱਸ ਸਟੈਂਡ ’ਤੇ ਸਥਿਤ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਬੀਐਸ ਗਰੇਵਾਲ ਬੋਰਿੰਗ ਕੰਪਨੀ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰਾਂ ਵੱਲੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੁਕਾਨ ਮਾਲਕ ਬਲਜਿੰਦਰ ਸਿੰਘ ਬਿੱਟੂ ਧਨੇਰ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ ਸੱਤ ਵਜੇ ਉਨ੍ਹਾਂ ਨੂੰ ਫੋਨ ਰਾਹੀਂ ਚੋਰੀ ਦੀ ਸੂਚਨਾ ਮਿਲੀ।
ਮੌਕੇ ’ਤੇ ਪਹੁੰਚਣ ’ਤੇ ਵੇਖਿਆ ਕਿ ਚੋਰਾਂ ਵੱਲੋਂ ਸ਼ਟਰ ਤੋੜ ਕੇ ਦੁਕਾਨ ਅੰਦਰੋਂ ਲਗਭਗ 50 ਹਜ਼ਾਰ ਰੁਪਏ ਦਾ ਕੀਮਤੀ ਸਮਾਨ ਅਤੇ 2,000 ਰੁਪਏ ਨਗਦੀ ਚੋਰੀ ਕਰ ਲਈ ਗਈ ਹੈ। ਉਨ੍ਹਾਂ ਮੁਤਾਬਕ ਚੋਰ ਦੁਕਾਨ ਵਿੱਚੋਂ 10 ਐਮਐਮ ਤਾਂਬੇ ਦੀ ਸਮਸੀ ਵਾਲੀ ਧਾਰ –250 ਫੁੱਟ, ਦੋ ਟੁੱਲੂ ਪੰਪ,7/6 ਤਾਂਬੇ ਦੀ ਤਾਰ ਲਗਭਗ ਡੇਢ ਕੁਇੰਟਲ, 2,000 ਰੁਪਏ ਨਗਦੀ ਅਤੇ ਇੱਕ ਪੁਰਾਣਾ ਖਰਾਬ ਮੋਬਾਇਲ ਫੋਨ ਨਾਲ ਲੈ ਗਏ। ਦੁਕਾਨ ਮਾਲਕ ਨੇ ਦਾਅਵਾ ਕੀਤਾ ਕਿ ਚੋਰ ਚਿੱਟੇ ਰੰਗ ਦੀ ਕਾਰ ਵਿੱਚ ਸਵਾਰ ਹੋ ਕੇ ਆਏ ਸਨ।ਚਿੱਟੇ ਦਿਨ ਸਵੇਰੇ ਵਾਪਰੀ ਇਸ ਵਾਰਦਾਤ ਨਾਲ ਇਲਾਕੇ ਦੇ ਵਪਾਰੀ ਸਹਮੇ ਹੋਏ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਬੱਸ ਸਟੈਂਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ, ਪਰ ਪੁਲਿਸ ਵੱਲੋਂ ਢੁੱਕਵੇਂ ਸੁਰੱਖਿਆ ਪ੍ਰਬੰਧ ਅਤੇ ਸਖ਼ਤ ਕਾਰਵਾਈ ਦੀ ਕਮੀ ਨਜ਼ਰ ਆ ਰਹੀ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਥਾਣਾ ਮਹਿਲ ਕਲਾਂ ਦੀ ਟੀਮ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕੀਤੀ। ਇਸ ਸਬੰਧੀ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
ਪੰਜਾਬ ਭਰ 'ਚ ਇੱਟਾਂ ਦੇ ਭੱਠੇ ਬੰਦ! ਮੰਡਰਾ ਰਿਹਾ ਵੱਡਾ ਖ਼ਤਰਾ, ਭੱਠਾ ਮਾਲਕਾਂ ਨੇ ਦਿੱਤੀ ਚਿਤਾਵਨੀ
NEXT STORY