ਤਪਾ ਮੰਡੀ (ਸ਼ਾਮ, ਗਰਗ)- ਤਪਾ ਇਲਾਕੇ ’ਚ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਆਲੀਕੇ ਰੋਡ ਸਥਿਤ ਰਵਿੰਦਰਾ ਰਾਈਸ ਮਿੱਲ ਅਤੇ ਮੌੜ ਨਾਭਾ ਵਿਖੇ ਸਥਿਤ ਸ਼੍ਰੀ ਕ੍ਰਿਸ਼ਨ ਐਗਰੋ ਫੂਡਜ਼ ’ਚੋਂ ਚੋਰਾਂ ਦੇ ਗਿਰੋਹ ਵੱਲੋਂ ਕਰੀਬ 200 ਬੋਰੀਆਂ ਚੌਲ ਚੋਰੀ ਕਰ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਚੋਰੀ ਕਾਰਨ ਦੋਵੇਂ ਸ਼ੈਲਰ ਮਾਲਕਾਂ ਨੂੰ ਲਗਭਗ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਰਵਿੰਦਰਾ ਰਾਈਸ ਮਿੱਲ ਦੇ ਮਾਲਕ ਰਵਿੰਦਰ ਘੁੰਨਸ ਤੇ ਰਵਿੰਦਰ ਬਾਂਸਲ ਨੇ ਦੱਸਿਆ ਕਿ ਸਵੇਰੇ ਜਦੋਂ ਸ਼ੈਲਰ ਦੇ ਮੁਨਸ਼ੀ ਵੱਲੋਂ ਚੱਕਿਆਂ ’ਚ ਲੱਗੀਆਂ ਬੋਰੀਆਂ ਦੀ ਗਿਣਤੀ ਕੀਤੀ ਜਾ ਰਹੀ ਸੀ ਤਾਂ ਇਕ ਚੱਕਾ ਖਾਲੀ ਮਿਲਿਆ। ਜਾਂਚ ਕਰਨ ’ਤੇ ਪਤਾ ਲੱਗਿਆ ਕਿ ਚੋਰਾਂ ਨੇ ਕਰੀਬ 100 ਬੋਰੀਆਂ ਚੌਲ ਚੋਰੀ ਕਰ ਲਈਆਂ ਹਨ। ਚੋਰਾਂ ਨੇ ਚੱਕੇ ਨੂੰ ਇਸ ਤਰ੍ਹਾਂ ਦੁਬਾਰਾ ਲਗਾ ਦਿੱਤਾ ਸੀ ਕਿ ਪਹਿਲੀ ਨਜ਼ਰੇ ਚੋਰੀ ਦਾ ਪਤਾ ਨਾ ਲੱਗ ਸਕੇ। ਇਸ ਤੋਂ ਇਲਾਵਾ ਚੋਰ ਸ਼ੈਲਰ ਦੇ ਪਿਛਲੇ ਪਾਸੇ ਖੇਤਾਂ ’ਚੋਂ ਦੀ ਇਕ ਵ੍ਹੀਕਲ ’ਤੇ ਲੱਦ ਕੇ ਲੈ ਗਏ।
ਇਸੇ ਤਰ੍ਹਾਂ ਸ਼੍ਰੀ ਕ੍ਰਿਸ਼ਨ ਐਗਰੋ ਫੂਡਜ਼ ਮੌੜ ਨਾਭਾ ਦੇ ਮਾਲਕ ਉਗਰਸੈਨ ਮੌੜ ਨੇ ਦੱਸਿਆ ਕਿ ਉਨ੍ਹਾਂ ਦੇ ਸ਼ੈਲਰ ’ਚੋਂ ਵੀ ਚੋਰ ਕਰੀਬ 100 ਬੋਰੀਆਂ ਝੋਨਾ ਚੋਰੀ ਕਰ ਕੇ ਲੈ ਗਏ ਹਨ। ਘਟਨਾ ਸਬੰਧੀ ਤਪਾ ਅਤੇ ਸ਼ਹਿਣਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਸਬ-ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਰਵਿੰਦਰਾ ਰਾਈਸ ’ਚ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸ਼ੈਲਰਾਂ ਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਖੰਘਾਾਲੀ ਜਾ ਰਹੀ ਹੈ।
ਉਗਰਸੈਨ ਮੌੜ ਨੇ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਹਰ ਸਾਲ ਚੋਰ ਸਰਗਰਮ ਹੋ ਜਾਂਦੇ ਹਨ। ਪਿਛਲੇ ਸਾਲ ਵੀ ਇਲਾਕੇ ਦੇ ਕਈ ਸ਼ੈਲਰਾਂ ’ਚ ਚੋਰੀਆਂ ਹੋਈਆਂ ਸਨ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦ ਕਾਬੂ ਕਰ ਕੇ ਚੋਰੀ ਹੋਏ ਮਾਲ ਦੀ ਬਰਾਮਦਗੀ ਅਤੇ ਸ਼ੈਲਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਪੰਜਾਬ 'ਚ ED ਦਾ ਵੱਡਾ ਐਕਸ਼ਨ! 14 ਟਿਕਾਣਿਆਂ 'ਤੇ ਛਾਪੇਮਾਰੀ, ਸਾਬਕਾ ਮੰਤਰੀ ਬਾਰੇ ਵੱਡੇ ਖ਼ੁਲਾਸੇ
NEXT STORY