ਫਿਰੋਜ਼ਪੁਰ (ਸੋਨੂੰ ਚੋਪੜਾ) : ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 24 ਅਪ੍ਰੈਲ ਨੂੰ ਰਾਤ 8:00 ਵਜੇ ਪੂਰੇ ਸੂਬੇ 'ਚ ਇੱਕ ਵਿਸ਼ੇਸ਼ 'ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ' ਮੌਕ ਐਕਸਰਸਾਈਜ਼ (ਨਕਲੀ ਅਭਿਆਸ) ਕਰਵਾਈ ਜਾ ਰਹੀ ਹੈ। ਇਸ ਅਭਿਆਸ ਦਾ ਮੁੱਖ ਮਕਸਦ ਕਿਸੇ ਵੀ ਹੰਗਾਮੀ ਹਾਲਾਤ ਜਾਂ ਹਵਾਈ ਹਮਲੇ ਵਰਗੀ ਸਥਿਤੀ ਦੌਰਾਨ ਸਿਵਲ ਡਿਫੈਂਸ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਹੈ। ਇਸੇ ਤਹਿਤ ਬੱਸ ਸਟੈਂਡ ਫ਼ਿਰੋਜ਼ਪੁਰ ਸ਼ਹਿਰ ਵਿਖੇ ਏਅਰ ਰੇਡ/ਬਲੈਕਆਊਟ' ਮੌਕ ਐਕਸਰਸਾਈਜ਼ 24 ਅਪ੍ਰੈਲ ਨੂੰ ਰਾਤ 8 ਵਜੇ ਹੋਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦਿੱਤੀ।
ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਇਸ ਮੌਕੇ ਐਕਸਰਸਾਈਜ਼ ਸਬੰਧੀ ਹਦਾਇਤਾਂ ਬਾਰੇ ਦੱਸਦਿਆਂ ਕਿਹਾ ਕਿ ਇਸ ਮੌਕ ਡਰਿੱਲ ਦੀ ਸ਼ੁਰੂਆਤ 'ਏਅਰ ਰੇਡ ਵਾਰਨਿੰਗ' (ਹਵਾਈ ਹਮਲੇ ਦੀ ਚੇਤਾਵਨੀ) ਦੇ ਸਾਇਰਨ ਨਾਲ ਹੋਵੇਗੀ। ਇਹ ਸਾਇਰਨ 02 ਮਿੰਟਾਂ ਲਈ ਉੱਚੀ-ਨੀਵੀਂ ਪਿੱਚ (High-Low pitch) 'ਤੇ ਵਜਾਇਆ ਜਾਵੇਗਾ। ਸਾਇਰਨ ਵੱਜਦੇ ਹੀ ਚੁਣੇ ਗਏ ਖੇਤਰਾਂ 'ਚ ਮੁਕੰਮਲ 'ਬਲੈਕਆਊਟ' ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਜਨਤਾ ਲਈ ਹਦਾਇਤਾਂ ਹਨ ਕਿ ਬਲੈਕਆਊਟ ਦੌਰਾਨ ਪਛਾਣੇ ਗਏ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ, ਹਸਪਤਾਲਾਂ ਅਤੇ ਫਾਇਰ ਬ੍ਰਿਗੇਡ ਵਰਗੀਆਂ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ।
ਅਭਿਆਸ ਖ਼ਤਮ ਹੋਣ 'ਤੇ 'ਆਲ ਕਲੀਅਰ' ਦਾ ਸੰਕੇਤ ਦਿੱਤਾ ਜਾਵੇਗਾ, ਜੋ ਕਿ 02 ਮਿੰਟਾਂ ਲਈ ਲਗਾਤਾਰ ਉੱਚੀ ਪਿੱਚ 'ਤੇ ਵੱਜਣ ਵਾਲਾ ਸਾਇਰਨ ਹੋਵੇਗਾ। ਇਸ ਮੌਕੇ ਐਕਸਰਸਾਈਜ਼ ਦੌਰਾਨ ਸਿਰਫ ਬਲੈਕਆਊਟ ਹੀ ਨਹੀਂ, ਸਗੋਂ ਕਈ ਰਾਹਤ ਕਾਰਜਾਂ ਦਾ ਵੀ ਨਕਲੀ ਅਭਿਆਸ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਇੱਕ ਨਿਯਮਤ ਅਭਿਆਸ ਹੈ। ਇਹ ਕਿਸੇ ਵੀ ਕਿਸਮ ਦੀ ਫ਼ੌਜੀ ਕਾਰਵਾਈ ਦਾ ਹਿੱਸਾ ਨਹੀਂ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੇ ਡਰ ਜਾਂ ਪੈਨਿਕ 'ਚ ਲੋਕ ਨਾ ਆਉਣ।
ਖੇਡ-ਖੇਡ ਵਿਚ ਅੱਗ ਦੀ ਲਪੇਟ 'ਚ ਆ ਗਈ ਬੱਚੀ, ਗਰੀਬੀ ਕਾਰਨ 6 ਘੰਟਿਆਂ ਤਕ ਹਸਪਤਾਲ ਨਹੀਂ ਲਿਜਾ ਸਕੇ ਮਾਪੇ
NEXT STORY