ਲੁਧਿਆਣਾ (ਰਾਜ): ਚੰਦਨ ਨਗਰ ਇਲਾਕੇ ਤੋਂ ਝੰਜੋੜ ਦੇਣ ਵਾਲੀ ਇਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਭਾਟੀਆ ਡੇਅਰੀ ਦੇ ਕੋਲ ਇਕ ਘਰ ਵਿਚ ਖੇਡ ਰਹੀ 3 ਸਾਲ ਦੀ ਮਾਸੂਮ ਬੱਚੀ ਅੱਗ ਦੀਆਂ ਲਪਟਾਂ ਦਾ ਸ਼ਿਕਾਰ ਹੋ ਗਈ। ਬੱਚੀ ਦੀ ਨਾਈਲੋਨ ਦੀ ਫਰੌਕ ਨੇ ਮਾਚਿਸ ਦੀ ਤੀਲੀ ਤੋਂ ਨਿਕਲੀ ਚੰਗਿਆੜੀ ਨੂੰ ਕੁਝ ਹੀ ਸੈਕੰਡਾਂ ਵਿਚ ਭਿਆਨਕ ਅੱਗ ਵਿਚ ਬਦਲ ਦਿੱਤਾ। ਆਪਣੀ ਜਿਗਰ ਦੇ ਟੁਕੜੇ ਨੂੰ ਅੱਗ ਵਿਚ ਘਿਰਿਆ ਦੇਖ ਬੇਵੱਸ ਪਿਤਾ ਨੇ ਨੰਗੇ ਹੱਥਾਂ ਨਾਲ ਹੀ ਲਪਟਾਂ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਸ ਦੇ ਹੱਥ ਵੀ ਬੁਰੀ ਤਰ੍ਹਾਂ ਝੁਲਸ ਗਏ। ਫਿਲਹਾਲ ਮਾਸੂਮ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਜੰਗ ਲੜ ਰਹੀ ਹੈ।
ਬੱਚੀ ਦੇ ਪਿਤਾ ਸਤਪਾਲ ਨੇ ਦੱਸਿਆ ਕਿ ਉਹ ਅਚਾਨਕ ਕਿਸੇ ਕੰਮ ਲਈ ਘਰ ਪਹੁੰਚੇ ਸਨ। ਜਿਵੇਂ ਹੀ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ, ਮੰਜ਼ਰ ਦੇਖ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਦੀ ਛੋਟੀ ਜਿਹੀ ਬੇਟੀ ਅੱਗ ਦੀਆਂ ਲਪਟਾਂ ਦੇ ਵਿਚਕਾਰ ਘਿਰੀ ਤੜਫ਼ ਰਹੀ ਸੀ। ਸਤਪਾਲ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਉਸ ਨੂੰ ਬਚਾਉਣ ਲਈ ਹੱਥ ਅੱਗੇ ਵਧਾ ਦਿੱਤੇ, ਜਿਸ ਨਾਲ ਉਸਦੀਆਂ ਉਂਗਲਾਂ ਸੜ ਗਈਆਂ। ਸਤਪਾਲ ਦਾ ਕਹਿਣਾ ਹੈ ਕਿ ਜੇਕਰ ਉਹ ਦੋ ਮਿੰਟ ਦੀ ਵੀ ਦੇਰੀ ਕਰ ਦਿੰਦੇ, ਤਾਂ ਸ਼ਾਇਦ ਅੱਜ ਉਨ੍ਹਾਂ ਦੀ ਬੇਟੀ ਉਨ੍ਹਾਂ ਦੇ ਵਿਚਕਾਰ ਨਾ ਹੁੰਦੀ।
ਇਸ ਹਾਦਸੇ ਨੇ ਗਰੀਬੀ ਦਾ ਉਹ ਚਿਹਰਾ ਵੀ ਉਜਾਗਰ ਕੀਤਾ ਹੈ ਜਿਸ ਨੂੰ ਸੁਣ ਕੇ ਕਿਸੇ ਦਾ ਵੀ ਦਿਲ ਪਸੀਜ ਜਾਵੇ। ਹਾਦਸਾ ਬੁੱਧਵਾਰ ਸ਼ਾਮ 4 ਵਜੇ ਹੋਇਆ, ਪਰ ਗਰੀਬੀ ਕਾਰਨ ਮਾਸੂਮ ਨੂੰ ਹਸਪਤਾਲ ਤੱਕ ਪਹੁੰਚਣ ਵਿਚ 6 ਘੰਟੇ ਦੀ ਦੇਰੀ ਹੋ ਗਈ। ਮਾਂ ਮਮਤਾ ਦੇਵੀ ਨੇ ਦੱਸਿਆ ਕਿ ਉਹ ਇੰਨੇ ਗਰੀਬ ਹਨ ਕਿ ਉਨ੍ਹਾਂ ਕੋਲ ਇਲਾਜ ਲਈ ਪੈਸੇ ਤੱਕ ਨਹੀਂ ਸਨ। ਉਹ ਕੋਠੀਆਂ ਵਿਚ ਝਾੜੂ-ਪੋਚਾ ਕਰਨ ਗਈ ਹੋਈ ਸੀ ਅਤੇ ਜਦੋਂ ਉਸ ਦੀ ਮਾਲਕਣ ਨੂੰ ਇਸ ਦੁਖਦ ਘਟਨਾ ਦਾ ਪਤਾ ਲੱਗਾ, ਤਾਂ ਉਨ੍ਹਾਂ ਨੇ ਦਰਿਆਦਿਲੀ ਦਿਖਾਉਂਦੇ ਹੋਏ ਮਦਦ ਦਾ ਹੱਥ ਵਧਾਇਆ ਅਤੇ ਬੱਚੀ ਨੂੰ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕੀਤਾ। ਪਰਿਵਾਰ ਵਾਲਿਆਂ ਨੇ ਪਹਿਲਾਂ ਮਾਸੂਮ ਨੂੰ ਕੋਲ ਦੇ ਹੀ ਇਕ ਸਥਾਨਕ ਡਾਕਟਰ ਕੋਲ ਲੈ ਜਾਣ ਦੀ ਕੋਸ਼ਿਸ਼ ਕੀਤੀ ਸੀ, ਪਰ 60 ਫੀਸਦੀ ਤੱਕ ਝੁਲਸ ਚੁੱਕੀ ਬੱਚੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਦੇਰ ਰਾਤ ਕਰੀਬ 10 ਵਜੇ ਬੱਚੀ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਕਰੀਬ 6 ਘੰਟੇ ਤੱਕ ਮਾਸੂਮ ਬਿਨਾਂ ਕਿਸੇ ਵੱਡੇ ਇਲਾਜ ਦੇ ਦਰਦ ਨਾਲ ਤੜਫ਼ਦੀ ਰਹੀ।
ਨਸ਼ੇ ਦੀ ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ
NEXT STORY