ਫਾਜ਼ਿਲਕਾ (ਲੀਲਾਧਰ) : ਫਾਜ਼ਿਲਕਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਆਈ. ਏ. ਐੱਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾਂ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਖ਼ਤ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਜ਼ਿਲ੍ਹਾ ਫਾਜ਼ਿਲਕਾ ਦੀ ਹਦੂਦ ਅੰਦਰ ਵਿਆਹ ਸ਼ਾਦੀਆਂ, ਖ਼ੁਸ਼ੀ ਦੇ ਸਮਾਗਮਾਂ ਅਤੇ ਧਾਰਮਿਕ ਉਤਸਵਾਂ ਦੌਰਾਨ ਆਮ ਪਬਲਿਕ ਵੱਲੋਂ ਡਰੋਨ ਕੈਮਰਿਆਂ ਦੀ ਵਰਤੋਂ ਕਰਨ ਅਤੇ ਚਲਾਈ ਜਾਣ ਵਾਲੀ ਆਤਿਸ਼ਬਾਜੀ, ਜਿਸ ਵਿੱਚ ਬੰਬ, ਹਵਾਈ ਪਟਾਕੇ ਅਤੇ ਚਾਈਨੀਜ਼ ਕਰੈਕਰ ਸ਼ਾਮਲ ਹਨ, 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।
ਹੁਕਮਾਂ ਅਨੁਸਾਰ ਵਰਤਮਾਨ ਸਥਿਤੀਆਂ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਐਕਟ 1968 ਅਧੀਨ ਡਰਿੱਲ ਕੀਤੀਆਂ ਜਾ ਰਹੀਆਂ ਹਨ। ਅਜਿਹੇ ਵਿੱਚ ਦੇਖਣ ਵਿੱਚ ਆਉਂਦਾ ਹੈ ਕਿ ਆਏ ਦਿਨ ਵਿਆਹ-ਸ਼ਾਦੀ, ਖੁਸ਼ੀ ਦੇ ਉਤਸਵਾਂ ਤੇ ਧਾਰਮਿਕ ਉਤਸਵਾਂ ਦੌਰਾਨ ਆਮ ਪਬਲਿਕ ਵੱਲੋਂ ਡਰੋਨ ਕੈਮਰਿਆਂ ਤੇ ਆਤਿਸ਼ਬਾਜੀ ਜਿਸ ਵਿੱਚ ਬੰਬ, ਹਵਾਈ ਪਟਾਕੇ ਅਤੇ ਚਾਈਨੀਜ਼ ਪਟਾਕੇ ਸ਼ਾਮਲ ਹੁੰਦੇ ਹਨ, ਦੀ ਭਰਪੂਰ ਵਰਤੋਂ ਕੀਤੀ ਜਾਂਦੀ ਹੈ।
ਅਜਿਹੇ ਪਟਾਕਿਆਂ ਦੇ ਸ਼ੋਰ-ਸ਼ਰਾਬੇ ਨਾਲ ਆਮ ਪਬਲਿਕ ਵਿੱਚ ਡਰ ਪੈਦਾ ਹੁੰਦਾ ਹੈ ਅਤੇ ਭਰਮ ਦੀ ਸਥਿਤੀ ਬਣ ਸਕਦੀ ਹੈ। ਇਸ ਨਾਲ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਇਹ ਪਾਬੰਦੀਆਂ ਲਾਈਆਂ ਗਈਆਂ ਹਨ। ਇਹ ਪਾਬੰਦੀਆਂ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਈਆਂ ਹਨ ਅਤੇ ਅਗਲੇ ਹੁਕਮਾਂ ਤੱਕ ਜ਼ਿਲ੍ਹੇ ਦੀ ਹਦੂਦ ਅੰਦਰ ਲਾਗੂ ਰਹਿਣਗੀਆਂ।
ਜਾਣੋ ਕਿੰਨਾ ਤਾਕਤਵਰ ਹੈ ਜਲੰਧਰ, ਅੰਮ੍ਰਿਤਸਰ ਸਣੇ 15 ਥਾਵਾਂ 'ਤੇ ਹਮਲੇ ਨਾਕਾਮ ਕਰਨ ਵਾਲਾ S-400 Missile System?
NEXT STORY