ਚੰਡੀਗੜ੍ਹ : ਸੱਤਾ ਦੀ ਖੇਡ ਹੀ ਅਜਿਹੀ ਹੈ ਕਿ ਇਸ ਤੋਂ ਦੂਰ ਰਹਿਣਾ ਨੇਤਾਵਾਂ ਨੂੰ ਬਿਲਕੁਲ ਵੀ ਨਹੀਂ ਭਾਉਂਦਾ। ਸੱਤਾ ਦੀ ਤਾਕਤ ਹਾਸਲ ਕਰਨ ਲਈ ਨੇਤਾ ਨਾ ਸਿਰਫ ਖੁਦ, ਸਗੋਂ ਜਿੱਥੇ-ਜਿੱਥੇ ਅਤੇ ਜਿੰਨਾ ਜਿਸਦਾ ਜ਼ੋਰ ਚੱਲਦਾ ਹੈ, ਉਹ ਆਪਣੇ ਪਰਿਵਾਰ ਨੂੰ ਵੀ ਸਿਆਸੀ ਤਾਕਤਵਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਪੰਜਾਬ ਦੀ ਰਾਜਨੀਤੀ ਵਿਚ ਤਾਂ ਸਾਲਾਂ ਤੋਂ ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲੀ ਸਿਆਸਤ ਮੌਜੂਦ ਹੈ, ਜਿਸਦਾ ਸਪੱਸ਼ਟ ਰੂਪ ਇਸ ਵਾਰ ਦੀਆਂ ਵਿਧਾਨਸਭਾ ਚੋਣਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਿਧਾਨਸਭਾ ਚੋਣਾਂ ਵਿਚ ਅਜਿਹੇ ਪਰਿਵਾਰ ਵੀ ਹਨ, ਜਿਨ੍ਹਾਂ ਦੇ ਦੋ-ਦੋ ਮੈਂਬਰ ਚੋਣ ਮੈਦਾਨ ਵਿਚ ਡਟੇ ਹੋਏ ਹਨ। ਅਜਿਹੇ ਹੀ ਚੋਣ ਯੋਧਿਆਂ ਦੀ ਚਰਚਾ ਕਰਦੀ ‘ਜਗ ਬਾਣੀ’ ਦੇ ਰਮਨਜੀਤ ਸਿੰਘ ਦੀ ਰਿਪੋਰਟ....
ਇਕ ਪਰਿਵਾਰ, 2 ਉਮੀਦਵਾਰ
ਇਨ੍ਹਾਂ ਵਿਧਾਨਸਭਾ ਚੋਣਾਂ ਵਿਚ ਇਕ ਪਰਿਵਾਰ ਨੂੰ 2-2 ਟਿਕਟਾਂ ਦੇ ਕੇ ਸਨਮਾਨਿਤ ਕਰਨ ਵਾਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਮੋਹਰੀ ਹੈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਧਾਨਸਭਾ ਹਲਕਾ ਲੰਬੀ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ ਅਤੇ ਉਨ੍ਹਾਂ ਦੇ ਪੁੱਤਰ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਧਾਨਸਭਾ ਹਲਕੇ ਜਲਾਲਾਬਾਦ ਤੋਂ ਮੈਦਾਨ ਵਿਚ ਡਟੇ ਹੋਏ ਹਨ। ਅਕਾਲੀ ਨੇਤਾ ਸਾਬਕਾ ਲੋਕਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਹਲਕਾ ਘਨੌਰ ਤੋਂ ਅਤੇ ਉਨ੍ਹਾਂ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਹਲਕਾ ਸਨੌਰ ਤੋਂ ਟਿਕਟ ਦਿੱਤੀ ਗਈ ਹੈ। ਪੰਜਾਬ ਦੇ ਸਾਬਕਾ ਮੰਤਰੀ ਤੋਤਾ ਸਿੰਘ ਨੂੰ ਹਲਕਾ ਧਰਮਕੋਟ ਤੋਂ ਅਤੇ ਉਨ੍ਹਾਂ ਦੇ ਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਹਲਕਾ ਮੋਗਾ ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਲਈ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਸਰਕਾਰਾਂ ਵੀ ਦੋਸ਼ੀ : ਸ਼ੇਖਾਵਤ
ਪਤੀ-ਪਤਨੀ ਅਤੇ ਸੱਸ-ਜਵਾਈ ਵੀ ਮੈਦਾਨ ’ਚ
ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਹਲਕਾ ਅੰਮ੍ਰਿਤਸਰ ਪੂਰਬੀ ਅਤੇ ਉਨ੍ਹਾਂ ਦੀ ਪਤਨੀ ਗਨੀਵ ਕੌਰ ਨੂੰ ਹਲਕਾ ਮਜੀਠਾ ਤੋਂ ਚੋਣ ਲੜਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਹਿਲਾਂ ਮਜੀਠੀਆ ਵਲੋਂ 2 ਸੀਟਾਂ ਤੋਂ ਚੋਣ ਲੜਨ ਦੀ ਚਰਚਾ ਸੀ ਪਰ ਨਵਜੋਤ ਸਿੰਘ
ਸਿੱਧੂ ਦੀ ਸਿਆਸੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਮਜੀਠੀਆ ਵਲੋਂ ਆਪਣੇ ਗ੍ਰਹਿ ਹਲਕੇ ਮਜੀਠਾ ਤੋਂ ਨਾਮਜ਼ਦਗੀ ਵਾਪਸ ਲੈ ਲਈ ਗਈ ਸੀ ਅਤੇ ਉੱਥੋਂ ਉਨ੍ਹਾਂ ਦੀ ਪਤਨੀ ਗਨੀਵ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਬਣਾਇਆ ਗਿਆ। ਕਾਂਗਰਸ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਲਹਿਰਾਗਾਗਾ ਤੋਂ ਕਾਂਗਰਸ ਉਮੀਦਵਾਰ ਹਨ, ਜਦੋਂਕਿ ਉਨ੍ਹਾਂ ਦੇ ਜਵਾਈ ਵਿਕਰਮ ਬਾਜਵਾ ਕਾਂਗਰਸ ਲਈ ਸਾਹਨੇਵਾਲ ਵਿਧਾਨਸਭਾ ਸੀਟ ਤੋਂ ਚੋਣ ਲੜ ਰਹੇ ਹਨ।
ਹੈਟ੍ਰਿਕ ਦੀ ਕੋਸ਼ਿਸ਼ ’ਚ ਬੈਂਸ ਬ੍ਰਦਰਜ਼
‘ਲੋਕ ਇਨਸਾਫ’ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਿਧਾਨਸਭਾ ਖੇਤਰ ਆਤਮ ਨਗਰ ਤੋਂ ਅਤੇ ਉਨ੍ਹਾਂ ਦੇ ਵੱਡੇ ਭਰਾ ਜਥੇਦਾਰ ਬਲਵਿੰਦਰ ਸਿੰਘ ਬੈਂਸ ਲੁਧਿਆਣਾ ਸਾਊਥ ਤੋਂ ਚੋਣ ਲੜ ਰਹੇ ਹਨ। ਖਾਸ ਗੱਲ ਇਹ ਹੈ ਕਿ ਇਹ ਦੋਵੇਂ ਭਰਾ ਇਨ੍ਹਾਂ ਚੋਣਾਂ ਵਿਚ ਹੈਟ੍ਰਿਕ ਲਗਾਉਣ ਦੀ ਕੋਸ਼ਿਸ਼ ਵਿਚ ਹਨ ਕਿਉਂਕਿ ਦੋਵੇਂ ਭਰਾ 2012 ਅਤੇ 2017 ਦੀਆਂ ਚੋਣਾਂ ਇਨ੍ਹਾਂ ਵਿਧਾਨਸਭਾ ਖੇਤਰਾਂ ਤੋਂ ਜਿੱਤ ਕੇ ਵਿਧਾਇਕ ਬਣ ਚੁੱਕੇ ਹਨ।
ਰਗਾਂ ਵਿਚ ਦੌੜਦਾ ਖੂਨ ਇਕ ਪਰ ਪਾਰਟੀਆਂ ਵੱਖ-ਵੱਖ
ਕਾਂਗਰਸ ਪਾਰਟੀ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕੱਲੇ ਹੀ 2 ਹਲਕਿਆਂ ਭਦੌੜ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਚੋਣ ਮੈਦਾਨ ਵਿਚ ਹਨ, ਜਦੋਂ ਕਿ ਉਨ੍ਹਾਂ ਦੇ ਭਰਾ ਡਾ. ਮਨੋਹਰ ਸਿੰਘ ਹਲਕਾ ਬੱਸੀ ਪਠਾਣਾਂ ਤੋਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਡਟੇ ਹੋਏ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਉਮੀਦਵਾਰ ਦੇ ਤੌਰ ’ਤੇ ਹਲਕਾ ਕਾਦੀਆਂ ਤੋਂ ਜਦੋਂਕਿ ਉਨ੍ਹਾਂ ਦਾ ਛੋਟਾ ਭਰਾ ਫਤਹਿਜੰਗ ਸਿੰਘ ਬਾਜਵਾ ਹਲਕਾ ਬਟਾਲਾ ਤੋਂ ਭਾਜਪਾ ਦੇ ਉਮੀਦਵਾਰ ਹਨ। ਇਸੇ ਤਰ੍ਹਾਂ ਮੌਜੂਦਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਚੋਣ ਮੈਦਾਨ ਵਿਚ ਹੈ।
ਚਾਹੁੰਦੇ ਸਨ ਪਰ ਮਿਲੀ ਨਹੀਂ ਦੂਜੀ ਟਿਕਟ
ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਅਤੇ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਲਾਲ ਸਿੰਘ ਕਾਫ਼ੀ ਜੱਦੋਜਹਿਦ ਤੋਂ ਬਾਅਦ ਵੀ ਪਟਿਆਲਾ ਸ਼ਹਿਰੀ ਹਲਕੇ ਤੋਂ ਖੁਦ ਟਿਕਟ ਹਾਸਲ ਕਰਨ ਵਿਚ ਅਸਫਲ ਰਹੇ, ਜਦੋਂਕਿ ਉਨ੍ਹਾਂ ਦੇ ਬੇਟੇ ਰਜਿੰਦਰ ਸਿੰਘ ਵਿਧਾਨਸਭਾ ਸੀਟ ਸਮਾਣਾ ਤੋਂ ਦੁਬਾਰਾ ਕਾਂਗਰਸ ਉਮੀਦਵਾਰ ਦੇ ਤੌਰ ’ਤੇ ਮੈਦਾਨ ਵਿਚ ਹਨ। ਬ੍ਰਹਮ ਮਹਿੰਦਰਾ ਵੀ ਪਟਿਆਲਾ ਸ਼ਹਿਰੀ ਤੋਂ ਖੁਦ ਲਈ ਟਿਕਟ ਹਾਸਲ ਕਰਨ ਦੀ ਕੋਸ਼ਿਸ਼ ਵਿਚ ਸਨ, ਜਦੋਂਕਿ ਉਨ੍ਹਾਂ ਦੇ ਬੇਟੇ ਮੋਹਿਤ ਮਹਿੰਦਰਾ ਪਟਿਆਲਾ ਦੇਹਾਤੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਹਨ। ਇਸੇ ਤਰ੍ਹਾਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਆਪਣੇ ਪੁੱਤਰ ਲਈ ਕਾਂਗਰਸ ਪਾਰਟੀ ਦੀ ਟਿਕਟ ਬਟਾਲਾ ਤੋਂ ਚਾਹੁੰਦੇ ਸਨ ਅਤੇ ਲੋਕਸਭਾ ਮੈਂਬਰ ਜਸਵੀਰ ਸਿੰਘ ਡਿੰਪਾ ਵੀ ਆਪਣੇ ਭਰਾ ਰਾਜਨਬੀਰ ਸਿੰਘ ਗਿੱਲ ਨੂੰ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਦੀ ਟਿਕਟ ’ਤੇ ਚੋਣ ਲੜਾਉਣਾ ਚਾਹੁੰਦੇ ਸਨ ਪਰ ਟਿਕਟ ਨਹੀਂ ਮਿਲੀ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਪੰਜਾਬ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਹਲਕਾ ਮੌੜ ਮੰਡੀ ਤੋਂ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਉਮੀਦਵਾਰ ਬਣਾਉਣਾ ਚਾਹੁੰਦੇ ਸਨ।
ਇਹ ਵੀ ਪੜ੍ਹੋ : ਕਾਂਗਰਸ ਇਕਜੁਟ, ਉਸ ਦਾ ਮਕਸਦ ਬਾਹਰੀ ਲੋਕਾਂ ਨੂੰ ਸੂਬੇ ’ਚੋਂ ਭਜਾਉਣਾ : ਚੰਨੀ
ਇਨ੍ਹਾਂ ਸੰਸਦ ਮੈਂਬਰਾਂ ਦੇ ਰਿਸ਼ਤੇਦਾਰ ਵੀ ਮੈਦਾਨ ’ਚ
ਲੋਕਸਭਾ ਅਤੇ ਰਾਜਸਭਾ ਮੈਂਬਰਾਂ ਦੇ ਪਰਿਵਾਰਕ ਮੈਂਬਰ ਵੀ ਪੰਜਾਬ ਵਿਧਾਨਸਭਾ ਦੇ ਚੋਣ ਮੈਦਾਨ ਵਿਚ ਉਤਰੇ ਹੋਏ ਹਨ। ਪਟਿਆਲਾ ਤੋਂ ਲੋਕਸਭਾ ਮੈਂਬਰ ਪਰਨੀਤ ਕੌਰ ਦੇ ਪਤੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ ਤੋਂ ਮੈਦਾਨ ਵਿਚ ਹਨ। ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਪਤੀ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ, ਲੁਧਿਆਣਾ ਤੋਂ ਲੋਕਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਚਚੇਰੇ ਭਰਾ ਗੁਰਕੀਰਤ ਸਿੰਘ ਕੋਟਲੀ ਹਲਕਾ ਖੰਨਾ ਤੋਂ, ਜਲੰਧਰ ਤੋਂ ਲੋਕਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਬੇਟੇ ਬਿਕਰਮਜੀਤ ਸਿੰਘ ਚੌਧਰੀ ਫਿਲੌਰ ਸੀਟ ਤੋਂ, ਫਤਹਿਗੜ੍ਹ ਸਾਹਿਬ ਤੋਂ ਲੋਕਸਭਾ ਮੈਂਬਰ ਡਾ. ਅਮਰ ਸਿੰਘ ਦਾ ਪੁੱਤਰ ਕਾਮਿਲ ਅਮਰ ਸਿੰਘ ਰਾਏਕੋਟ ਸੀਟ ਤੋਂ, ਰਾਜਸਭਾ ਮੈਂਬਰ ਅਤੇ ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਹਲਕਾ ਲਹਿਰਾਗਾਗਾ ਤੋਂ ਅਤੇ ਸੀਨੀਅਰ ਅਕਾਲੀ ਨੇਤਾ ਅਤੇ ਰਾਜਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੇ ਪੁੱਤਰ ਵਿਧਾਇਕ ਦਿਲਰਾਜ ਸਿੰਘ ਭੂੰਦੜ ਵਿਧਾਨਸਭਾ ਹਲਕਾ ਸਰਦੂਲਗੜ੍ਹ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ‘ਆਪ’ ਨੇਤਾ ਅਤੇ ਫਰੀਦਕੋਟ ਤੋਂ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਦੀ ਬੇਟੀ ਬਲਜੀਤ ਕੌਰ ਮਲੋਟ ਸੀਟ ਤੋਂ ‘ਆਪ’ ਦੀ ਉਮੀਦਵਾਰ ਹਨ। ਸਾਬਕਾ ਸੰਸਦ ਮੈਂਬਰ ਪਵਨ ਬਾਂਸਲ ਦੇ ਬੇਟੇ ਮਨੀਸ਼ ਬਾਂਸਲ ਬਰਨਾਲਾ ਸੀਟ ਤੋਂ ਚੋਣ ਮੈਦਾਨ ਵਿਚ ਡਟੇ ਹਨ।
ਸੰਸਦ ਮੈਂਬਰ ਖੁਦ ਮੈਦਾਨ ’ਚ
ਮੌਜੂਦਾ ਲੋਕਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਵਿਧਾਨਸਭਾ ਖੇਤਰ ਜਲਾਲਾਬਾਦ ਤੋਂ ਚੋਣ ਲੜ ਰਹੇ ਹਨ ਅਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੱਤਾ ਵਿਚ ਆਉਣ ’ਤੇ ਮੁੱਖ ਮੰਤਰੀ ਦੀ ਕੁਰਸੀ ’ਤੇ ਵਿਰਾਜਮਾਨ ਹੋਣਗੇ। ਇਸੇ ਤਰ੍ਹਾਂ ਸੰਗਰੂਰ ਤੋਂ ਲੋਕਸਭਾ ਮੈਂਬਰ ਭਗਵੰਤ ਮਾਨ ਵੀ ਧੂਰੀ ਵਿਧਾਨਸਭਾ ਸੀਟ ਤੋਂ ਚੋਣ ਮੈਦਾਨ ਵਿਚ ਹਨ ਅਤੇ ‘ਆਪ’ ਵਲੋਂ ਮੁੱਖ ਮੰਤਰੀ ਚਿਹਰਾ ਵੀ ਐਲਾਨੇ ਜਾ ਚੁੱਕੇ ਹਨ। ਉੱਥੇ ਹੀ, ਕਾਂਗਰਸ ਨੇਤਾ ਅਤੇ ਮੌਜੂਦਾ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਖੁਦ ਕਾਦੀਆਂ ਵਿਧਾਨਸਭਾ ਖੇਤਰ ਤੋਂ ਚੋਣਾਵੀ ਤਾਲ ਠੋਕ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)
NEXT STORY