ਚੰਡੀਗੜ੍ਹ : ਚੋਣਾਂ ’ਚ ਕੁਝ ਹੀ ਸਮਾਂ ਬਚਿਆ ਹੈ, ਅਜਿਹੇ ’ਚ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਤਾ ਹਰਸਿਮਰਤ ਕੌਰ ਬਾਦਲ ਦਾ ਮੰਨਣਾ ਹੈ ਕਿ ਇਸ ਵਾਰ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਕਿਸੇ ਦੇ ਬਹਿਕਾਵੇ ਵਿਚ ਨਹੀਂ ਆਉਣਗੇ, ਮੈਂ ਇੰਨਾ ਤਾਂ ਨਹੀਂ ਕਹਿ ਸਕਦੀ ਕਿ ਸਾਡੀਆਂ ਸੀਟਾਂ ਕਿੰਨੀਆਂ ਆਉਣਗੀਆਂ ਪਰ ਅਸੀਂ ਪੰਜਾਬ ਵਿਚ ਚੋਣਾਂ ਜਿੱਤ ਰਹੇ ਹਾਂ।’ ਪੰਜਾਬ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਜੋਰਾਂ-ਸ਼ੋਰਾਂ ਨਾਲ ਪ੍ਰਚਾਰ ’ਚ ਲੱਗੀਆਂ ਹੋਈਆਂ ਹਨ। ਦੂਸ਼ਣਬਾਜ਼ੀ ਦਾ ਦੌਰ ਜਾਰੀ ਹੈ। ਪੰਜਾਬ ’ਚ ਚੋਣਾਵੀ ਮਾਹੌਲ ਨੂੰ ਲੈ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਤਾ ਹਰਸਿਮਰਤ ਕੌਰ ਬਾਦਲ ਨਾਲ ਗੱਲਬਾਤ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ‘ਅਸੀਂ ਨਾ ਤਾਂ ਦਿੱਲੀ ਦੀ ਗੱਲ ਕਰਦੇ ਹਾਂ, ਨਾ ਹਰਿਆਣਾ ਦੀ, ਨਾ ਉਤਰਾਖੰਡ ਅਤੇ ਨਾ ਹੀ ਗੋਆ ਦੀ, ਪੰਜਾਬ ਫਸਟ, ਗੱਲ ਪੰਜਾਬ ਦੀ।’ ਪੇਸ਼ ਹੈ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਵਿਸ਼ੇਸ਼ ਗੱਲਬਾਤ ਦੇ ਮੁੱਖ ਅੰਸ਼...
-ਅਗਲੇ ਐਤਵਾਰ ਨੂੰ ਵੋਟਾਂ ਪੈਣਗੀਆਂ, ਕਿਸ ਤਰੀਕੇ ਦੀ ਤਿਆਰੀ ਚੱਲ ਰਹੀ ਹੈ। ਤੁਸੀਂ ਕਿਹੜਾ ਮਾਡਲ ਲੈ ਕੇ ਲੋਕਾਂ ਵਿਚਾਲੇ ਜਾ ਰਹੇ ਹੋ?
-ਸ਼੍ਰੋਮਣੀ ਅਕਾਲੀ ਦਲ ਦਾ ਇਕ ਹੀ ਮਾਡਲ ਹੈ, ਵਿਕਾਸ, ਭਾਈਚਾਰਾ, ਇਕ ਸਾਂਝ ਅਤੇ ਅਮਨ ਸ਼ਾਂਤੀ। 10 ਸਾਲ ਕਰ ਕੇ ਵਿਖਾਇਆ, ਇਸ ਕਾਰਨ ਇਨ੍ਹਾਂ ਦੋਵਾਂ ਪਾਰਟੀਆਂ ਨੇ ਮਿਲ ਕੇ ਅਕਾਲੀ ਦਲ ਦੇ ਸਿਰ ਭਾਂਡਾ ਭੰਨਿਆ ਅਤੇ ਇਨ੍ਹਾਂ ਲੋਕਾਂ ਨੂੰ ਝੂਠੇ ਦੋਸ਼ ਲਾਉਣੇ ਪਏ, ਕਿਉਂਕਿ ਕੰਮਾਂ ’ਚ ਇਹ ਮੁਕਾਬਲਾ ਨਹੀਂ ਕਰ ਸਕਦੇ, ਸਹੂਲਤਾਂ ’ਚ ਨਹੀਂ ਕਰ ਸਕਦੇ ਸਨ। ਸਾਡਾ ਮਾਡਲ ਉਹੀ ਰਿਹਾ, ਤਾਂ ਹੀਂ ਤਾਂ 100 ਸਾਲ ਪੁਰਾਣੀ ਪਾਰਟੀ ਹੈ, ਜੋ ਪੰਜਾਬ ਲਈ ਲੜਦੀ ਹੈ। ਇਨ੍ਹਾਂ ਵਾਂਗ ਨਹੀਂ ਕਿ ਪੰਜਾਬ ਹਾਰ ਗਏ ਤਾਂ ਹਰਿਆਣਾ ਚਲੇ ਜਾਓ, ਦਿੱਲੀ ਚਲੇ ਜਾਓ, ਉਤਰਾਖੰਡ ਚਲੇ ਜਾਓ, ਗੋਆ ਚਲੇ ਜਾਓ। ਅੱਜ ਕੇਜਰੀਵਾਲ ਇੱਥੇ ਇਕ ਝੂਠ ਬੋਲਦੇ ਹਨ, ਉੱਥੇ ਕੁਝ ਹੋਰ ਅਦਾਲਤਾਂ ’ਚ ਹਲਫਨਾਮਾ ਦਿੱਤਾ ਹੋਇਆ ਹੈ ਕਿ ਪੰਜਾਬ ਦਾ ਪਾਣੀ ਲੁੱਟਣ ਦਾ ਹੱਕ ਹੈ। ਪੰਜਾਬ ਦੇ ਥਰਮਲ ਪਲਾਂਟ ਬੰਦ ਕਰੋ, ਇਹ ਵੀ ਅਦਾਲਤ ’ਚ ਦਿੱਤਾ ਹੋਇਆ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਜੇਲਾਂ ’ਚ ਪਾਓ, ਕਿਉਂਕਿ ਇਹ ਪਰਾਲੀ ਸਾੜਦੇ ਹਨ, ਇਹ ਅਦਾਲਤ ’ਚ ਲੜ ਰਹੇ ਹਨ। ਪੰਜਾਬ ਵਿਚ ਇਸ ਨੂੰ ਲਿਆ ਕੇ ਇਹ ਚੀਜ਼ਾਂ ਲਾਗੂ ਕਰਵਾਉਣੀਆਂ ਹਨ ਜਾਂ ਅਮਨ ਸ਼ਾਂਤੀ, ਭਾਈਚਾਰਾ ਸਾਂਝ, ਵਿਕਾਸ ਵਾਲੀ ਤਕੜੀ ਦਾ ਸਾਥ ਦੇਣਾ ਹੈ, ਹੁਣ ਲੋਕ ਹੀ ਇਹ ਫੈਸਲਾ ਕਰਨਗੇ।
-ਕਿਸੇ ਵੀ ਪਾਰਟੀ ਦੀ ਗੱਲ ਕਰੀਏ ਤਾਂ ਕੋਈ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕਰ ਰਹੀ ਹੈ ਤਾਂ ਕੋਈ 2000 ਰੁਪਏ ਦੇਣ ਦਾ, ਨੁਮਾਇੰਦੇ ਦੇ ਤੌਰ ’ਤੇ ਔਰਤਾਂ ਦੀ ਗੱਲ ਕਿਉਂ ਨਹੀਂ ਕੀਤੀ ਜਾ ਰਹੀ?
-ਕੇਜਰੀਵਾਲ ਨੇ ਇੱਥੇ ਆ ਕੇ ਕਿਹਾ ਕਿ 1000 ਰੁਪਏ ਦੇਵਾਂਗਾ ਪਰ ਗੋਆ ਜਾ ਕੇ ਕੁਝ ਹੋਰ ਕਿਹਾ। ਜਿੱਥੇ ਦਿੱਲੀ ਵਿਚ 8 ਸਾਲ ਤੋਂ ਸਰਕਾਰ ਹੈ, ਉੱਥੋਂ ਦੀ ਕਿਸੇ ਔਰਤ ਨੂੰ ਪੈਸੇ ਦਿੱਤੇ ਨਹੀਂ। ਜਿੱਥੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਹੈ, ਪਹਿਲਾਂ ਉੱਥੇ ਤਾਂ ਕਰ ਕੇ ਵਿਖਾਓ। ਇੱਥੇ ਆ ਕੇ ਕਹਿ ਰਹੇ ਹਨ ਕਿ 300 ਯੂਨਿਟ, ਉਤਰਾਖੰਡ ਵਿਚ ਜਾ ਕੇ ਕਹਿ ਰਹੇ ਹਨ ਕਿ ਸਾਰੀ ਬਿਜਲੀ ਮੁਆਫ਼ ਹੋਵੇਗੀ। ਦਿੱਲੀ ’ਚ ਹੈ 200, ਮਤਲੱਬ ਇਨ੍ਹਾਂ ਦੇ ਕਹਿਣ ਦਾ ਕੋਈ ਆਧਾਰ ਨਹੀਂ ਹੈ। ਇਨ੍ਹਾਂ ਦੇ ਵਿਧਾਇਕਾਂ ਨੇ 60 ਮਹੀਨਿਆਂ ਵਿਚ ਇਕ ਲੱਖ ਰੁਪਏ ਮਹੀਨਾ ਸਰਕਾਰਾਂ ਤੋਂ ਸੈਲਰੀ ਲਈ, ਇਕ-ਇਕ ਵਿਧਾਇਕ ਨੇ 60 ਲੱਖ ਲੋਕਾਂ ਦੇ ਪੈਸੇ ਕਮਾਏ, ਬਿਜਲੀ, ਪਾਣੀ, ਘਰ, ਮਕਾਨ, ਪੈਟਰੋਲ ਵੱਖਰਾ, ਇਹ ਸਾਰਾ ਖਾਧਾ, ਇਨ ਰਿਟਰਨ ਕਾਂਗਰਸ ਨੇ ਕਿਹਾ ਅਸੀਂ ਤੁਹਾਨੂੰ ਬਣਾ ਕੇ ਰੱਖਾਂਗੇ ਵਿਧਾਨ ਸਭਾ ’ਚ, ਨਹੀਂ ਤਾਂ ਖਹਿਰਾ ਵਰਗੇ ਨੂੰ ਵੇਖੋ, ਕਾਂਗਰਸ ਤੋਂ ਆਮ ਆਦਮੀ ਪਾਰਟੀ ’ਚ ਗਏ, ਮੇਰੇ ਖਿਲਾਫ ਚੋਣਾਂ ਵੀ ਲੜ ਲਈਆਂ, ਤਾਂ ਵੀ ਬਾਹਰ ਹੈ। ਕਾਂਗਰਸ ਨੇ ਬਿਠਾ ਕੇ ਰੱਖਿਆ, ਜੇਲ ’ਚ ਨਸ਼ੇ ਦੇ ਮਾਮਲੇ ਵਿਚ ਬਾਹਰ ਆ ਕੇ ਹੁਣ ਕਾਂਗਰਸ ’ਚ ਸ਼ਾਮਲ ਹੋ ਗਏ। ਇੰਨੀ ਮਿਲੀਭੁਗਤ ਹੈ। ਅਸੀਂ ਬਠਿੰਡਾ ’ਚ ਬੈਠੇ ਹਾਂ। ਜੋ ਇੱਥੋਂ ਕਾਂਗਰਸ ਦਾ ਐੱਮ. ਸੀ. ਸੀ ਉਹ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ। ਗੁਆਂਢ ਵਿਚ ਬਠਿੰਡਾ ਦੇਹਾਤੀ ਹੈ, ਉੱਥੇ ਰੂਬੀ ਵਿਧਾਇਕ ‘ਆਪ’ ਤੋਂ ਸੀ, ਅੱਜ ਕਾਂਗਰਸ ਦੀ ਮਲੋਟ ਤੋਂ ਉਮੀਦਵਾਰ ਹੈ। ਅੱਗੇ ਤੁਸੀਂ ਲੰਬੀ ਵਿਚ ਚਲੇ ਜਾਓ, ਜੋ ਪੁਸ਼ਤੈਨੀ ਕਾਂਗਰਸ ਵਿਚ ਕੱਲ ਤੱਕ ਸੀ, ਉਹ ਅੱਜ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਹੈ। ਮੌੜ ਚਲੇ ਜਾਓ, ਕਮਾਲੂ ਵਿਧਾਇਕ ਸੀ, ਆਮ ਆਦਮੀ ਪਾਰਟੀ ਤੋਂ, ਹੁਣ ਕਾਂਗਰਸ ’ਚ ਬੈਠਾ ਹੈ। ਮਾਨਸ਼ਾਹੀਆ ਮਾਨਸਾ ਵਿਚ ਵਿਧਾਇਕ ਹੈ ‘ਆਪ’ ਦਾ, ਕਾਂਗਰਸ ’ਚ ਬੈਠਾ ਹੈ, ਪੰਜ ਤਾਂ ਮੈਂ ਆਪਣੇ ਹਲਕੇ ਵਿਚ ਗਿਣਵਾ ਦਿੱਤੇ।
ਇਹ ਵੀ ਪੜ੍ਹੋ : PM ਮੋਦੀ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ
-ਚੰਨੀ ਵੀ ਇਹ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਰਿਜੈਕਟਿਡ ਪਾਰਟੀ ਹੈ, ਤੁਹਾਨੂੰ ਵੀ ਕੀ ਇਹੀ ਲੱਗਦਾ ਹੈ?
-ਸਾਰਾ ਰਿਜੈਕਟਿਡ ਤੋਂ ਰਿਜੈਕਟਿਡ ਮਾਲ ਹੈ ਪਰ ਜਿਵੇਂ ਬਿੱਟੂ ਨੇ ਕਿਹਾ ਹੈ ਕਿ ਇਹ ਤਾਂ 47 ਅਸੀਂ ਆਊਟਸੋਰਸ ਕੀਤੇ ਹਨ, ਬਾਹਰ ਤਾਂ ਫਿਕਸ ਮੈਚ ਚੱਲ ਰਿਹਾ ਹੈ ਸਾਡਾ। ਮੈਂ ਤਾਂ ਪਹਿਲਾਂ ਹੀ ਕਹਿ ਰਹੀ ਹਾਂ ਕਿ ਬੀ ਟੀਮ ਹੈ, ਫਿਕਸ ਮੈਚ ਹੈ, ਇਹ ਸਾਰੀਆਂ ਦਿੱਲੀ ਦੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਦਬਾਉਣ ਲਈ ਪੰਜਾਬ ਦੇ ਲੋਕਾਂ ਨੂੰ ਦਬਾਉਣ ਲਈ ਅਤੇ ਪੰਜਾਬ ਨੂੰ ਲੁੱਟਣ ਲਈ ਇੱਥੇ ਆਈਆਂ ਹਨ। ਨਵੀਂਆਂ ਪਾਰਟੀਆਂ ਪਿਛਲੀਆਂ ਚੋਣਾਂ ਵਿਚ ਵੀ ਆਈਆਂ ਸਨ, ਉਹ 20 ਤਾਰੀਕ ਤੋਂ ਬਾਅਦ ਕਿਸੇ ਨੂੰ ਨਜ਼ਰ ਨਹੀਂ ਆਉਣਗੀਆਂ।
-ਅੰਮ੍ਰਿਤਸਰ ਸੀਟ ਬੜੀ ਹਾਟ ਸੀਟ ਬਣੀ ਹੈ, ਉੱਥੇ ਤੁਹਾਨੂੰ ਕਿਵੇਂ ਫੀਡਬੈਕ ਮਿਲ ਰਿਹਾ ਹੈ?
-ਹਰ ਹਾਲਤ ਵਿਚ ਬਿਕਰਮ ਮਜੀਠੀਆ ਜਿੱਤੇਗਾ। ਜਿਸ ਵਿਅਕਤੀ ਨੇ 18 ਸਾਲ ਹਰ ਪਾਰਟੀ ਵਿਚ ਸੱਤਾ ਰਾਜ ਵੇਖਿਆ ਹੈ ਅਤੇ ਅੱਜ ਪੰਜਾਬ ਮਾਡਲ ਦੀ ਗੱਲ ਕਰ ਰਿਹਾ ਹੈ, ਉਸ ਦੇ ਵਿਧਾਨ ਸਭਾ ਹਲਕੇ ਵਿਚ ਨਾ ਪੀਣ ਵਾਲਾ ਪਾਣੀ ਹੈ ਅਤੇ ਨਾ ਸੀਵਰੇਜ। ਜੋ ਹਲਕਾ ਨਹੀਂ ਸੰਭਾਲ ਸਕਿਆ, ਉਹ ਪੰਜਾਬ ਨੂੰ ਕੀ ਸੰਭਾਲੇਗਾ। ਸਿੱਧੂ, ਕੇਜਰੀਵਾਲ, ਭਗਵੰਤ ਮਾਨ ਇਹ ਸ਼ਬਦਾਂ ਦੇ ਵਪਾਰੀ ਹਨ। ਇਹ ਗੱਲਾਂ ਦਾ ਵਪਾਰ ਕਰਦੇ ਹਨ, ਕੰਮਾਂ ਨਾਲ ਤਾਂ ਇਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਜੇਕਰ ਕੁਝ ਲੈਣਾ-ਦੇਣਾ ਹੁੰਦਾ ਤਾਂ ਸਿੱਧੂ ਮੰਤਰੀ ਸੀ, ਕੁਝ ਆਪਣੇ ਹੀ ਹਲਕੇ ਲਈ ਕਰ ਕੇ ਜਾਂਦੇ। ਬਿਜਲੀ ਵਿਭਾਗ ਕੈਪਟਨ ਵੇਖ ਰਹੇ ਸੀ, ਕੁਝ ਕਰਨਾ ਸੀ। ਚੁੱਪ ਬੈਠੇ ਰਹੇ। ਹੁਣ ਚੋਣਾਂ ਆਈਆਂ ਤਾਂ ਨਿਕਲ ਰਹੇ ਹਨ ਆਪਣੀ ਖੁੱਡ ਵਿਚੋਂ।
ਇਹ ਵੀ ਪੜ੍ਹੋ : ਕੇਜਰੀਵਾਲ ਦਾ ਵੱਡਾ ਦਾਅਵਾ, ‘ਆਪ’ ਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਹੋਈਆਂ ਇਕਜੁੱਟ
-ਮਜੀਠੀਆ ਕਹਿੰਦੇ ਹਨ ਕਿ ਮੇਰੀ ਇੰਸਪੀਰੇਸ਼ਨ ਹਰਸਿਮਰਤ ਹੈ, ਕੀ ਗੱਲਬਾਤ ਹੁੰਦੀ ਹੈ ਤੁਹਾਡੀ?
-ਅੱਜ ਕੱਲ੍ਹ ਤਾਂ ਕਿਸੇ ਨੂੰ ਕਿਸੇ ਨਾਲ ਗੱਲਬਾਤ ਕਰਨ ਦਾ ਸਮਾਂ ਨਹੀਂ ਹੈ। ਆਪਣੇ ਗਲੇ ਦੀ ਆਵਾਜ਼ ਨੂੰ ਬਚਾ ਕੇ ਰੱਖਦੇ ਹਨ, ਤਾਂ ਕਿ ਲੋਕਾਂ ਨਾਲ ਗੱਲ ਕਰ ਸਕੀਏ।
-ਲੋਕਾਂ ’ਚ ਜਾ ਕੇ ਤੁਸੀਂ ਵੋਟ ਕਿਵੇਂ ਮੰਗ ਰਹੇ ਹੋ, ਤੁਹਾਡਾ ਏਜੰਡਾ ਕੀ ਹੈ?
-ਪੰਜਾਬ ’ਚ ਜੋ ਵੀ ਵਿਕਾਸ ਅੱਜ ਤੱਕ ਹੋਇਆ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੀ ਕੀਤਾ ਗਿਆ ਹੈ। ਭਾਵੇਂ ਸੜਕਾਂ ਹੋਣ ਜਾਂ ਧਾਰਮਿਕ ਸਥਾਨ। ਲੋਕ ਵੀ ਜਾਣ ਚੁੱਕੇ ਹਨ ਕਿ ਪੰਜਾਬ ’ਚ ਇਕ ਹੀ ਪਾਰਟੀ ਅਜਿਹੀ ਹੈ, ਜੋ ਪੰਜਾਬ ਦੇ ਨਾਲ ਖੜ੍ਹੀ ਹੈ। ਅਸੀਂ ਸਿਰਫ ਪੰਜਾਬ ਦੀ ਗੱਲ ਕਰਨੀ ਹੈ ਅਤੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਅਸੀਂ ਪੰਜਾਬ ’ਚ ਜਾ ਰਹੇ ਹਾਂ।
-ਨਸ਼ੇ ਅਤੇ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਇਸ ਵਾਰ ਫਿਰ ਚੋਣਾਂ ਵਿਚ ਕਾਫ਼ੀ ਜ਼ੋਰ ਫੜ ਰਿਹਾ ਹੈ। ਤੁਹਾਡੀ ਇਸ ਨੂੰ ਲੈ ਕੇ ਕੀ ਪਲਾਨਿੰਗ ਹੈ, ਕਿਵੇਂ ਇਸ ਨੂੰ ਖਤਮ ਕੀਤਾ ਜਾਵੇਗਾ?
-ਅਸੀਂ ਫੈਸਲਾ ਕੀਤਾ ਹੈ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਜਾਂ ਤਾਂ ਪੰਜਾਬ ਵਿਚ ਨਸ਼ਾ ਰਹੇਗਾ ਜਾਂ ਅਸੀਂ ਰਹਾਂਗੇ। ਕਿਸੇ ਵੀ ਹਾਲਤ ਵਿਚ ਨਸ਼ੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਿਨ੍ਹਾਂ ਲੋਕਾਂ ਨੇ ਵੀ ਲੋਕਾਂ ਦੇ ਨਾਲ ਧੋਖਾ ਕੀਤਾ ਹੈ ਅਤੇ ਗੈਰ-ਕਾਨੂੰਨੀ ਕੰਮ ਕੀਤੇ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
-ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ?
-ਮੈਂ ਲੋਕਾਂ ਨੂੰ ਇਹ ਹੀ ਕਹਾਂਗੀ ਕਿ ਇਕ ਮੌਕਾ ਜੋ ਤੁਹਾਡੇ ਤੋਂ ਮੰਗ ਰਹੇ ਹਨ, ਪਿੱਛਲੀ ਵਾਰ ਵੀ ਇਨ੍ਹਾਂ ਨੂੰ ਮੌਕਾ ਦਿੱਤਾ ਸੀ, ਇਕ ਨੂੰ ਸੱਤਾ ਮਿਲੀ, ਦੂਜੇ ਨੂੰ ਵਿਰੋਧੀ ਧਿਰ ਦਾ ਦਰਜਾ ਮਿਲਿਆ। ਸੱਤਾ ਵਿਚ ਰਹਿ ਕੇ ਕਾਂਗਰਸ ਨੇ ਕੀ ਕੀਤਾ, ਇਹ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ। ਕਾਂਗਰਸੀ ਖੁਦ ਕਾਂਗਰਸ ਨੂੰ ਵੋਟ ਪਾਉਣਾ ਨਹੀਂ ਚਾਹੁੰਦੇ। ਜੋ ਇਕ ਮੌਕਾ ਟੋਪੀ ਵਾਲੇ ਮੰਗ ਰਹੇ ਹਨ, ਉਨ੍ਹਾਂ ਨੂੰ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਦਿੱਤੀ ਸੀ, ਉਹ ਕਿਹੜੀ ਇਨ੍ਹਾਂ ਨੇ ਨਿਭਾਈ? ਲੋਕਾਂ ਦੇ ਕਿਹੜੇ ਮੁੱਦਿਆਂ ’ਤੇ ਵਿਰੋਧ ਕੀਤਾ। ਜੋ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਨਹੀਂ ਨਿਭਾਅ ਸਕੇ, ਉਹ ਪੰਜਾਬ ਦੀ ਜ਼ਿੰਮੇਵਾਰੀ ਕੀ ਨਿਭਾਉਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੇਜਰੀਵਾਲ ਦਾ ਵੱਡਾ ਦਾਅਵਾ, ‘ਆਪ’ ਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਹੋਈਆਂ ਇਕਜੁੱਟ
NEXT STORY