ਮੋਗਾ, (ਆਜ਼ਾਦ)- ਸ਼ਹਿਰ ਦੇ ਵਿਚਕਾਰ ਪੈਂਦੀ ਗੁਰੂ ਨਾਨਕ ਮਾਰਕੀਟ 'ਚ ਸਥਿਤ ਪੰਜ ਦੁਕਾਨਾਂ ਦੇ ਸ਼ਟਰ ਭੰਨ ਕੇ ਚੋਰ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਚੋਰੀ ਦੀਆਂ ਇਨ੍ਹਾਂ ਘਟਨਾਵਾਂ ਦਾ ਪਤਾ ਲੱਗਣ 'ਤੇ ਥਾਣਾ ਸਿਟੀ ਮੋਗਾ ਦੇ ਇੰਚਾਰਜ ਸੁਰਜੀਤ ਸਿੰਘ, ਸਹਾਇਕ ਥਾਣੇਦਾਰ ਕੁਲਦੀਪ ਸਿੰਘ, ਹੌਲਦਾਰ ਧਰਮਪਾਲ ਸਿੰਘ ਪੁਲਸ ਕਰਮਚਾਰੀਆਂ ਸਮੇਤ ਉਥੇ ਪੁੱਜੇ ਅਤੇ ਚੋਰੀ ਦੇ ਮਾਮਲਿਆਂ ਦੀ ਜਾਂਚ ਕਰਨ ਦੇ ਇਲਾਵਾ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ। ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਿਤ ਸੇਲ ਏਜੰਸੀ ਦੇ ਪਵਨ ਕੁਮਾਰ ਨੇ ਕਿਹਾ ਕਿ ਉਹ ਕਰਿਆਨੇ ਦਾ ਕੰਮ ਕਰਦਾ ਹੈ। ਰਾਤ ਨੂੰ ਆਪਣੀ ਦੁਕਾਨ ਬੰਦ ਕਰ ਕੇ ਉਹ ਘਰ ਚਲਾ ਗਿਆ ਤੇ ਸਵੇਰੇ ਪਤਾ ਲੱਗਾ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਟੁੱਟਿਆ ਪਿਆ ਹੈ, ਜਿਸ 'ਤੇ ਉਸ ਨੇ ਦੁਕਾਨ 'ਚ ਜਾ ਕੇ ਜਾਂਚ ਕੀਤੀ ਤਾਂ ਅਣਪਛਾਤੇ ਚੋਰਾਂ ਨੇ ਕਾਊਂਟਰ ਦੇ ਗੱਲੇ ਦਾ ਤਾਲਾ ਤੋੜ ਕੇ ਕਰੀਬ 15-16 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।
ਇਸ ਤਰ੍ਹਾਂ ਸ਼ਿਵਾ ਟ੍ਰੇਡਰ ਦੇ ਸੰਦੀਪ ਕੁਮਾਰ ਨੇ ਕਿਹਾ ਕਿ ਉਹ ਬੀੜੀ-ਸਿਗਰਟ ਦਾ ਕੰਮ ਕਰਦਾ ਹੈ। ਅਣਪਛਾਤੇ ਚੋਰਾਂ ਨੇ ਉਨ੍ਹਾਂ ਦੀਆਂ ਦੋ ਦੁਕਾਨਾਂ ਦੇ ਸ਼ਟਰ ਤੋੜੇ ਅਤੇ ਗੱਲਿਆਂ 'ਚੋਂ 25-30 ਹਜ਼ਾਰ ਰੁਪਏ ਦੀ ਨਕਦੀ ਕੱਢ ਕੇ ਲੈ ਗਏ। ਇਸ ਤਰ੍ਹਾਂ ਜੋਤੀ ਟ੍ਰੇਡਰਜ਼ ਦੇ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਕਰਿਆਨੇ ਦਾ ਕੰਮ ਕਰਦਾ ਹੈ। ਅਣਪਛਾਤੇ ਚੋਰ ਉਨ੍ਹਾਂ ਦੀ ਦੁਕਾਨ ਦੇ ਸ਼ਟਰ ਤੋੜ ਕੇ ਗੱਲੇ 'ਚੋਂ 28-30 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ। ਇਨ੍ਹਾਂ ਵਾਰਦਾਤਾਂ ਉਪਰੰਤ ਦੁਕਾਨਦਾਰਾਂ 'ਚ ਹੜਕੰਪ ਮਚ ਗਿਆ ਅਤੇ ਉਨ੍ਹਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਕੀ ਕਹਿਣੈ ਥਾਣਾ ਮੁਖੀ ਦਾ
ਜਦ ਇਸ ਸਬੰਧ 'ਚ ਥਾਣਾ ਸਿਟੀ ਸਾਊਥ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਚੋਰੀ ਦੇ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਤੇ ਸ਼ਿਵਾ ਟ੍ਰੇਡਰਜ਼ ਦੀ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਚੋਰੀ ਦੀ ਵਾਰਦਾਤ ਕੈਦ ਹੋ ਗਈ ਹੈ। ਉਕਤ ਚੋਰੀ ਦੀ ਘਟਨਾ ਨੂੰ ਤਿੰਨ ਚੋਰਾਂ ਨੇ ਅੰਜਾਮ ਦਿੱਤਾ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਲੋਹੇ ਦੀਆਂ ਸੱਬਲਾਂ ਨਾਲ ਦੁਕਾਨ ਦੇ ਸ਼ਟਰ ਨੂੰ ਉੱਪਰ ਚੁੱਕਿਆ। ਉਨ੍ਹਾਂ ਕਿਹਾ ਕਿ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਮਾਮਲਿਆਂ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪ੍ਰਾਈਵੇਟ ਫਾਇਨਾਂਸ ਕੰਪਨੀ ਵੱਲੋਂ ਸੁਪਰੀਮ ਕੋਰਟ ਦੇ ਵਕੀਲ ਨਾਲ 68 ਲੱਖ ਦੀ ਠੱਗੀ
NEXT STORY