ਅੰਮ੍ਰਿਤਸਰ - ਪੰਜਾਬ ਦੀ ਸਿਆਸਤ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਹੁਣ ਤੋਂ ਹੀ ਤੇਜ਼ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਇਹ ਚੋਣਾਂ ਜਿੱਥੇ ਪਾਰਟੀ ਦੀ ਹੋਂਦ ਨੂੰ ਮੁੜ ਸਥਾਪਤ ਕਰਨ ਦਾ ਸਵਾਲ ਹਨ, ਉੱਥੇ ਹੀ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਨੂੰ ਹਕੀਕਤ ਵਿਚ ਬਦਲਣ ਦਾ ਇਕ ਸੁਨਹਿਰੀ ਮੌਕਾ ਵੀ ਹਨ। ਪਰ ਸਿਆਸੀ ਮਾਹਿਰਾਂ ਅਤੇ ਪਾਰਟੀ ਦੇ ਵਫ਼ਾਦਾਰ ਹਲਕਿਆਂ ਵਿਚ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਜੇਕਰ ਟਿਕਟਾਂ ਦੀ ਵੰਡ ਵੇਲੇ ਸੋਚ-ਸਮਝ ਕੇ ਫੈਸਲਾ ਨਾ ਲਿਆ ਗਿਆ, ਤਾਂ ਪਾਰਟੀ ਨੂੰ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਚਰਿੱਤਰਹੀਣ ਅਤੇ ਭ੍ਰਿਸ਼ਟਾਚਾਰ ਮੁਕਤ ਚਿਹਰਿਆਂ ਦੀ ਮੰਗ:
ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਪਾਰਟੀ ਵਰਕਰਾਂ ਅਤੇ ਆਮ ਜਨਤਾ ਵਲੋਂ ਇਹ ਮੰਗ ਉੱਠ ਰਹੀ ਹੈ ਕਿ ਸੁਖਬੀਰ ਬਾਦਲ ਇਸ ਵਾਰ ਕਿਸੇ ਵੀ ਚਰਿੱਤਰਹੀਣ ਅਤੇ ਭ੍ਰਿਸ਼ਟ ਵਿੱਤੀ ਦੇ ਵਿਅਕਤੀ ਨੂੰ ਟਿਕਟ ਨਾ ਦੇਣ। ਪਿਛਲੇ ਕੁਝ ਸਮੇਂ ਵਿਚ ਪਾਰਟੀ ਨੂੰ ਅਜਿਹੇ ਦਾਗ਼ੀ ਚਿਹਰਿਆਂ ਕਾਰਨ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਜੇਕਰ ਇਕ ਵੀ ਗਲਤ ਵਿਅਕਤੀ ਨੂੰ ਟਿਕਟ ਦਿੱਤੀ ਜਾਂਦੀ ਹੈ, ਤਾਂ ਉਸ ਦਾ ਅਸਰ ਸਿਰਫ਼ ਉਸ ਹਲਕੇ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਪੂਰੇ ਪੰਜਾਬ ਵਿਚ ਪਾਰਟੀ ਦਾ ਅਕਸ ਖ਼ਰਾਬ ਹੁੰਦਾ ਹੈ।
ਸੁਖਬੀਰ ਬਾਦਲ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਨੂੰ ਖ਼ਤਰਾ:
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਦਾ ਸੁਪਨਾ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਪਾਰਟੀ ਦੇ ਉਮੀਦਵਾਰ ਮਜ਼ਬੂਤ ਅਤੇ ਸਾਫ਼-ਸੁਥਰੇ ਹੋਣ। ਪੰਜਾਬ ਦਾ ਵੋਟਰ ਹੁਣ ਬਹੁਤ ਜਾਗਰੂਕ ਹੋ ਚੁੱਕਾ ਹੈ। ਜੇਕਰ ਕਿਸੇ ਚਰਿਤਰਹੀਣ ਜਾਂ ਕਿਸੇ ਦਾਗੀ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆ ਜਾਂਦਾ ਹੈ, ਤਾਂ ਵਿਰੋਧੀ ਧਿਰਾਂ ਨੂੰ ਉਸ ਨੂੰ ਘੇਰਨ ਦਾ ਮੌਕਾ ਮਿਲ ਜਾਂਦਾ ਹੈ। ਕਿਸੇ ਗਲਤ ਚੋਣ ਕਾਰਨ ਕਿਤੇ ਸੁਖਬੀਰ ਬਾਦਲ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਅਧੂਰਾ ਹੀ ਨਾ ਰਹਿ ਜਾਵੇ, ਇਸ ਲਈ ਉਮੀਦਵਾਰਾਂ ਦੀ ਪਛਾਣ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ।
ਟਕਸਾਲੀ ਵਰਕਰਾਂ ਅਤੇ ਸਾਫ਼ ਚਿਹਰਿਆਂ ਨੂੰ ਮਿਲੇ ਸਨਮਾਨ:
ਪਾਰਟੀ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਟਕਸਾਲੀ ਆਗੂਆਂ ਅਤੇ ਸਾਫ ਚਿਹਰਿਆਂ ਨੂੰ ਸਨਮਾਨਿਤ ਕਰਦਿਆਂ ਅੱਗੇ ਲਿਆਵੇ ਜੋ ਪਾਰਟੀ ਦੇ ਅਸਲੀ ਵਾਰਿਸ ਹਨ ਅਤੇ ਜਿਨ੍ਹਾਂ ਦਾ ਪਿਛੋਕੜ ਬੇਦਾਗ਼ ਅਤੇ ਪੱਕਾ ਅਕਾਲੀ ਹੈ। ਲਹਿਰਾਉਂਦਾ ਹੋਇਆ ਪਾਰਟੀ ਦਾ ਝੰਡਾ ਤਾਂ ਹੀ ਮਾਣ ਵਧਾਏਗਾ ਜੇਕਰ ਉਸ ਨੂੰ ਚੁੱਕਣ ਵਾਲੇ ਹੱਥ ਸਾਫ਼ ਹੋਣਗੇ।
ਪਾਰਟੀ ਲਈ ਪਿਛਲੀਆਂ ਗਲਤੀਆਂ ਤੋਂ ਸਬਕ ਲੈਣ ਦਾ ਵੇਲਾ:
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਵੱਡਾ ਸਬਕ ਸਾਬਤ ਹੋਈਆਂ। ਪਾਰਟੀ ਦੀ ਹਾਰ ਦੇ ਕਈ ਕਾਰਨਾਂ ਵਿੱਚੋਂ ਸਭ ਤੋਂ ਪ੍ਰਮੁੱਖ ਕਾਰਨ ਗਲਤ ਟਿਕਟਾਂ ਦੀ ਵੰਡ ਨੂੰ ਮੰਨਿਆ ਗਿਆ। ਕਈ ਹਲਕਿਆਂ ਵਿੱਚ ਟਕਸਾਲੀ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਅਜਿਹੇ ਚਿਹਰਿਆਂ 'ਤੇ ਦਾਅ ਲਗਾਇਆ ਗਿਆ, ਜੋ ਜ਼ਮੀਨੀ ਪੱਧਰ 'ਤੇ ਵਰਕਰਾਂ ਨਾਲ ਜੁੜੇ ਨਹੀਂ ਸਨ। ਇਸ ਕਾਰਨ ਪਾਰਟੀ ਦੇ ਪੱਕੇ ਵੋਟ ਬੈਂਕ ਵਿੱਚ ਵੱਡੀ ਸੰਨ੍ਹ ਲੱਗੀ।
ਹੁਣ ਜਦੋਂ ਅਗਲੀਆਂ ਚੋਣਾਂ ਦੀ ਤਿਆਰੀ ਦੀ ਗੱਲ ਚੱਲ ਰਹੀ ਹੈ, ਤਾਂ ਪਾਰਟੀ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ 2022 ਵਾਲੀ ਗਲਤੀ ਨਾ ਦੁਹਰਾਈ ਜਾਵੇ। ਪਾਰਟੀ ਨੂੰ ਆਪਣੇ ਟਕਸਾਲੀ ਅਤੇ ਪੁਰਾਣੇ ਆਗੂਆਂ 'ਤੇ ਭਰੋਸਾ ਜਤਾਉਣਾ ਚਾਹੀਦਾ ਹੈ, ਜਿਨ੍ਹਾਂ ਨੇ ਮੁਸ਼ਕਲ ਸਮੇਂ ਵਿੱਚ ਪਾਰਟੀ ਦਾ ਸਾਥ ਦਿੱਤਾ ਅਤੇ ਉਨਾਂ ਦਾ ਆਪਣੇ ਹਲਕੇ ਵਿੱਚ ਵੀ ਪੱਕਾ ਵੋਟ ਬੈਂਕ ਹੋਵੇ ਜਿਸ ਦੇ ਆਧਾਰ ਤੇ ਜਿੱਤ ਪ੍ਰਾਪਤ ਕੀਤੀ ਜਾ ਸਕੇ।
ਟਿਕਟ ਦੇਣ ਤੋਂ ਪਹਿਲਾਂ ਹਲਕੇ ਦੇ ਲੋਕਾਂ ਦੀ ਰਾਏ ਅਤੇ ਉਮੀਦਵਾਰ ਦੀ ਲੋਕਪ੍ਰਿਯਤਾ ਦਾ ਡੂੰਘਾ ਸਰਵੇਖਣ ਕਰਨਾ ਲਾਜ਼ਮੀ ਹੈ। ਤਜ਼ਰਬੇ ਦੇ ਨਾਲ-ਨਾਲ ਸਾਫ਼-ਸੁਥਰੇ ਅਕਸ ਵਾਲੇ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਤਾਂ ਜੋ ਬਦਲਾਅ ਦੀ ਉਮੀਦ ਰੱਖਣ ਵਾਲੇ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ।
ਵਿਜੀਲੈਂਸ ਵਲੋਂ ਬੀਜ ਸਰਟੀਫਿਕੇਸ਼ਨ ਅਧਿਕਾਰੀ 50,000 ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
NEXT STORY