ਜ਼ੀਰਕਪੁਰ (ਧੀਮਾਨ) : ਚੰਡੀਗੜ੍ਹ-ਅੰਬਾਲਾ ਹਾਈਵੇ ’ਤੇ ਸਿੰਘਪੁਰਾ ਫ਼ਲਾਈਓਵਰ ਉੱਪਰ ਸਵੇਰੇ ਕਰੀਬ 4:30 ਵਜੇ ਆਗਰਾ ਤੋਂ ਅੰਮ੍ਰਿਤਸਰ ਜਾ ਰਹੀ ਟੂਰਿੱਸਟ ਬੱਸ ’ਚ ਅਚਾਨਕ ਅੱਗ ਲੱਗ ਗਈ। ਇਸ ਕਾਰਨ ਇਲਾਕੇ ’ਚ ਦਹਿਸ਼ਤ ਫੈਲ ਗਈ। ਅੱਗ ਲੱਗਣ ਵੇਲੇ ਬੱਸ ’ਚ ਕਰੀਬ 25 ਸਵਾਰੀਆਂ ਮੌਜੂਦ ਸਨ, ਜਿਨ੍ਹਾਂ ’ਚੋਂ ਵਧੇਰੇ ਸਵਾਰੀਆਂ ਸੌਂ ਰਹੀਆਂ ਸਨ। ਅੱਗ ਲਗਦੇ ਹੀ ਬੱਸ ਡਰਾਈਵਰ ਯੋਗੇਸ਼ ਨੇ ਸੂਝ-ਬੂਝ ਨਾਲ ਤੁਰੰਤ ਸਵਾਰੀਆਂ ਨੂੰ ਬੱਸ ਤੋਂ ਬਾਹਰ ਕੱਢਿਆ ਤੇ ਫ਼ਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਮੌਕੇ ’ਤੇ ਜ਼ੀਰਕਪੁਰ ਫ਼ਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਪਹੁੰਚੀਆਂ, ਜਿਨ੍ਹਾਂ ਨੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਪਰ ਤਦ ਤੱਕ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਸੀ। ਐੱਸ.ਐੱਸ.ਐੱਫ. ਟੀਮ ਵੀ ਤੁਰੰਤ ਮੌਕੇ ’ਤੇ ਪਹੁੰਚੀ ਤੇ ਰਾਹਤ ਕਾਰਜ ’ਚ ਲੋਕਾਂ ਦੀ ਮਦਦ ਕੀਤੀ।
ਬੱਸ ਦੇ ਸ਼ੀਸ਼ੇ ਤੋੜ ਕੇ ਸਵਾਰੀਆਂ ਨੂੰ ਕੱਢਿਆ ਬਾਹਰ
ਡਰਾਈਵਰ ਯੋਗੇਸ਼ ਨੇ ਦੱਸਿਆ ਕਿ ਫ਼ਲਾਈਓਵਰ ’ਤੇ ਚੜ੍ਹਦੇ ਹੀ ਬੱਸ ’ਚੋਂ ਧੂੰਆਂ ਨਿਕਲਦਾ ਨਜ਼ਰ ਆਇਆ ਤੇ ਹੌਲੀ-ਹੌਲੀ ਅੱਗ ਵਧਣ ਲੱਗੀ। ਉਸ ਨੇ ਬੱਸ ’ਚ ਮੌਜੂਦ ਫ਼ਾਇਰ ਸਿਲੰਡਰ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਕਾਬੂ ਨਹੀਂ ਪਾਇਆ ਜਾ ਸਕਿਆ। ਹਾਲਾਤ ਬਿਗੜਣ ’ਤੇ ਬੱਸ ਦੇ ਸ਼ੀਸ਼ੇ ਤੋੜ ਕੇ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਤੇ ਉਨ੍ਹਾਂ ਦਾ ਸਾਮਾਨ ਪਿੱਛੇ ਵਾਲੇ ਹਿੱਸੇ ਤੋਂ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਿਆ ਗਿਆ। ਬੱਸ ਵਿਜੇ ਟੂਰ ਐਂਡ ਟ੍ਰੈਵਲਜ਼ ਦੀ ਦੱਸੀ ਜਾ ਰਹੀ ਹੈ, ਜੋ ਰੋਜ਼ਾਨਾ ਆਗਰਾ ਤੋਂ ਅੰਮ੍ਰਿਤਸਰ ਚਲਦੀ ਹੈ।
ਮੁੱਢਲੀ ਜਾਂਚ ’ਚ ਅੱਗ ਲੱਗਣ ਦਾ ਕਾਰਨ ਸ਼ਾਟ ਸਰਕਟ
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸ਼ਾਮ 5 ਵਜੇ ਬੱਸ ਕਰੀਬ 40 ਸਵਾਰੀਆਂ ਨੂੰ ਲੈ ਕੇ ਆਗਰਾ ਤੋਂ ਨਿਕਲੀ ਸੀ, ਜਿਨ੍ਹਾਂ ’ਚੋਂ ਪਾਣੀਪਤ ਤੇ ਕਰਨਾਲ ’ਚ ਕਰੀਬ 15 ਸਵਾਰੀਆਂ ਉਤਰ ਗਈਆਂ। ਬਾਕੀ ਸਵਾਰੀਆਂ ਚੰਡੀਗੜ੍ਹ ਤੇ ਅੰਮ੍ਰਿਤਸਰ ਜਾਣ ਵਾਲੀਆਂ ਸਨ ਪਰ ਜ਼ੀਰਕਪੁਰ ਪਹੁੰਚਣ ’ਤੇ ਬੱਸ ’ਚ ਅੱਗ ਲੱਗਣ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਨੇ ਆਪਣੇ ਪੱਧਰ ’ਤੇ ਅੱਗੇ ਜਾਣ ਲਈ ਸਾਧਨਾਂ ਦਾ ਪ੍ਰਬੰਧ ਕੀਤਾ। ਬੱਸ ਮਾਲਕ ਅਨਵਰ ਨੇ ਕਿਹਾ ਕਿ ਬੀ.ਐੱਸ.-6 ਮਾਡਲ ਦੀਆਂ ਬੱਸਾਂ ਆਉਣ ਤੋਂ ਬਾਅਦ ਇਸ ਤਰ੍ਹਾਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਫਾਇਰ ਅਫ਼ਸਰ ਜਸਵੰਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਅੱਗ ਲੱਗਣ ਦਾ ਕਾਰਨ ਸ਼ਾਟ ਸਰਕਟ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖੁਸ਼ਕਿਸਮਤੀ ਨਾਲ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ।
ਅੰਮ੍ਰਿਤਸਰ ਸਰਹੱਦ 'ਤੇ ਵਧਿਆ ਖ਼ਤਰਾ ! ਡਰੋਨਾਂ ਮੂਵਮੈਂਟ ਬੇਕਾਬੂ, 11 ਮਹੀਨਿਆਂ ਦਾ ਅੰਕੜਾ ਕਰੇਗਾ ਹੈਰਾਨ
NEXT STORY