ਚੰਡੀਗੜ੍ਹ, (ਰਜਿੰਦਰ)- ਚੰਡੀਗੜ੍ਹ ਵਪਾਰ ਮੰਡਲ ਦੇ ਇਕ ਪ੍ਰਤੀਨਿਧੀ ਮੰਡਲ ਨੇ ਬੁੱਧਵਾਰ ਨੂੰ ਪ੍ਰਧਾਨ ਅਨਿਲ ਵੋਹਰਾ ਦੀ ਅਗਵਾਈ ਵਿਚ ਐੱਸ. ਐੱਸ. ਪੀ. ਨਿਲਾਂਬਰੀ ਵਿਜੇ ਜਗਦਲੇ ਨਾਲ ਮੁਲਾਕਾਤ ਕੀਤੀ ਅਤੇ ਸ਼ਹਿਰ 'ਚ ਲਾਅ ਐਂਡ ਆਰਡਰ ਦੀ ਹਾਲਤ 'ਤੇ ਆਪਣੀ ਚਿੰਤਾ ਪ੍ਰਗਟ ਕੀਤੀ। ਪ੍ਰਤੀਨਿਧੀ ਮੰਡਲ ਨੇ ਗੋਪਾਲ ਸਵੀਟਸ ਦੇ ਮਾਲਕ ਨਾਲ ਹੋਈ ਲੁੱਟ ਦੀ ਘਟਨਾ 'ਤੇ ਵੀ ਰੋਸ ਪ੍ਰਗਟ ਕੀਤਾ। ਵਪਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਦੇ ਹੌਸਲੇ ਇਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੇ ਹੁਣ ਸੈਕਟਰ-11 ਦੇ ਕੁਮਾਰ ਟ੍ਰੇਡਰਜ਼ ਦੇ ਮਾਲਕ ਤੋਂ ਵੀ ਰੰਗਦਾਰੀ ਮੰਗੀ ਹੈ। ਪ੍ਰਧਾਨ ਅਨਿਲ ਵੋਹਰਾ ਨੇ ਲੁੱਟ ਦੀ ਘਟਨਾ 'ਤੇ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਛੇਤੀ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਤਾਂ ਕਿ ਮੁਲਜ਼ਮਾਂ 'ਚ ਖੌਫ ਵਧ ਸਕੇ। ਚੇਅਰਮੈਨ ਚਰਨਜੀਵ ਸਿੰਘ ਨੇ ਕਿਹਾ ਕਿ ਵਪਾਰੀਆਂ ਦੀ ਸੁਰੱਖਿਆ ਲਈ ਪੁਲਸ ਨੂੰ ਹੋਰ ਕਦਮ ਚੁੱਕਣੇ ਚਾਹੀਦੇ ਹਨ।
ਇਸ ਲਈ ਮਾਰਕੀਟ ਵਿਚ ਸਟਾਫ ਅਤੇ ਪੀ. ਸੀ. ਆਰ. ਦੀ ਵੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ। ਐਡਵਾਈਜ਼ਰ ਕਮਲਜੀਤ ਸਿੰਘ ਪੰਛੀ ਨੇ ਕਿਹਾ ਕਿ ਵਰਤਮਾਨ ਲਾਅ ਐਂਡ ਆਰਡਰ ਦੀ ਹਾਲਤ ਨੂੰ ਲੈ ਕੇ ਵਪਾਰੀਆਂ ਨਾਲ ਸੈਕਟਰ-29 ਟ੍ਰੈਫਿਕ ਲਾਈਨ ਆਡੀਟੋਰੀਅਮ 'ਚ ਮੀਟਿੰਗ ਬੁਲਾਈ ਜਾਣੀ ਚਾਹੀਦੀ ਹੈ, ਤਾਂ ਕਿ ਸ਼ਹਿਰ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਸਕਣ। ਐੱਸ. ਐੱਸ. ਪੀ. ਨੇ ਪ੍ਰਤੀਨਿਧੀ ਮੰਡਲ ਨੂੰ ਭਰੋਸਾ ਦਿੱਤਾ ਕਿ ਉਹ ਦੋਨਾਂ ਅਪਰਾਧਿਕ ਘਟਨਾਵਾਂ ਨੂੰ ਛੇਤੀ ਹੱਲ ਕਰਨ ਲਈ ਪੂਰੀ ਕੋਸ਼ਿਸ਼ ਕਰਨਗੇ। ਦੋਸ਼ੀਆਂ ਦੀ ਗ੍ਰਿਫਤਾਰੀ ਦੇ ਨਾਲ ਹੀ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੁਰੱਖਿਆ ਲਈ ਮਾਰਕੀਟ 'ਚ ਪੀ. ਸੀ. ਆਰ. ਨੂੰ ਵੀ ਤਾਇਨਾਤ ਕੀਤਾ ਜਾਵੇਗਾ।
ਪੁਲਸ ਨੇ ਰਈਆ 'ਚ ਬਦਕਾਰੀ ਦੇ ਅੱਡੇ ਨੂੰ ਕੀਤਾ ਬੇਨਕਾਬ
NEXT STORY