ਲੁਧਿਆਣਾ(ਸੰਨੀ)-ਨਗਰ ਦੇ ਹਰ ਕੋਨੇ 'ਚ ਦੋਪਹੀਆ ਵਾਹਨਾਂ ਨੂੰ ਰਾਕੇਟ ਦੀ ਰਫਤਾਰ ਨਾਲ ਦੌੜਾਉਂਦੇ ਹੋਏ ਟੀਨ-ਏਜਰ ਖਤਰਿਆਂ ਦੇ ਖਿਡਾਰੀ ਬਣੇ ਹੋਏ ਹਨ। ਅਨਟਰੇਂਡ ਅੰਡਰ-ਏਜ ਚਾਲਕ ਆਪਣੀ ਤੇ ਸੜਕ 'ਤੇ ਚੱਲ ਰਹੀ ਹੋਰਨਾਂ ਲੋਕਾਂ ਦੀ ਜਾਨ ਲਈ ਵੀ ਖਤਰਾ ਬਣੇ ਹੋਏ ਹਨ। ਨਗਰ ਦੀ ਟਰੈਫਿਕ ਪੁਲਸ ਵੱਲੋਂ ਸਕੂਲਾਂ ਵਿਚ ਸੈਮੀਨਾਰ ਕਰ ਕੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਚਲਾਨ ਵੀ ਕੀਤੇ ਜਾਂਦੇ ਹਨ ਪਰ ਟਰੈਫਿਕ ਪੁਲਸ ਦੀ ਇਹ ਸਖ਼ਤੀ ਨਾ-ਮਾਤਰ ਸਾਬਤ ਹੋ ਰਹੀ ਹੈ। ਅਜਿਹੇ ਹੀ ਕੁੱਝ ਅੰਡਰ-ਏਜ ਚਾਲਕਾਂ ਨੂੰ 'ਜਗ ਬਾਣੀ' ਟੀਮ ਨੇ ਆਪਣੇ ਕੈਮਰੇ 'ਚ ਕੈਦ ਕੀਤਾ ਹੈ, ਜੋ ਸਾਰੇ ਟਰੈਫਿਕ ਨਿਯਮਾਂ ਨੂੰ ਟਿੱਚ ਜਾਣਦੇ ਹੋਏ ਦੋਪਹੀਆ ਵਾਹਨ ਦੌੜਾ ਰਹੇ ਸਨ। ਕਈ ਚਾਲਕਾਂ ਨੇ ਤਾਂ ਸੜਕਾਂ ਨੂੰ ਪਲੇਅ ਗਰਾਊਂਡ ਹੀ ਬਣਾ ਰੱਖਿਆ ਸੀ ਅਤੇ ਵਾਹਨ ਦੌੜਾਉਂਦੇ ਸਮੇਂ ਸੜਕਾਂ 'ਤੇ ਹੀ ਸ਼ਰਾਰਤਾਂ ਕਰਦੇ ਦੇਖੇ ਗਏ। ਅਨਟਰੇਂਡ ਅੰਡਰ-ਏਜ ਚਾਲਕ ਜਿਨ੍ਹਾਂ ਨੇ ਅਜੇ ਦੁਨੀਆ ਨੂੰ ਸਹੀ ਤਰੀਕੇ ਨਾਲ ਦੇਖਿਆ ਤੱਕ ਨਹੀਂ, ਕੋਈ ਹਾਦਸਾ ਹੋਣ 'ਤੇ ਆਪਣੀ ਜਾਨ ਗੁਆਉਣ ਦੇ ਨਾਲ ਹੀ ਦੂਸਰਿਆਂ ਦੀ ਜਾਨ ਵੀ ਲੈ ਸਕਦੇ ਹਨ। ਜ਼ਿਆਦਾਤਰ ਅੰਡਰ-ਏਜ ਚਾਲਕ ਹੈਲਮੇਟ ਦੀ ਵਰਤੋਂ ਵੀ ਨਹੀਂ ਕਰਦੇ।
ਟਰੈਫਿਕ ਪੁਲਸ ਵੱਲੋਂ ਕਈ ਵਾਰ ਸਕੂਲਾਂ ਦੇ ਬਾਹਰ ਨਾਕਾਬੰਦੀ ਕਰ ਕੇ ਅੰਡਰ-ਏਜ ਚਾਲਕਾਂ ਦੇ ਚਲਾਨ ਕਰ ਕੇ ਆਪਣੀ ਡਿਊਟੀ ਨਿਭਾਅ ਦਿੱਤੀ ਜਾਂਦੀ ਹੈ, ਜੇਕਰ ਟਰੈਫਿਕ ਪੁਲਸ ਮੌਕੇ 'ਤੇ ਹੀ ਅੰਡਰ-ਏਜ ਚਾਲਕਾਂ ਦੇ ਮਾਪਿਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਏ ਤਾਂ ਹੋ ਸਕਦਾ ਹੈ ਕਿ ਨਗਰ 'ਚ ਅੰਡਰ-ਏਜ ਡਰਾਈਵਿੰਗ ਵਿਚ ਕਮੀ ਆਵੇ।
ਸੁੰਨਸਾਨ ਸੜਕਾਂ ਬਣੀਆਂ ਸਟੰਟ ਪੁਆਇੰਟ
ਇਸ ਦੇ ਨਾਲ ਹੀ ਨਗਰ ਦੀਆਂ ਕੁੱਝ ਸੁੰਨਸਾਨ ਸੜਕਾਂ ਨੂੰ ਅੰਡਰ-ਏਜ ਚਾਲਕਾਂ ਨੇ ਸਟੰਟ ਪੁਆਇੰਟ ਬਣਾਇਆ ਹੋਇਆ ਹੈ, ਜਿੱਥੇ ਸ਼ਾਮ ਢਲਦੇ ਹੀ ਮਹਿੰਗੀਆਂ ਬਾਈਕਾਂ 'ਤੇ ਸਵਾਰ ਹੋ ਕੇ ਅੰਡਰ-ਏਜ ਚਾਲਕ ਗਰੁੱਪਾਂ ਵਿਚ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ। ਮਾਪਿਆਂ ਦੀ ਜਾਣਕਾਰੀ ਦੇ ਬਿਨਾਂ ਇਨ੍ਹਾਂ ਅੰਡਰ-ਏਜ ਚਾਲਕਾਂ ਵੱਲੋਂ ਖਤਰਨਾਕ ਸਟੰਟ ਪੇਸ਼ ਕਰ ਕੇ ਖੁਦ ਨੂੰ ਤੇ ਹੋਰਨਾਂ ਲੋਕਾਂ ਨੂੰ ਮੌਤ ਦੇ ਮੂੰਹ 'ਚ ਧੱਕਿਆ ਜਾ ਰਿਹਾ ਹੈ।
ਸਕੂਲ ਦੇ ਨਾਲ ਲਗਦੀਆਂ ਕਾਲੋਨੀਆਂ ਬਣੀਆਂ ਪਾਰਕਿੰਗ ਪੁਆਇੰਟ
ਨਗਰ 'ਚ ਜ਼ਿਆਦਾਤਰ ਪ੍ਰਮੁੱਖ ਸਕੂਲ ਵਿਦਿਆਰਥੀਆਂ ਨੂੰ ਸਕੂਲ ਕੰਪਲੈਕਸ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਵਾਹਨ ਲੈ ਕੇ ਆਉਣ ਤੋਂ ਰੋਕਦੇ ਹਨ। ਅਜਿਹੇ 'ਚ ਵਿਦਿਆਰਥੀ ਵਰਗ ਆਪਣੇ ਦੋਪਹੀਆ ਵਾਹਨਾਂ ਨੂੰ ਸਕੂਲਾਂ ਦੇ ਬਾਹਰ ਜਾਂ ਸਕੂਲ ਦੇ ਆਲੇ-ਦੁਆਲੇ ਦੀਆਂ ਗਲੀਆਂ ਵਿਚ ਪਾਰਕ ਕਰ ਕੇ ਉਥੇ ਪਾਰਕਿੰਗ ਪੁਆਇੰਟ ਬਣਾ ਦਿੰਦੇ ਹਨ। ਅਜਿਹੇ ਨਾਜਾਇਜ਼ ਪਾਰਕਿੰਗ ਪੁਆਇੰਟ ਉਥੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਲਈ ਵੀ ਮੁਸੀਬਤ ਬਣੇ ਹੋਏ ਹਨ।
2017 'ਚ ਕੀਤੇ ਗਏ ਅੰਡਰ-ਏਜ ਚਾਲਕਾਂ ਦੇ ਚਲਾਨ
ਉਥੇ ਟਰੈਫਿਕ ਪੁਲਸ ਵੱਲੋਂ ਅੰਡਰ-ਏਜ ਚਾਲਕਾਂ ਖਿਲਾਫ ਕੀਤੀ ਗਈ ਕਾਰਵਾਈ ਨਾ-ਮਾਤਰ ਹੈ। ਟਰੈਫਿਕ ਪੁਲਸ ਵੱਲੋਂ ਸਾਲ 2017 'ਚ ਅਜਿਹੇ ਸਿਰਫ 350 ਚਾਲਕਾਂ ਦੇ ਹੀ ਚਲਾਨ ਕੀਤੇ ਗਏ ਹਨ, ਜੋ ਨਗਰ ਦੀ ਆਬਾਦੀ ਤੇ ਹੋਰਨਾਂ ਚਲਾਨਾਂ ਦੇ ਮੁਕਾਬਲੇ ਨਾ-ਮਾਤਰ ਹੀ ਹਨ।
ਕੀ ਕਹਿੰਦੇ ਹਨ ਅਧਿਕਾਰੀ
ਇਸ ਸਬੰਧ 'ਚ ਏ. ਡੀ. ਸੀ. ਪੀ. ਟਰੈਫਿਕ ਸੁਖਪਾਲ ਸਿੰਘ ਬਰਾੜ ਦਾ ਕਹਿਣਾ ਹੈ ਕਿ ਟਰੈਫਿਕ ਪੁਲਸ ਰੁਟੀਨ 'ਚ ਅੰਡਰ-ਏਜ ਚਾਲਕਾਂ ਖਿਲਾਫ ਕਾਰਵਾਈ ਕਰਦੀ ਰਹਿੰਦੀ ਹੈ। ਟਰੈਫਿਕ ਪੁਲਸ ਵੱਲੋਂ ਅੰਡਰ-ਏਜ ਚਾਲਕਾਂ ਖਿਲਾਫ ਜਲਦੀ ਹੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ, ਜਿਸ ਵਿਚ ਮਾਪਿਆਂ ਨੂੰ ਵੀ ਮੌਕੇ 'ਤੇ ਬੁਲਾ ਕੇ ਉਨ੍ਹਾਂ ਨੂੰ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਕਰਵਾਇਆ ਜਾਵੇਗਾ।
ਅੰਦਰੂਨੀ ਸਰਵੇ ਰਾਹੀਂ ਉਮੀਦਵਾਰ ਤੈਅ ਕਰੇਗੀ ਕਾਂਗਰਸ
NEXT STORY