ਲੁਧਿਆਣਾ (ਮਹਿੰਦਰੂ) : ਮੌਜੂਦਾ ਸਮੇਂ ਜਦੋਂ ਸਾਡਾ ਸਮਾਜ ਕੋਰੋਨਾ ਮਹਾਮਾਰੀ ਕਾਰਨ ਮਾੜੇ ਆਰਥਿਕ ਹਾਲਾਤ, ਬੇਰੁਜ਼ਗਾਰੀ ਅਤੇ ਬਿਮਾਰੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹੈ ਤਾਂ ਅਜਿਹੇ ਸਮੇਂ ਸਾਨੂੰ ਆਪਣੇ ਚੰਗੇ ਜੀਵਨ, ਬੱਚਿਆਂ ਦੇ ਸੁਨਹਿਰੀ ਭਵਿੱਖ ਅਤੇ ਤੰਦਰੁਸਤ ਸਰੀਰ ਰੱਖਣ ਲਈ ਖ਼ੁਦ ਸੁਚੇਤ ਹੋ ਕੇ ਆਪਣੀ ਜ਼ਿੰਮੇਵਾਰੀ ਸੰਭਾਲਣੀ ਪਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਵਿਧਾਇਕ ਸ. ਮਨਪ੍ਰੀਤ ਸਿੰਘ ਇਆਲੀ ਨੇ ਅੱਜ ਬੇਟ ਇਲਾਕੇ ਦੇ ਪਿੰਡ ਤਲਵਾੜਾ ਦੇ ਖੇਡ ਗਰਾਊਂਡ ਵਿਖੇ ਕੀਤਾ। ਇੱਥੇ ਸੁਰੱਖਿਆ ਫੋਰਸਾਂ ਦੀਆਂ ਭਵਿੱਖ ਵਿਚ ਨਿਕਲਣ ਵਾਲੀਆਂ ਅਸਾਮੀਆਂ ਲਈ ਹਰ ਵਰਗ ਦੇ ਨੌਜਵਾਨ ਬੱਚੇ-ਬੱਚੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਲਾਕੇ ਦੇ ਛੁੱਟੀ ਆਏ ਫੌਜੀ ਅਧਿਕਾਰੀ ਵੱਲੋਂ ਇਸ ਕੈਂਪ ਦਾ ਉਪਰਾਲਾ ਕੀਤਾ ਗਿਆ, ਜਿਸ ਲਈ ਕੁੱਝ ਜ਼ਰੂਰੀ ਸਮਾਨ ਦੀ ਲੋੜ ਸੀ ਅਤੇ ਇਲਾਕੇ ਦੇ ਲੋਕਾਂ ਵੱਲੋਂ ਇਹ ਮੰਗ ਮੇਰੇ ਧਿਆਨ ਵਿੱਚ ਲਿਆਂਦੀ ਗਈ। ਇਸ ਉਪਰੰਤ ਮੇਰੇ ਵੱਲੋਂ ਟ੍ਰੇਨਿੰਗ ਕੈਂਪ ਲਈ ਸਮੁੱਚਾ ਸਮਾਨ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਬੱਚਿਆਂ ਕੋਲ ਕੋਈ ਚੰਗਾ ਮੰਚ ਹੋਵੇ ਤਾਂ ਸੁਭਾਵਿਕ ਤੌਰ 'ਤੇ ਬੱਚਿਆਂ ਦੀ ਪ੍ਰਤਿਭਾ ਵਿਚ ਨਿਖਾਰ ਆਉਣਾ ਸ਼ੁਰੂ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਤਤਕਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਸਾਡੇ ਵੱਲੋਂ ਹਲਕਾ ਦਾਖਾ ਦੇ ਵੱਖੋ-ਵੱਖਰੇ ਪਿੰਡਾਂ ਅੰਦਰ 70 ਸਪੋਰਟਸ ਪਾਰਕਾਂ ਦਾ ਨਿਰਮਾਣ ਕੀਤਾ ਗਿਆ ਸੀ ਤਾਂ ਜੋ ਸਮਾਜਿਕ ਅਲਾਮਤਾਂ ਤੋਂ ਬਚ ਕੇ ਨੌਜਵਾਨ ਆਪਣੀ ਸਰੀਰਕ ਐਨਰਜੀ ਇਨ੍ਹਾਂ ਖੇਡ ਗਰਾਊਂਡਾਂ ਵਿੱਚ ਲਗਾ ਸਕਣ। ਉਨ੍ਹਾਂ ਕਿਹਾ ਕਿ ਇਸ ਵਿੱਚ ਅਸੀਂ ਕਾਫ਼ੀ ਹੱਦ ਤਕ ਸਫ਼ਲ ਰਹੇ ਹਾਂ ਅਤੇ ਇਨ੍ਹਾਂ ਪਾਰਕਾਂ ਵਿੱਚ ਨੌਜਵਾਨਾਂ ਦੇ ਨਾਲ ਬਜ਼ੁਰਗਾਂ ਅਤੇ ਬੱਚਿਆਂ ਦੀ ਭਰਪੂਰ ਹਾਜ਼ਰੀ ਸਾਡੇ ਹੌਂਸਲੇ ਨੂੰ ਹੋਰ ਮਜ਼ਬੂਤ ਕਰਦੀ ਹੈ।
ਵਿਧਾਇਕ ਇਆਲੀ ਨੇ ਕਿਹਾ ਕਿ ਸਮੇਂ-ਸਮੇਂ 'ਤੇ ਵੱਖ-ਵੱਖ ਸੁਰੱਖਿਆ ਫੋਰਸਾਂ ਵਿੱਚ ਭਰਤੀਆਂ ਨਿਕਲਦੀਆਂ ਰਹਿੰਦੀਆਂ ਹਨ ਪਰ ਸਾਡੇ ਨੌਜਵਾਨ ਬੱਚੇ-ਬੱਚੀਆਂ ਸਰੀਰਕ ਅਭਿਆਸ ਨਾ ਹੋਣ ਕਾਰਨ ਇਸ ਪੇਪਰ ਨੂੰ ਪਾਸ ਨਹੀਂ ਕਰ ਪਾਉਂਦੇ ਪਰ ਅਜਿਹੇ ਕੈਂਪਾਂ ਅੰਦਰ ਅਭਿਆਸ ਕਰਨ ਤੋਂ ਬਾਅਦ ਬੱਚੇ ਹਰ ਯੋਗਤਾ ਪੂਰੀ ਕਰਨ ਦੇ ਸਮਰੱਥ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਕੈਂਪ ਵਿੱਚ ਬੱਚਿਆਂ ਦੇ ਉਤਸ਼ਾਹ ਨੂੰ ਵੇਖਦੇ ਹੋਏ ਉਹ ਜਲਦ ਹੀ ਹਲਕੇ ਦੇ ਹੋਰ ਖੇਡ ਪਾਰਕਾਂ ਅੰਦਰ ਵੀ ਇਹੋ ਜਿਹੇ ਟ੍ਰੇਨਿੰਗ ਕੈਂਪਾਂ ਦੀ ਸ਼ੁਰੂਆਤ ਕਰਵਾਉਣ ਜਾ ਰਹੇ ਹਨ ਤਾਂ ਜੋ ਇਹ ਸਹੂਲਤ ਪੂਰੇ ਹਲਕੇ ਦੇ ਬੱਚਿਆਂ ਨੂੰ ਮਿਲ ਸਕੇ।
ਰਾਹੁਲ ਗਾਂਧੀ ਨੂੰ ਮਿਲਣ ਮਗਰੋਂ 'ਸੁਖਪਾਲ ਖਹਿਰਾ' ਦਾ ਪਹਿਲਾ ਬਿਆਨ ਆਇਆ ਸਾਹਮਣੇ
NEXT STORY