ਬਠਿੰਡਾ(ਸੁਖਵਿੰਦਰ)-ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਚ ਜਾਣ ਵਾਲੇ ਟਰੱਕਾਂ ਤੋਂ ਗੁੰਡਾ ਟੈਕਸ ਵਸੂਲਣ ਦਾ ਮਾਮਲਾ ਉਛਾਲਣ ਦੇ ਬਾਅਦ ਬੇਸ਼ੱਕ ਉਸ ਨਾਲ ਸਬੰਧਤ ਲੋਕਾਂ ਨੇ ਆਪਣੇ ਟੈਂਟ ਹਟਾ ਦਿੱਤੇ ਹਨ ਪਰ ਹੁਣ ਗੁੰਡਾ ਟੈਕਸ ਮੋਟਰਸਾਈਕਲ ਸਵਾਰਾਂ ਵਲੋਂ ਵਸੂਲ ਕੀਤਾ ਜਾਣ ਲੱਗਿਆ ਹੈ। ਮੋਟਰਸਾਈਕਲ ਸਕੁਐਡ ਦੇ ਇਹ ਮੈਂਬਰ ਰਸਤਿਆਂ 'ਚ ਹੀ ਟਰੱਕਾਂ ਨੂੰ ਰੋਕ ਕੇ ਜਬਰਨ ਉਨ੍ਹਾਂ ਤੋਂ ਟੈਕਸ ਦੀ ਵਸੂਲੀ ਕਰਨ ਲੱਗੇ ਹਨ। ਉਕਤ ਇਲਜ਼ਾਮ 'ਆਪ' ਮਾਲਵਾ ਜ਼ੋਨ-1 ਦੇ ਪ੍ਰਧਾਨ ਅਨਿਲ ਕੁਮਾਰ ਅਤੇ ਜ਼ਿਲਾ ਪ੍ਰਧਾਨ ਐਡਵੋਕੇਟ ਨਵਦੀਪ ਜੀਦਾ ਨੇ ਲਾਏ। ਉਨ੍ਹਾਂ ਨੇ ਇਸ ਸਬੰਧ ਵਿਚ ਐੱਸ.ਐੱਸ.ਪੀ. ਬਠਿੰਡਾ ਨੂੰ ਇਕ ਮੰਗ-ਪੱਤਰ ਸੌਂਪ ਕੇ ਉਕਤ ਲੋਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੱਤਾਧਾਰੀ ਲੋਕਾਂ ਦੇ ਚਹੇਤਿਆਂ ਵਲੋਂ ਲਗਾਤਾਰ ਰਿਫਾਇਨਰੀ ਵਿਚ ਜਾਣ ਵਾਲੀ ਟ੍ਰਾਂਸਪੋਰਟ ਤੋਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਹਰ ਰੋਜ਼ ਲੱਖਾਂ ਰੁਪਏ ਦੀ ਨਾਜਾਇਜ਼ ਵਸੂਲੀ ਹੋ ਰਹੀ ਸੀ ਅਤੇ ਜ਼ਿਲਾ ਪੁਲਸ ਪ੍ਰਸ਼ਾਸਨ ਸਭ ਕੁਝ ਜਾਣਦੇ ਹੋਏ ਵੀ ਖਾਮੋਸ਼ ਸੀ। ਮੀਡੀਆ ਵਿਚ ਮਾਮਲਾ ਉੱਠਣ ਦੇ ਬਾਅਦ ਗੁੰਡਾ ਟੈਕਸ ਵਸੂਲ ਕਰਨ ਵਾਲਿਆਂ ਨੇ ਰਿਫਾਇਨਰੀ ਦੇ ਆਸਪਾਸ ਲਾਏ ਆਪਣੇ ਅਸਥਾਈ ਟੈਂਟ ਤਾਂ ਹਟਾ ਲਏ ਪਰ ਗੁੰਡਾ ਟੈਕਸ ਦੀ ਵਸੂਲੀ ਬੰਦ ਨਹੀਂ ਹੋ ਸਕੀ। ਹੁਣ ਇਨ੍ਹਾਂ ਲੋਕਾਂ ਨੇ ਟੈਕਸ ਵਸੂਲੀ ਦਾ ਨਵਾਂ ਤਰੀਕਾ ਅਪਣਾ ਲਿਆ ਹੈ। ਇਸ ਲਈ ਇਨ੍ਹਾਂ ਲੋਕਾਂ ਨੇ ਮੋਟਰਸਾਈਕਲ ਸਵਾਰਾਂ ਦੀ ਇਕ ਟੀਮ ਬਣਾਈ ਹੈ ਜੋ ਰਸਤੇ ਵਿਚ ਕਿਤੇ ਵੀ ਟਰੱਕਾਂ ਆਦਿ ਨੂੰ ਰੋਕ ਕੇ ਉਨ੍ਹਾਂ ਤੋਂ ਜਬਰਨ ਗੁੰਡਾ ਟੈਕਸ ਦੀ ਵਸੂਲੀ ਕਰ ਰਹੇ ਹਨ। ਪਾਰਟੀ ਨੇਤਾਵਾਂ ਨੇ ਐੱਸ.ਐੱਸ.ਪੀ. ਤੋਂ ਮੰਗ ਕੀਤੀ ਹੈ ਕਿ ਪੁਲਸ ਦੀ ਇਕ ਵਿਸ਼ੇਸ ਟੀਮ ਨੂੰ ਰਿਫਾਇਨਰੀ ਅਤੇ ਉਸ ਨੂੰ ਆਉਣ-ਜਾਣ ਵਾਲੇ ਰਸਤਿਆਂ 'ਤੇ ਤਾਇਨਾਤ ਕੀਤਾ ਜਾਵੇ ਅਤੇ ਇਸ ਜਬਰਨ ਵਸੂਲੀ 'ਤੇ ਪੂਰੀ ਤਰ੍ਹਾਂ ਰੋਕ ਲਾਈ ਜਾਵੇ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਪਾਰਟੀ ਵਲੋਂ ਬਠਿੰਡਾ ਵਿਚ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਬੁਲਾਰਿਆਂ ਨੀਲ ਗਰਗ, ਮਾਲਵਾ ਜ਼ੋਨ ਮੀਡੀਆ ਮੁਖੀ ਰਾਕੇਸ਼ ਪੁਰੀ, ਸ਼ਹਿਰੀ ਪ੍ਰਧਾਨ ਭੁਪਿੰਦਰ ਬਾਂਸਲ, ਜੁਆਇੰਟ ਸਕੱਤਰ ਨਿੱਕਾ ਰਾਮ, ਬਲਾਕ ਪ੍ਰਧਾਨ ਪ੍ਰਦੀਪ ਕਾਲੀਆ, ਵਿਕਰਮ ਲਵਲੀ, ਨਛੱਤਰ ਸਿੰਘ, ਗੁਰਲਾਲ ਸਿੰਘ ਆਦਿ ਵੀ ਹਾਜ਼ਰ ਸਨ।
ਕਿਸਾਨਾਂ ਨੇ ਫੂਕਿਆ ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ
NEXT STORY