ਚੰਡੀਗੜ੍ਹ (ਭੁੱਲਰ)- ਪੰਜਾਬ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਪਨਬੱਸ ਕੰਟ੍ਰੈਕਟ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਮਾਮਲਾ ਮੁੱਖ ਮੰਤਰੀ 'ਤੇ ਛੱਡ ਦਿੱਤਾ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਇਹ ਮੰਗ ਪੂਰੀ ਕਰਨਾ ਉਨ੍ਹਾਂ ਦੇ ਹੱਥ ਵਿਚ ਨਹੀਂ ਹੈ। ਅੱਜ ਇਥੇ ਪਨਬੱਸ ਕਾਂਟ੍ਰੈਕਟ ਕਾਮਿਆਂ ਦੀ ਯੂਨੀਅਨ ਨਾਲ ਮੰਤਰੀ ਦੀ ਤੀਜੀ ਵਾਰ ਹੋਈ ਮੀਟਿੰਗ ਵੀ ਬੇਨਤੀਜਾ ਰਹੀ। ਇਸ ਤਰ੍ਹਾਂ ਅੱਜ ਦੀ ਮੀਟਿੰਗ ਤੋਂ ਬਾਅਦ ਯੂਨੀਅਨ ਦੀ ਮੰਤਰੀ ਨਾਲ ਗੱਲਬਾਤ ਟੁੱਟ ਗਈ ਹੈ। ਇਸ ਦਾ ਮੁੱਖ ਕਾਰਣ ਕਾਂਟ੍ਰੈਕਟ ਕਾਮਿਆਂ ਨੂੰ ਰੈਗੂਲਰ ਕਰਨ ਦਾ ਮਾਮਲਾ ਹੀ ਹੈ, ਜਿਸ ਦਾ ਸਰਕਾਰ ਕੋਲ ਹਾਲੇ ਕੋਈ ਠੋਸ ਹੱਲ ਨਹੀਂ ਹੈ।
ਮੀਟਿੰਗ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਉਹ ਮੰਗਾਂ ਸਬੰਧੀ ਆਪਣੀ ਰਿਪੋਰਟ ਤਿਆਰ ਕਰ ਕੇ ਮੁੱਖ ਮੰਤਰੀ ਨੂੰ ਦੇ ਦੇਣਗੇ। ਤਨਖਾਹ 'ਚ ਵਾਧੇ ਵਰਗੀਆਂ ਮੰਗਾਂ ਤਾਂ ਮੰਤਰੀ ਪੱਧਰ 'ਤੇ ਹੱਲ ਹੋ ਸਕਦੀਆਂ ਹਨ ਪਰ ਕਾਂਟ੍ਰੈਕਟ ਕਾਮਿਆਂ ਨੂੰ ਰੈਗੂਲਰ ਕਰਨ ਦੀ ਮੰਗ ਮੁੱਖ ਮੰਤਰੀ ਹੀ ਪੂਰੀ ਕਰ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਹੀ ਵਿਭਾਗਾਂ ਨਾਲ ਸਬੰਧਤ ਕਾਂਟ੍ਰੈਕਟ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਬਧੀ ਕੈਬਨਿਟ ਸਬ ਕਮੇਟੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਤੇ ਸਰਕਾਰ ਕੋਈ ਨੀਤੀ ਬਣਾ ਕੇ ਸਭ ਦਾ ਇਕੱਠਾ ਹੀ ਫੈਸਲਾ ਲਏਗੀ। ਅੱਜ ਮੰਤਰੀ ਨਾਲ ਹੋਈ ਮੀਟਿੰਗ 'ਚ ਯੂਨੀਅਨ ਦੇ ਸਕੱਤਰ ਬਲਜੀਤ ਸਿੰਘ, ਸਰਪ੍ਰਸਤ ਕਮਲ ਕੁਮਾਰ, ਚੇਅਰਮੈਨ ਸਲਵਿੰਦਰ ਸਿੰਘ, ਖਜ਼ਾਨਚੀ ਬਲਜਿੰਦਰ ਸਿੰਘ ਤੇ ਮੀਤ ਪ੍ਰਧਾਨ ਜੋਧ ਸਿੰਘ ਤੇ ਜੁਆਇੰਟ ਸਕੱਤਰ ਜਲੌਰ ਸਿੰਘ ਸ਼ਾਮਲ ਸਨ।
ਕਾਂਗਰਸ ਹਾਈਕਮਾਂਡ ਖੁਦ ਉਲਝਿਆ, ਕੌਣ ਕਰੇਗਾ ਨਵਜੋਤ ਸਿੱਧੂ ਦੇ ਅਸਤੀਫੇ 'ਤੇ ਫੈਸਲਾ
NEXT STORY