ਚੰਡੀਗੜ੍ਹ (ਭੁੱਲਰ)- ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦੀ ਖ਼ਬਰ ਬਾਹਰ ਆਉਣ ਤੋਂ ਬਾਅਦ ਪੰਜਾਬ ਦੇ ਸਿਆਸੀ ਹਲਕਿਆਂ 'ਚ ਜ਼ੋਰਦਾਰ ਚਰਚਾਵਾਂ ਛਿੜੀਆਂ ਹੋਈਆਂ ਹਨ ਤੇ ਕਾਂਗਰਸ ਪਾਰਟੀ ਅੰਦਰ ਵੀ ਅਜੀਬ ਜਿਹੀ ਸਥਿਤੀ ਬਣ ਚੁੱਕੀ ਹੈ। ਇਸ ਸਮੇਂ ਜਦੋਂ ਕਾਂਗਰਸ ਹਾਈਕਮਾਂਡ ਰਾਹੁਲ ਗਾਂਧੀ ਦੇ ਅਸਤੀਫ਼ੇ ਤੋਂ ਬਾਅਦ ਖੁਦ ਲੀਡਰਸ਼ਿਪ ਦੇ ਸੰਕਟ 'ਚ ਉਲਝ ਹੋਈ ਹੈ, ਉਸ ਸਮੇਂ ਸਿੱਧੂ ਦੇ ਅਸਤੀਫੇ ਨੂੰ ਲੈ ਕੇ ਇਹ ਸਵਾਲ ਸਿਆਸੀ ਹਲਕਿਆਂ 'ਚ ਉਠ ਰਿਹਾ ਹੈ ਕਿ ਆਖਰ ਇਸ ਸਥਿਤੀ 'ਚ ਸਿੱਧੂ ਦੇ ਅਸਤੀਫ਼ੇ ਦਾ ਫੈਸਲਾ ਕੌਣ ਕਰੇਗਾ? ਵਰਣਨਯੋਗ ਹੈ ਕਿ ਕਾਂਗਰਸ ਹਾਈਕਮਾਂਡ ਦੀ ਜਿਥੇ ਲੀਡਰਸ਼ਿਪ ਦੀ ਅਣਹੋਂਦ ਕਾਰਨ ਗੰਭੀਰ ਸੰਕਟ 'ਚ ਫਸਿਆ ਹੋਇਆ ਹੈ, ਉਥੇ ਪੰਜਾਬ ਕਾਂਗਰਸ ਦੀ ਵੀ ਹਾਲਤ ਅਜਿਹੀ ਹੀ ਹੈ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਹਾਰਨ ਤੋਂ ਬਾਅਦ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ ਤੇ ਉਹ ਸਿੱਧੂ ਜਾਂ ਕਿਸੇ ਹੋਰ ਮਾਮਲੇ ਵਿਚ ਇਸ ਸਮੇਂ ਕੋਈ ਵੀ ਟਿੱਪਣੀ ਕਰਨ ਲਈ ਤਿਆਰ ਨਹੀਂ। ਪ੍ਰਦੇਸ਼ ਕਾਂਗਰਸ 'ਚ ਇਸ ਸਮੇਂ ਹੋਰ ਵੀ ਕੋਈ ਪ੍ਰਮੁੱਖ ਨੇਤਾ ਸਰਗਰਮ ਨਹੀਂ ਅਤੇ ਪ੍ਰਦੇਸ਼ ਕਾਂਗਰਸ ਦੀ ਭੂਮਿਕਾ ਕੁੱਝ ਸੀਨੀਅਰ ਮੰਤਰੀਆਂ ਵਲੋਂ ਹੀ ਬਿਆਨਬਾਜ਼ੀ ਕਰਕੇ ਨਿਭਾਈ ਜਾ ਰਹੀ ਹੈ। ਸਿੱਧੂ ਪੰਜਾਬ ਪਹੁੰਚਣ ਦੇ ਬਾਵਜੂਦ ਕਿਸੇ ਨਾਲ ਵੀ ਗੱਲ ਕਰਨ ਲਈ ਤਿਆਰ ਨਹੀਂ ਅਤੇ ਉਨ੍ਹਾਂ ਨੇ ਆਪਣੇ ਅੰਮ੍ਰ੍ਰਿਤਸਰ ਵਾਲੇ ਰਿਹਾਇਸ਼ੀ ਸਥਾਨ 'ਤੇ ਵੀ ਮੀਡੀਆ ਦੀ ਐਂਟਰੀ ਬੰਦ ਕੀਤੀ ਹੋਈ ਹੈ।
ਸਿੱਧੂ ਦੇ ਅਸਤੀਫ਼ੇ ਦੇ ਜਨਤਕ ਹੋਣ ਤੋਂ ਬਾਅਦ ਜਿਥੇ ਅਕਾਲੀ ਦਲ-ਭਾਜਪਾ ਵਲੋਂ ਅਸਤੀਫ਼ਾ ਪਹਿਲਾਂ ਪਾਰਟੀ ਪ੍ਰਧਾਨ ਨੂੰ ਭੇਜਣ ਨੂੰ ਲੈ ਕੇ ਸਿੱਧੂ 'ਤੇ ਤਿੱਖੇ ਨਿਸ਼ਾਨੇ ਲਾਏ ਜਾ ਰਹੇ ਹਨ ਅਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦਾ ਰੁਖ ਵੀ ਸਿੱਧੂ ਪ੍ਰਤੀ ਬਦਲਦਾ ਦਿਖਾਈ ਨਹੀਂ ਦੇ ਰਿਹਾ। ਉਧਰ ਦੂਜੇ ਪਾਸੇ ਵਿਰੋਧੀ ਪਾਰਟੀ ਵਿਸ਼ੇਸ਼ ਤੌਰ 'ਤੇ ਤੀਜੇ ਤੇ ਚੌਥੇ ਮੋਰਚੇ ਨਾਲ ਜੁੜੀਆਂ ਪਾਰਟੀਆਂ 'ਆਪ', ਲੋਕ ਇਨਸਾਫ਼ ਪਾਰਟੀ, ਪੰਜਾਬ ਏਕਤਾ ਪਾਰਟੀ ਅਤੇ ਟਕਸਾਲੀ ਦਲ ਆਦਿ ਦੀਆਂ ਨਜ਼ਰਾਂ ਸਿੱਧੂ ਵੱਲ ਲੱਗੀਆਂ ਹੋਈਆਂ ਹਨ।
ਕੈ. ਅਮਰਿੰਦਰ ਨੇ ਰਾਹੁਲ ਤੋਂ ਸਮਾਂ ਮੰਗਿਆ
ਨਵਜੋਤ ਸਿੱਧੂ ਵਲੋਂ ਅਸਤੀਫਾ ਸਰਵਜਨਕ ਕਰਕੇ ਰਾਹੁਲ ਗਾਂਧੀ ਨੂੰ ਭੇਜੇ ਜਾਣ ਅਤੇ ਇਸ ਤੋਂ ਬਾਅਦ ਅੱਜ ਮੁੱਖ ਮੰਤਰੀ ਨੂੰ ਭੇਜੇ ਗਏ ਅਸਤੀਫ਼ੇ ਤੋਂ ਬਾਅਦ ਸਿਆਸੀ ਸਥਿਤੀਆਂ ਕਾਫ਼ੀ ਬਦਲ ਗਈਆਂ ਹਨ। ਮੁੱਖ ਮੰਤਰੀ ਲਈ ਵੀ ਹੁਣ ਸਿੱਧੂ ਨੂੰ ਮੰਤਰੀ ਮੰਡਲ 'ਚੋਂ ਬਾਹਰ ਕਰਨ ਲਈ ਰਸਤਾ ਆਸਾਨ ਹੋ ਗਿਆ ਹੈ। ਉਹ ਅੱਜ ਪ੍ਰਧਾਨ ਮੰਤਰੀ ਅਤੇ ਕੁੱਝ ਕੇਂਦਰੀ ਮੰਤਰੀਆਂ ਨੂੰ ਪੰਜਾਬ ਦੇ ਮਸਲਿਆਂ ਸਬੰਧੀ ਮਿਲਣ ਤੋਂ ਬਾਅਦ ਦਿੱਲੀ ਹੀ ਟਿਕੇ ਹੋਏ ਹਨ।
ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਦੀਆਂ ਕੋਸ਼ਿਸ਼ਾਂ ਵਿਚ ਹਨ ਤੇ ਉਨ੍ਹਾਂ ਨੇ ਮੁਲਾਕਾਤ ਲਈ ਸਮਾਂ ਵੀ ਮੰਗਿਆ ਹੈ। ਇਕ ਦੋ ਦਿਨ 'ਚ ਮੁਲਾਕਾਤ ਹੋਣ 'ਤੇ ਸਿੱਧੂ ਦਾ ਮਾਮਲਾ ਕਿਸੇ ਕਿਨਾਰੇ ਲੱਗ ਸਕਦਾ ਹੈ ਅਤੇ ਰਾਹੁਲ ਨਾਲ ਮੁਲਾਕਾਤ ਨਹੀਂ ਹੁੰਦੀ ਤਾਂ ਮਾਮਲਾ ਕੁੱਝ ਦਿਨਾਂ ਲਈ ਹੋਰ ਲਟਕ ਵੀ ਸਕਦਾ ਹੈ। ਭਾਵੇਂ ਰਾਹੁਲ ਗਾਂਧੀ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਕਾਂਗਰਸ ਵਿਚ ਗਾਂਧੀ ਪਰਿਵਾਰ ਦੀ ਹੀ ਚੱਲਦੀ ਹੈ, ਜਿਸ ਕਰਕੇ ਕੈਪਟਨ ਸਿੱਧੂ ਨੂੰ ਬਾਹਰ ਕਰਨ ਲਈ ਰਾਹੁਲ ਦੀ ਮਨਜ਼ੂਰੀ ਚਾਹੁੰਦੇ ਹਨ।
'ਆਪ', ਖਹਿਰਾ ਤੇ ਬੈਂਸ ਵਲੋਂ ਸਿੱਧੂ 'ਤੇ ਡੋਰੇ ਪਾਉਣ ਦੇ ਯਤਨ
ਭਾਵੇਂ ਆਮ ਆਦਮੀ ਪਾਰਟੀ, ਸੁਖਪਾਲ ਸਿੰਘ ਖਹਿਰਾ ਅਤੇ ਸਿਮਰਜੀਤ ਸਿੰਘ ਬੈਂਸ ਦਲਾਂ ਵਲੋਂ ਪਿਛਲੇ ਦਿਨਾਂ ਵਿਚ ਸਿੱਧੂ ਨੂੰ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਪੇਸ਼ਕਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ ਮੰਤਰੀ ਅਹੁਦੇ ਤੋਂ ਅਸਤੀਫ਼ਾ ਸਾਹਮਣੇ ਆਉਣ ਤੋਂ ਬਾਅਦ ਇਹ ਕੋਸ਼ਿਸ਼ਾਂ ਹੁਣ ਤੇਜ਼ੀ ਫੜ ਰਹੀਆਂ ਹਨ। ਇਨ੍ਹਾਂ ਤੀਜੇ ਤੇ ਚੌਥੇ ਮੋਰਚੇ ਨਾਲ ਸਬੰਧਤ ਪਾਰਟੀਆਂ ਵਲੋਂ ਸਿੱਧੂ ਦੀ ਪ੍ਰਸਿੱਧੀ ਨੂੰ ਦੇਖਦਿਆਂ ਉਨ੍ਹਾਂ ਨੂੰ ਆਪਣਾ ਚਿਹਰਾ ਬਣਾਉਣ ਲਈ ਉਸ ਉਪਰ ਡੋਰੇ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਹ ਪਾਰਟੀਆਂ ਸਿੱਧੂ ਨੂੰ ਕਾਂਗਰਸ ਛੱਡਣ ਦੀ ਸਲਾਹ ਵੀ ਦੇ ਰਹੀਆਂ ਹਨ। ਇਨ੍ਹਾਂ ਪਾਰਟੀਆਂ ਦੇ ਆਗੂਆਂ ਵਲੋਂ ਸਿੱਧੂ ਨੂੰ ਈਮਾਨਦਾਰ ਤੇ ਸੱਚ ਬੋਲਣ ਵਾਲਾ ਦਲੇਰ ਨੇਤਾ ਵੀ ਕਰਾਰ ਦਿੱਤਾ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਖੁੱਲ੍ਹੇਆਮ ਸਿੱਧੂ ਨੂੰ ਪਾਰਟੀ ਵਿਚ ਆਉਣ ਦੀ ਪੇਸ਼ਕਸ਼ ਕੀਤੀ ਹੈ। ਇਸੇ ਤਰ੍ਹਾਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਸਿੱਧੂ ਨੂੰ ਪਾਰਟੀ 'ਚ ਆਉਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਪੇਸ਼ਕਸ਼ ਕਰ ਰਹੇ ਹਨ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਤਾਂ ਸਿੱਧੂ ਨੂੰ ਪਾਰਟੀ 'ਚ ਆਉਣ ਦਾ ਸੱਦਾ ਦਿੰਦਿਆਂ ਆਪਣਾ ਪ੍ਰਧਾਨਗੀ ਅਹੁਦਾ ਉਨ੍ਹਾਂ ਲਈ ਛੱਡਣ ਤੱਕ ਦੀ ਪੇਸ਼ਕਸ਼ ਵੀ ਕਰ ਦਿੱਤੀ ਹੈ।
ਬਹੁਤੇ ਮੰਤਰੀ ਵਿਰੋਧ 'ਚ ਪਰ ਕੁੱਝ ਹਾਲੇ ਵੀ ਸੁਲ੍ਹਾ ਸਫ਼ਾਈ ਦੇ ਹੱਕ 'ਚ
ਬੇਸ਼ੱਕ ਇਹ ਵੀ ਗੱਲ ਵਰਣਨਯੋਗ ਹੈ ਕਿ ਭਾਵੇਂ ਕੈ. ਅਮਰਿੰਦਰ ਸਿੰਘ ਅਤੇ ਬਹੁਤੇ ਮੰਤਰੀ ਇਸ ਸਮੇਂ ਸਿੱਧੂ ਦੀ ਛੁੱਟੀ ਦੇ ਪੱਖ ਵਿਚ ਹਨ, ਉਥੇ ਕੁੱਝ ਕੁ ਮੰਤਰੀ ਅਜਿਹੇ ਵੀ ਹਨ, ਜੋ ਹਾਲੇ ਵੀ ਸਿੱਧੂ ਨਾਲ ਸੁਲ੍ਹਾ ਸਫ਼ਾਈ ਕਰਨ ਦੇ ਹੱਕ ਵਿਚ ਹਨ। ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੌਤ, ਚਰਨਜੀਤ ਚੰਨੀ ਨੇ ਭਾਰਤ ਭੂਸ਼ਣ ਆਸ਼ੂ, ਜਿਥੇ ਸਿੱਧੂ ਦੇ ਖੁਲ੍ਹ ਕੇ ਵਿਰੋਧ ਵਿਚ ਉਤਰ ਰਹੇ ਹਨ, ਉਥੇ ਮਨਪ੍ਰੀਤ ਬਾਦਲ, ਵਿਜੇ ਇੰਦਰ ਸਿੰਗਲਾ, ਬਲਬੀਰ ਸਿੱਧੂ ਆਦਿ ਸਿੱਧੂ ਖਿਲਾਫ਼ ਤਿੱਖੀ ਟਿੱਪਣੀ ਕਰਨ ਤੋਂ ਬਚ ਰਹੇ ਹਨ। ਤ੍ਰਿਪਤ ਰਾਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ ਅਤੇ ਰਜ਼ੀਆ ਸੁਲਤਾਨਾ ਹਾਲੇ ਵੀ ਸਿੱਧੂ ਨੂੰ ਅਹੁਦਾ ਸੰਭਾਲਣ ਦੀਆਂ ਸਲਾਹਾਂ ਦੇ ਰਹੇ ਹਨ। ਭਾਵੇਂ ਮੁੱਖ ਮੰਤਰੀ ਕੋਲ ਮੰਤਰੀਆਂ ਨੂੰ ਛਾਂਟੀ ਜਾਂ ਵਿਭਾਗ ਬਦਲਣ ਦਾ ਅਧਿਕਾਰ ਹੈ ਪਰ ਇਸ ਦੇ ਬਾਵਜੂਦ ਉਹ ਹਾਲੇ ਕੋਈ ਸਖ਼ਤ ਕਦਮ ਚੁੱਕਣ ਲਈ ਤਿਆਰ ਨਹੀਂ, ਜਿਸ ਦਾ ਮੁੱਖ ਕਾਰਣ ਪਾਰਟੀ ਹਾਈਕਮਾਂਡ ਹੀ ਹੈ। ਇਸ ਤਰ੍ਹਾਂ ਹੁਣ ਸਭ ਦੀਆਂ ਨਜ਼ਰਾਂ ਪਾਰਟੀ ਹਾਈਕਮਾਨ ਵਲੋਂ ਲਏ ਜਾਣ ਵਾਲੇ ਸਟੈਂਡ ਵੱਲ ਲੱਗੀਆਂ ਹੋਈਆਂ ਹਨ। ਸਿਆਸੀ ਹਲਕਿਆਂ 'ਚ ਇਸ ਗੱਲ ਨੂੰ ਲੈ ਕੇ ਵੀ ਬਹਿਸ ਚੱਲ ਰਹੀ ਹੈ ਕਿ ਇਨ੍ਹਾਂ ਸਥਿਤੀਆਂ 'ਚ ਨਵਜੋਤ ਸਿੱਧੂ ਕਾਂਗਰਸ ਛੱਡਣਗੇ ਜਾਂ ਫਿਲਹਾਲ ਕੁੱਝ ਸਮੇਂ ਲਈ ਪਾਰਟੀ ਵਿਚ ਹੀ ਕੰਮ ਕਰਨਗੇ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਿੱਧੂ ਨੂੰ ਵਧੀਆ ਇਨਸਾਨ ਤੇ ਟੇਲੈਂਟ ਵਾਲਾ ਨੇਤਾ ਦੱਸਦਿਆਂ ਹਾਲੇ ਵੀ ਮੰਤਰੀ ਅਹੁਦਾ ਸੰਭਾਲਣ ਦੀ ਸਲਾਹ ਦੇ ਰਹੇ ਹਨ, ਬਾਜਵਾ ਦਾ ਕਹਿਣਾ ਹੈ ਕਿ ਜੇਕਰ ਸਿੱਧੂ ਚਾਹੁਣ ਤਾਂ ਹਾਲੇ ਵੀ ਸੁਲ੍ਹਾ ਸਫ਼ਾਈ ਦੀ ਗੁੰਜਾਇਸ਼ ਬਾਕੀ ਹੈ। ਇਸੇ ਤਰ੍ਹਾਂ ਰਜ਼ੀਆ ਸੁਲਤਾਨਾ ਦਾ ਵੀ ਕਹਿਣਾ ਹੈ ਕਿ ਵਿਭਾਗ ਸੰਭਾਲਣਾ ਚਾਹੀਦਾ ਹੈ।
10ਵੀਂ ਜਮਾਤ ਦੀ ਸਾਹਿਤਮਾਲਾ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਠ ਛਾਪਣਾ ਹੀ ਭੁੱਲ ਗਿਆ ਸਿੱਖਿਆ ਬੋਰਡ
NEXT STORY