ਜਲੰਧਰ (ਵਰੁਣ)– ਸੀ-ਮੈਨ ਸਰਟੀਫਿਕੇਟ ਦਿਵਾ ਕੇ ਇੰਗਲੈਂਡ ਭੇਜਣ ਦਾ ਕਹਿ ਕੇ ਰਾਮਾ ਮੰਡੀ ਦੇ ਫਰਜ਼ੀ ਏਜੰਟ ਨੇ ਨੌਜਵਾਨ ਨੂੰ ਚਾਈਨਾ ਭੇਜ ਦਿੱਤਾ। ਮੁਲਜ਼ਮ ਏਜੰਟ ਦੇ ਇਕ ਸਾਥੀ ਨੇ ਚਾਈਨਾ ਵਿਚ ਜਾ ਕੇ ਵੀ ਪੀੜਤ ਕੋਲੋਂ 350 ਡਾਲਰ ਖੋਹ ਲਏ ਅਤੇ ਜਦੋਂ ਇੰਗਲੈਂਡ ਦਾ ਕੰਮ ਨਾ ਬਣਿਆ ਤਾਂ ਨੌਜਵਾਨ ਵਾਪਸ ਆ ਗਿਆ। ਪੀੜਤ ਨੇ ਜਲੰਧਰ ਆ ਕੇ ਏਜੰਟ ਕੋਲੋਂ ਆਪਣੇ 9.25 ਲੱਖ ਰੁਪਏ ਮੰਗੇ ਤਾਂ ਏਜੰਟ ਧਮਕੀਆਂ ਦੇਣ ਲੱਗ ਪਿਆ, ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਜਾਂਚ ਤੋਂ ਬਾਅਦ ਐੱਨ. ਆਰ. ਆਈ. ਥਾਣੇ ਦੀ ਪੁਲਸ ਨੇ ਏਜੰਟ ਕੁਲਦੀਪ ਸ਼ਰਮਾ ਪੁੱਤਰ ਮਦਨ ਲਾਲ ਨਿਵਾਸੀ ਗਣੇਸ਼ ਨਗਰ ਰਾਮਾ ਮੰਡੀ, ਰੁਪਿੰਦਰ ਬਾਜਵਾ ਪੁੱਤਰ ਗੁਰਦੀਪ ਸਿੰਘ ਨਿਵਾਸੀ ਮੁੱਦੋਵਾਲ (ਕਪੂਰਥਲਾ) ਅਤੇ ਮੰਗਾ ਨਿਵਾਸੀ ਆਦਰਸ਼ ਨਗਰ ਜਲੰਧਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਲਖਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਨਿਵਾਸੀ ਦਸੂਹਾ ਨੇ ਦੱਸਿਆ ਕਿ ਉਸ ਦੇ ਪਿਤਾ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ, ਜਦਕਿ ਉਹ ਨਿੱਜੀ ਕੰਪਨੀ ਵਿਚ ਮਾਰਕੀਟਿੰਗ ਦਾ ਕੰਮ ਕਰਦਾ ਹੈ। ਉਸ ਨੇ ਕਿਹਾ ਕਿ ਉਹ ਇੰਗਲੈਂਡ ਜਾਣਾ ਚਾਹੁੰਦਾ ਸੀ, ਜਿਸ ਕਾਰਨ ਉਸ ਦੇ ਰਿਸ਼ਤੇਦਾਰ ਨੇ ਏਜੰਟ ਕੁਲਦੀਪ ਸ਼ਰਮਾ ਬਾਰੇ ਦੱਸਿਆ। 2019 ਨੂੰ ਉਹ ਰਿਸ਼ਤੇਦਾਰ ਦੀ ਦੁਕਾਨ ’ਤੇ ਕੁਲਦੀਪ ਸ਼ਰਮਾ ਅਤੇ ਰੁਪਿੰਦਰ ਬਾਜਵਾ ਨੂੰ ਮਿਲਿਆ। ਏਜੰਟ ਨੇ ਦਾਅਵਾ ਕੀਤਾ ਕਿ ਉਹ ਹਜ਼ਾਰਾਂ ਲੋਕਾਂ ਨੂੰ ਵਿਦੇਸ਼ ਭੇਜ ਚੁੱਕਾ ਹੈ ਅਤੇ ਉਹ ਕਾਫ਼ੀ ਵਧੀਆ ਕਮਾਈ ਵੀ ਕਰ ਰਹੇ ਹਨ। ਏਜੰਟ ਕੁਲਦੀਪ ਨੇ ਉਸ ਨੂੰ ਇੰਗਲੈਂਡ ਵਿਚ ਸੀ-ਮੈਨ ਦਾ ਸਰਟੀਫਿਕੇਟ ਦਿਵਾ ਕੇ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ ਅਤੇ ਕਿਹਾ ਕਿ ਉਸ ਨੂੰ ਇੰਗਲੈਂਡ ਭੇਜਣ ਲਈ 16 ਲੱਖ ਰੁਪਏ ਦਾ ਖ਼ਰਚ ਆਵੇਗਾ, ਜਦਕਿ 6 ਲੱਖ ਰੁਪਏ ਐਡਵਾਂਸ ਵਿਚ ਦੇਣੇ ਹੋਣਗੇ।
ਇਹ ਵੀ ਪੜ੍ਹੋ: ਯੂਕ੍ਰੇਨ ਦੇ ਜ਼ਪੋਰੀਜ਼ੀਆ ਸ਼ਹਿਰ ’ਚ ਰੂਸ ਨੇ ਕੀਤਾ ਹਮਲਾ, 17 ਲੋਕਾਂ ਦੀ ਮੌਤ
ਲਖਵਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਰਿਸ਼ਤੇਦਾਰ ਨਾਲ ਗੱਲ ਕੀਤੀ ਤਾਂ ਉਹ ਮੰਨ ਗਏ। ਜੂਨ 2019 ਨੂੰ ਉਸ ਦੇ ਪਿਤਾ ਨੇ ਗਹਿਣੇ ਗਿਰਵੀ ਰੱਖ ਕੇ ਗੋਲਡ ਲੋਨ ਲੈ ਲਿਆ। ਏਜੰਟ ਨੂੰ ਪਹਿਲਾਂ ਜਲੰਧਰ ਦੇ ਇਕ ਹੋਟਲ ਵਿਚ 2 ਲੱਖ ਰੁਪਏ, ਪਾਸਪੋਰਟ ਅਤੇ ਹੋਰ ਦਸਤਾਵੇਜ਼ ਦਿੱਤੇ ਗਏ। ਕੁਲਦੀਪ ਸ਼ਰਮਾ ਨੇ ਲਖਵਿੰਦਰ ਸਿੰਘ ਨੂੰ 25 ਜੁਲਾਈ 2019 ਨੂੰ ਮੁੰਬਈ ਵਿਚ ਟਰੇਨਿੰਗ ਲੈਣ ਲਈ ਭੇਜ ਦਿੱਤਾ। 15 ਦਿਨਾਂ ਬਾਅਦ ਉਸਨੂੰ ਦਿੱਲੀ ਬੁਲਾ ਲਿਆ ਗਿਆ। 2 ਅਗਸਤ 2019 ਨੂੰ ਏਜੰਟ ਨੇ ਫੋਨ ਕਰ ਕੇ ਦਾਅਵਾ ਕੀਤਾ ਕਿ ਉਸ ਦੀ ਇੰਗਲੈਂਡ ਦੀ ਟਿਕਟ ਹੋ ਗਈ ਹੈ ਅਤੇ ਫਿਰ ਉਸਨੇ 5 ਲੱਖ ਰੁਪਏ ਦੀ ਮੰਗ ਕੀਤੀ। ਪੀੜਤ ਦੇ ਪਿਤਾ ਬਲਬੀਰ ਸਿੰਘ ਨੇ ਏਜੰਟ ਨੂੰ 5 ਲੱਖ ਰੁਪਏ ਦੇ ਦਿੱਤੇ ਪਰ ਬਾਅਦ ਵਿਚ ਪਤਾ ਲੱਗਾ ਕਿ ਉਸਨੇ ਕੋਈ ਏਅਰ ਟਿਕਟ ਨਹੀਂ ਕਰਵਾਈ ਸੀ। ਦਿੱਲੀ ਭੇਜਣ ਤੋਂ ਬਾਅਦ ਏਜੰਟ ਨੇ ਦੁਬਾਰਾ ਭਰੋਸਾ ਦਿਵਾਇਆ ਕਿ ਇਸ ਵਾਰ ਉਸਦੀ ਟਿਕਟ ਹੋ ਜਾਵੇਗੀ ਅਤੇ ਉਸਨੇ 2 ਲੱਖ ਰੁਪਏ ਹੋਰ ਲੈ ਲਏ। ਦੋਸ਼ ਹੈ ਕਿ ਏਜੰਟ ਨੇ ਉਸ ਨੂੰ 2020 ਵਿਚ ਇੰਗਲੈਂਡ ਭੇਜਣ ਦੀ ਥਾਂ ਚਾਈਨਾ ਭੇਜ ਦਿੱਤਾ ਅਤੇ ਉਸ ਨਾਲ ਏਜੰਟ ਦਾ ਸਾਥੀ ਮੰਗਾ ਵੀ ਗਿਆ, ਜਿਸ ਨੇ ਚਾਈਨਾ ਪਹੁੰਚਦੇ ਹੀ ਉਸ ਕੋਲੋਂ 350 ਡਾਲਰ ਖੋਹ ਲਏ। ਉਸ ਨੂੰ ਟਾਲਮਟੋਲ ਕੀਤਾ ਜਾਣ ਲੱਗਾ ਕਿ ਜਲਦ ਹੀ ਚਾਈਨਾ ਤੋਂ ਉਸਨੂੰ ਇੰਗਲੈਂਡ ਭੇਜ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ।
ਚਾਈਨਾ ਵਿਚ 20 ਦਿਨ ਰਹਿਣ ਕਾਰਨ ਲਖਵਿੰਦਰ ਸਿੰਘ ਦੇ 97 ਹਜ਼ਾਰ ਰੁਪਏ ਹੋਰ ਲੱਗ ਗਏ। ਕੋਈ ਕੰਮ ਨਾ ਬਣਦਾ ਦੇਖ ਕੇ ਪੀੜਤ ਚਾਈਨਾ ਤੋਂ ਵਾਪਸ ਆ ਗਿਆ ਅਤੇ ਜਦੋਂ ਉਸ ਨੇ ਏਜੰਟ ਕੁਲਦੀਪ ਸ਼ਰਮਾ ਕੋਲੋਂ ਆਪਣੇ 9 ਲੱਖ 25 ਹਜ਼ਾਰ ਰੁਪਏ ਦੀ ਮੰਗ ਕੀਤੀ ਤਾਂ ਉਹ ਧਮਕੀਆਂ ਦੇਣ ਲੱਗ ਪਿਆ ਅਤੇ ਕਹਿਣ ਲੱਗਾ ਕਿ ਉਹ ਉਸਨੂੰ ਝੂਠੇ ਕੇਸ ਵਿਚ ਫਸਾ ਦੇਵੇਗਾ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਦੀ ਜਾਂਚ ਤੋਂ ਬਾਅਦ ਥਾਣਾ ਐੱਨ. ਆਰ. ਆਈ. ਵਿਚ ਮੁਲਜ਼ਮ ਏਜੰਟ ਕੁਲਦੀਪ ਸਿੰਘ, ਮੰਗਾ ਅਤੇ ਰੁਪਿੰਦਰ ਸਿੰਘ ਬਾਜਵਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਫਿਲਹਾਲ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਇਹ ਵੀ ਪੜ੍ਹੋ: ਖ਼ੁਲਾਸਾ: ਮੁਲਾਜ਼ਮਾਂ ਦੀ ਤਨਖ਼ਾਹ ਨਾਲ ਕਿਰਾਏ ਦੇ ਕਮਰਿਆਂ ’ਚ ਚੱਲ ਰਹੇ ਪੰਜਾਬ ਦੇ 6 ਹਜ਼ਾਰ ਆਂਗਣਵਾੜੀ ਸੈਂਟਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੂਸੇਵਾਲਾ ਦੇ ਮਾਪੇ ਗਾਇਕਾ ਜੈਨੀ ਜੌਹਲ ਲਈ ਆਏ ਅੱਗੇ, ਕਿਹਾ-ਸਾਡੀ ਧੀ ਨੂੰ ਕੁਝ ਹੋਇਆ ਤਾਂ ਜ਼ਿੰਮੇਵਾਰ ਹੋਣਗੇ....
NEXT STORY