ਚੰਡੀਗੜ੍ਹ (ਅਜੀਤ ਧਨਖੜ) : ਨਵਾਂ ਸਾਲ ਕੀ ਆਇਆ, ਟ੍ਰਾਈਸਿਟੀ ਦੇ ਮੇਅਰਾਂ ਦੇ ਸਿਤਾਰੇ ਹੀ ਵਿਗੜ ਗਏ। ਜੀ ਹਾਂ, ਚੰਡੀਗੜ੍ਹ, ਪੰਚਕੂਲਾ ਤੇ ਮੋਹਾਲੀ ਤਿੰਨਾਂ ਦੇ ਮੇਅਰ ਇਸ ਸਮੇਂ ਸੰਕਟ 'ਚ ਹਨ। ਕੋਈ ਆਪਣਿਆਂ ਦੀ ਬੇਵਫਾਈ ਤੋਂ ਦੁਖੀ ਹੈ ਤਾਂ ਕਿਸੇ ਦੀ 'ਰਿਆਸਤ' ਦਾ ਵਜੂਦ ਸੰਕਟ 'ਚ ਹੈ ਤੇ ਤੀਜਾ ਧਾਂਦਲੀ ਦੇ ਦੋਸ਼ਾਂ ਨਾਲ ਘਿਰਿਆ ਹੋਇਆ ਹੈ।
ਮੇਅਰ ਚੰਡੀਗੜ੍ਹ : ਜਬ ਅਪਨੇ ਹੋ ਜਾਏਂ ਬੇਵਫਾ ਤੋਂ ਦਿਲ ਟੂਟੇ
ਨਗਰ ਨਿਗਮ ਚੋਣਾਂ 'ਚ ਕਦੇ ਭਾਰੀ ਬਹੁਮਤ ਨਾਲ ਸ਼ਹਿਰ ਦੀ ਸਰਕਾਰ ਬਣਾਉਣ ਵਾਲੀ ਭਾਜਪਾ ਬਗਾਵਤ ਨਾਲ ਜੂਝ ਰਹੀ ਹੈ। 9 ਜਨਵਰੀ ਨੂੰ ਹੋਣ ਵਾਲੀ ਮੇਅਰ ਚੋਣ ਲਈ ਜਦੋਂ ਉਮੀਦਵਾਰ ਚੁਣਨ ਦੀ ਗੱਲ ਆਈ ਤਾਂ ਪਾਰਟੀ 'ਚ ਪਈ 'ਤਰੇੜ' ਨੇ ਪੂਰੀ 'ਇਮਾਰਤ' ਹੀ ਹਿਲਾ ਦਿੱਤੀ। ਇਕਜੁਟ ਹੋ ਕੇ ਸਾਰਿਆਂ ਦੇ ਵਿਕਾਸ ਦਾ ਨਾਅਰਾ ਦੇਣ ਵਾਲੀ ਭਾਜਪਾ ਖਿੱਲਰਦੀ ਨਜ਼ਰ ਆ ਰਹੀ ਹੈ। ਚੰਡੀਗੜ੍ਹ ਭਾਜਪਾ ਦੇ ਇੰਚਾਰਜ ਪ੍ਰਭਾਤ ਝਾਅ ਨੇ ਬੁੱਧਵਾਰ ਨੂੰ ਯੂ. ਟੀ. ਗੈਸਟ ਹਾਊਸ 'ਚ ਮੇਅਰ ਦੇ ਨਾਂ ਲਈ ਕੌਂਸਲਰਾਂ ਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਸੱਦੀ, ਜਿਸ 'ਚ ਘੰਟਿਆਂਬੱਧੀ ਸਿਰ-ਖਪਾਈ ਕਰਨ ਮਗਰੋਂ ਉਨ੍ਹਾਂ ਨੇ ਪਾਰਟੀ ਦੇ ਅਧਿਕਾਰਕ ਉਮੀਦਵਾਰ ਦੇ ਰੂਪ 'ਚ ਮੇਅਰ ਅਹੁਦੇ ਲਈ ਦੇਵੇਸ਼ ਮੌਦਗਿਲ ਦਾ ਨਾਂ ਫਾਈਨਲ ਕਰ ਦਿੱਤਾ। ਪ੍ਰਦੇਸ਼ ਭਾਜਪਾ ਪ੍ਰਧਾਨ ਸੰਜੇ ਟੰਡਨ, ਸੰਸਦ ਮੈਂਬਰ ਕਿਰਨ ਖੇਰ ਖੇਮੇ ਦੇ ਦੇਵੇਸ਼ ਨੂੰ ਮੇਅਰ ਦੇ ਅਹੁਦੇ 'ਤੇ ਉਮੀਦਵਾਰ ਮੰਨਣ ਲਈ ਤਿਆਰ ਨਹੀਂ ਸਨ ਪਰ ਝਾਅ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ। ਬਸ, ਫਿਰ ਕੀ ਸੀ ਆਪਣਿਆਂ ਦੀ ਬੇਵਫਾਈ ਤੋਂ ਦੁਖੀ ਹੋ ਕੇ ਆਸ਼ਾ ਜਾਇਸਵਾਲ ਨੇ ਵੀ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਭਰ ਦਿੱਤੀ। ਉਹ ਅਜੇ ਵੀ ਚੋਣ ਲੜਨ ਲਈ ਅੜੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੱਬ ਹੀ ਉਨ੍ਹਾਂ ਨੂੰ ਬੁਲਾ ਲਵੇ ਤਾਂ ਉਹ ਚੋਣ ਮੈਦਾਨ ਤੋਂ ਹਟੇਗੀ।
ਮੇਅਰ ਪੰਚਕੂਲਾ : ਉਹ ਨੀਂਹ ਹੀ ਨਹੀਂ ਰਹੀ, ਜਿਸ 'ਚ ਟਿਕਿਆ ਸੀ ਘਰ
ਪੰਚਕੂਲਾ ਨਗਰ ਨਿਗਮ ਨੂੰ ਭੰਗ ਕਰਨ ਤੋਂ ਬਚਾਉਣ ਲਈ ਨਿਗਮ ਵਲੋਂ ਜ਼ਿਲੇ ਦੀ ਜਨਸੰਖਿਆ ਦੇ ਅੰਕੜੇ ਜਾਂਚਣ ਲਈ ਸਰਵੇ ਤਕ ਸ਼ੁਰੂ ਕਰਵਾਇਆ ਗਿਆ ਪਰ ਇਹ ਢੰਗ ਵੀ ਕੰਮ ਨਹੀਂ ਆਇਆ। ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ 'ਚ ਹੋਈ ਮੰਤਰੀ ਸਮੂਹ ਦੀ ਬੈਠਕ 'ਚ ਪੰਚਕੂਲਾ ਨਗਰ ਨਿਗਮ ਤੋਂ ਪਿੰਜੌਰ-ਕਾਲਕਾ ਨੂੰ ਬਾਹਰ ਕਰਨ 'ਤੇ ਸਹਿਮਤੀ ਬਣ ਗਈ। ਭਾਵ ਹੁਣ ਨਾ ਰਿਹਾ ਸੂਤ ਨਾ ਜੁਲਾਹਾ ਤੇ ਨਾ ਰਹੇਗੀ ਚੌਧਰ। ਪੰਚਕੂਲਾ 'ਚ ਨਗਰ ਨਿਗਮ ਦੀ ਵਾਗਡੋਰ ਕਾਂਗਰਸ ਦੇ ਹੱਥ 'ਚ ਹੈ ਤੇ ਮੇਅਰ ਉਪਿੰਦਰ ਕੌਰ ਆਹਲੂਵਾਲੀਆ ਹੈ।
ਇਥੇ ਸ਼ੁਰੂ ਤੋਂ ਹੀ ਕਾਂਗਰਸ ਤੇ ਭਾਜਪਾ 'ਚ ਟਕਰਾਅ ਹੁੰਦਾ ਆਇਆ ਹੈ। ਮੇਅਰ, ਅਧਿਕਾਰੀਆਂ ਤੇ ਭਾਜਪਾ ਵਿਧਾਇਕ ਗਿਆਨ ਚੰਦ ਗੁਪਤਾ 'ਚ ਖਿੱਚੋਤਾਣ ਚਲਦੀ ਰਹੀ ਤੇ ਪੰਚਕੂਲਾ ਦਾ ਵਿਕਾਸ ਰੁਕਿਆ ਪਿਆ ਹੈ, ਜਿਸ ਨੂੰ ਰਫਤਾਰ ਦੇਣ ਲਈ ਹਾਈਕੋਰਟ ਵੀ ਕਈ ਵਾਰ ਨਿਰਦੇਸ਼ ਦੇ ਚੁੱਕੀ ਹੈ। ਹੁਣ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਨਗਰ ਨਿਗਮ ਦੀ ਹੋਂਦ ਹੀ ਖਤਰੇ 'ਚ ਪੈ ਗਈ ਹੈ। ਪੰਚਕੂਲਾ ਨਗਰ ਨਿਗਮ ਦਾ ਰੁਤਬਾ ਵੀ ਗੁਆਚਣ ਵਾਲਾ ਹੈ। ਡੇਢ ਸਾਲ ਬਾਅਦ ਦਸੰਬਰ 'ਚ ਹੋਈ ਨਿਗਮ ਦੀ ਬੈਠਕ 'ਚ ਖੂਬ ਘਮਾਸਾਨ ਹੋਇਆ ਸੀ। ਪਹਿਲਾਂ ਜੂਨ 'ਚ ਇਕ ਬੈਠਕ ਹੋਈ ਸੀ, ਜਿਸ 'ਚ ਨਿਗਮ ਅਧਿਕਾਰੀਆਂ ਨੂੰ ਹੀ ਸ਼ਾਮਲ ਨਹੀਂ ਕੀਤਾ ਗਿਆ ਸੀ। ਵਿਧਾਇਕ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਘਰ 'ਚ ਮੀਟਿੰਗ ਕਰਨ ਨਾਲ ਕੁਝ ਨਹੀਂ ਹੁੰਦਾ। ਇਸ 'ਤੇ ਮੇਅਰ ਨੇ ਕਿਹਾ ਕਿ ਤੁਸੀਂ ਵਿਧਾਇਕ ਹੋ, ਇਸ ਲਈ ਆਪਣੇ ਹੀ ਅਧਿਕਾਰੀਆਂ ਨੂੰ ਮੀਟਿੰਗ 'ਚ ਨਹੀਂ ਆਉਣ ਦਿੱਤਾ।
ਮੇਅਰ ਮੋਹਾਲੀ : ਬੁਰੇ ਕੰਮ ਦਾ ਬੁਰਾ ਨਤੀਜਾ, ਕਿਉਂ ਭਾਈ
ਟ੍ਰਾਈਸਿਟੀ ਦੇ ਤੀਜੇ ਹਿੱਸੇ ਮੋਹਾਲੀ 'ਚ ਵੀ ਕੁਝ-ਕੁਝ ਪੰਚਕੂਲਾ ਨਗਰ ਨਿਗਮ ਵਾਂਗ ਹੀ ਹਾਲਾਤ ਹਨ। ਭਾਵ ਸ਼ਹਿਰ ਤੇ ਸਟੇਟ 'ਚ ਵੱਖਰੀ ਸਰਕਾਰ। ਉਥੇ ਸ਼ਹਿਰ ਦੀ ਸੱਤਾ 'ਤੇ ਅਕਾਲੀ-ਭਾਜਪਾ ਦਾ ਰਾਜ ਸੀ। ਪੰਜਾਬ 'ਚ ਸਰਕਾਰ ਪਲਟੀ ਤੇ ਕਾਂਗਰਸ ਦਾ ਰਾਜ ਆਇਆ। ਮੇਅਰ ਕੁਲਵੰਤ ਸਿੰਘ ਗਿੱਲ ਸੁਖਬੀਰ ਬਾਦਲ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ। ਅਜੇ ਕੁਲਵੰਤ ਨੂੰ ਮੇਅਰ ਦੀ ਕੁਰਸੀ ਮਿਲਿਆਂ ਇਕ ਸਾਲ ਵੀ ਨਹੀਂ ਹੋਇਆ ਸੀ ਕਿ ਕਾਂਗਰਸ ਨੇ ਮੋਹਾਲੀ ਦੇ ਮੇਅਰ ਨੂੰ ਤਗੜਾ ਝਟਕਾ ਦੇ ਦਿੱਤਾ। ਨਿਗਮ 'ਚ ਮਸ਼ੀਨਾਂ ਦੀ ਖਰੀਦ 'ਚ ਹੋਈ ਧਾਂਦਲੀ 'ਤੇ ਕੈਪਟਨ ਸਰਕਾਰ ਨੇ ਮੇਅਰ ਕੁਲਵੰਤ ਸਿੰਘ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਰੁੱਖਾਂ ਦੀ ਛਾਂਟੀ ਕਰਨ ਵਾਲੀ ਮਸ਼ੀਨ ਵਿਦੇਸ਼ ਤੋਂ 1.79 ਕਰੋੜ ਰੁਪਏ 'ਚ ਮੰਗਵਾਈ ਜਾਣੀ ਸੀ। ਮਤਾ ਪਾਸ ਕਰ ਦਿੱਤਾ ਗਿਆ ਪਰ ਵਿਭਾਗ ਦੇ ਵਿਜੀਲੈਂਸ ਸੈੱਲ ਨੇ ਇਸ ਦੀ ਜਾਂਚ ਕੀਤੀ। ਇਸ ਦੀ ਰਿਪੋਰਟ 'ਚ ਮਿਲੀਭੁਗਤ ਨਾਲ ਧਾਂਦਲੀ ਦੀ ਗੱਲ ਸਾਹਮਣੇ ਆਈ। ਗਾਜ ਕਮਿਸ਼ਨਰ ਰਾਜੇਸ਼ ਧੀਮਾਨ ਸਮੇਤ ਪੰਜ ਅਧਿਕਾਰੀਆਂ 'ਤੇ ਵੀ ਡਿੱਗੀ।
ਇਸ ਤੋਂ ਪਹਿਲਾਂ ਨਿਗਮ ਕਮਿਸ਼ਨਰ ਰਹੇ ਉਮਾਸ਼ੰਕਰ ਨੇ ਜਦੋਂ ਸ਼ਹਿਰ 'ਚ ਰੇਹੜੀ-ਫੜ੍ਹੀ ਲਾਉਣ 'ਚ ਵਸੂਲੀ ਦਾ ਮੁੱਦਾ ਉਠਾਇਆ ਸੀ ਤਾਂ ਮੇਅਰ ਤੇ ਕਮਿਸ਼ਨਰ 'ਚ ਰਿਸ਼ਤੇ ਬਹੁਤ ਖਰਾਬ ਹੋ ਗਏ ਸਨ। ਹਾਲਾਂਕਿ ਇਸਦਾ ਖਮਿਆਜ਼ਾ ਕਮਿਸ਼ਨਰ ਨੂੰ ਭੁਗਤਣਾ ਪਿਆ ਤੇ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ। ਉਦੋਂ ਤੋਂ ਹੀ ਮੇਅਰ ਕੁਲਵੰਤ ਵਿਵਾਦਾਂ 'ਚ ਹਨ।
ਪੰਜਾਬ ਰੋਡਵੇਜ਼, ਪਨਬਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਗੇਟ ਰੈਲੀ
NEXT STORY