ਜਲੰਧਰ- ਭਾਜਪਾ ਵੱਲੋਂ ਜਾਰੀ ਕੀਤੇ ਗਏ ਪੋਸਟਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਬਿੱਟੂ ਵਿਚਾਲੇ 'ਟਵੀਟ ਵਾਰ' ਛਿੜ ਗਈ ਹੈ। ਇਸ ਪੋਸਟਰ 'ਚ ਭਾਜਪਾ ਨੇ ਪਾਰਟੀ ਆਗੂਆਂ ਦੇ ਨਾਲ-ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਬੇਅੰਤ ਸਿੰਘ ਦੀ ਤਸਵੀਰ ਵੀ ਸ਼ਾਮਲ ਕੀਤੀ ਹੈ।
ਇਸ ਪੋਸਟਰ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਰਵਨੀਤ ਬਿੱਟੂ 'ਤੇ ਨਿਸ਼ਾਨਾ ਵਿੰਨ੍ਹਦਿਆਂ ਟਵੀਟ ਕਰ ਕਿਹਾ ਸੀ ਕਿ ਉਨ੍ਹਾਂ ਨੂੰ ਬੇਅੰਤ ਸਿੰਘ ਦੀ ਤਸਵੀਰ ਭਾਜਪਾ ਦੇ ਪੋਸਟਰ 'ਚ ਸ਼ਾਮਲ ਕਰ ਕੇ ਉਨ੍ਹਾਂ ਦੀ ਸ਼ਹਾਦਤ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ।
ਇਸ ਤੋਂ ਬਾਅਦ ਰਵਨੀਤ ਬਿੱਟੂ ਨੇ ਰਾਜਾ ਵੜਿੰਗ ਨੂੰ ਜਵਾਬ ਦਿੰਦਿਆਂ 'ਐਕਸ' 'ਤੇ ਪੋਸਟ ਕਰਦਿਆਂ ਲਿਖਿਆ, ''ਸ਼ਹੀਦ ਪਾਰਟੀ ਤੋਂ ਉਪਰ ਹੁੰਦੇ ਹਨ। ਕਾਂਗਰਸ ਨੇ ਮੇਰੇ ਦਾਦਾ ਜੀ ਦੀ ਸਰਵਉੱਚ ਕੁਰਬਾਨੀ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ। ਪੰਜਾਬ ਕਾਂਗਰਸ ਕਮੇਟੀ ਦੱਸੇ ਕਿ 25 ਸਾਲਾਂ 'ਚ ਚੋਣਾਂ ਜਾਂ ਪਾਰਟੀ ਦੇ ਪ੍ਰੋਗਰਾਮਾਂ ਵਿਚ ਉਨ੍ਹਾਂ ਦੀ ਕੁਰਬਾਨੀ ਦਾ ਕਦੇ ਜ਼ਿਕਰ ਵੀ ਕੀਤਾ ? ਚੰਡੀਗੜ੍ਹ ਕਾਂਗਰਸ ਭਵਨ ਸਾਹਮਣੇ ਤੋਂ ਬੇਅੰਤ ਸਿੰਘ ਜੀ ਦੇ ਬੁੱਤ ਕਿਉਂ ਹਟਾਏ ਗਏ ?''
ਰਾਜਾ ਵੜਿੰਗ ਨੇ ਬਿੱਟੂ ਨੂੰ ਜਵਾਬ ਦਿੰਦਿਆਂ ਇਕ ਵਾਰ ਫ਼ਿਰ ਤੋਂ ਟਵੀਟ ਕੀਤਾ। ਇਸ ਵਾਰ ਉਨ੍ਹਾਂ ਲਿਖਿਆ- ''ਜੇ ਤੁਹਾਨੂੰ ਯਾਦ ਹੋਵੇ ਤਾਂ ਉਨ੍ਹਾਂ ਦੀ ਆਹ ਪਿਛਲੀ ਬਰਸੀ ਮੌਕੇ ਆਪਾਂ ਇਕੱਠੇ ਹੀ ਸੀ ਜਿਸ ਦੀਆਂ ਤਸਵੀਰਾਂ ਮੈਂ ਨਾਲ ਨੱਥੀ ਕਰ ਰਿਹਾ ਹਾਂ। ਇਸ ਤੋਂ ਇਲਾਵਾ ਮੇਰੇ ਕੁੱਝ ਹੋਰ ਟਵੀਟ ਵੀ ਨਾਲ ਨੱਥੀ ਕਰ ਰਿਹਾ ਹਾਂ। ਉਮੀਦ ਕਰਦਾ ਹਾਂ ਕਿ ਤੁਸੀਂ ਭਾਜਪਾ ਦੇ ਭਗਵੇਂ ਤੋਂ ਵੀ ਬਾਹਰ ਹੋ ਕੇ ਸੋਚਣ ਦੀ ਕੋਸ਼ਿਸ਼ ਕਰੋਗੇ।''
ਇਸ ਤੋਂ ਇਲਾਵਾ ਉਨ੍ਹਾਂ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਨਾਲ ਉਨ੍ਹਾਂ ਲਿਖਿਆ, ''ਬਿੱਟੂ ਜੀ, ਸਿਆਸੀ ਲਾਭ ਲਈ ਤੁਸੀਂ ਅਜਿਹੀ ਬਿਆਨਬਾਜ਼ੀ ਨਾ ਕਰੋ ਜੋ ਸ਼ਹੀਦ ਬੇਅੰਤ ਸਿੰਘ ਜੀ ਦੀ ਕੁਰਬਾਨੀ ਨੂੰ ਹੌਲਾ ਕਰ ਦੇਵੇ। ਪੰਜਾਬ ਦੀ ਅਮਨ ਸ਼ਾਂਤੀ ਲਈ ਦਿੱਤੀ ਉਨ੍ਹਾਂ ਦੀ ਕੁਰਬਾਨੀ ਨੂੰ ਕਾਂਗਰਸ ਨੇ ਹਮੇਸ਼ਾ ਸਲਾਹਿਆ ਹੈ। ਅਜਿਹੀਆਂ ਸੈਂਕੜੇ ਉਦਾਹਰਨਾਂ ਹਨ ਜੋ ਇਸ ਗੱਲ ਦਾ ਪ੍ਰਮਾਣ ਦੇ ਸਕਦੀਆਂ ਹਨ। ਤੁਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਿਆਸੀ ਲਾਭ ਲਈ ਨਾ ਹੀ ਵਰਤੋ ਤਾਂ ਚੰਗਾ ਰਹੇਗਾ।''
ਇਸ ਵੀਡੀਓ 'ਚ ਉਨ੍ਹਾਂ ਕਿਹਾ ਕਿ ਸ. ਬੇਅੰਤ ਸਿੰਘ ਰਵਨੀਤ ਬਿੱਟੂ ਦੇ ਦਾਦਾ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਨੇਤਾ ਸਨ। ਉਹ ਹਮੇਸ਼ਾ ਸਫੇਦ ਪੱਗ ਬੰਨ੍ਹਦੇ ਸਨ ਕਿਉਂਕਿ ਉਹ ਹਮੇਸ਼ਾ ਸ਼ਾਂਤੀ ਪਸੰਦ ਵਿਅਕਤੀ ਸਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਬਿੱਟੂ ਨਾਲ ਕੋਈ ਮਸਲਾ ਨਹੀਂ ਹੈ, ਉਹ ਬਿੱਟੂ ਨੂੰ ਆਪਣਾ ਵੱਡਾ ਭਰਾ ਮੰਨਦੇ ਹਨ ਤੇ ਪਰਮਾਤਮਾ ਤੋਂ ਉਨ੍ਹਾਂ ਦੀ ਕਾਮਯਾਬੀ ਮੰਗਦੇ ਹਨ ਤੇ ਚਾਹੁੰਦੇ ਹਨ ਕਿ ਉਹ ਹਮੇਸ਼ਾ ਸਿਹਤਮੰਦ ਰਹਿਣ। ਪਰ ਉਨ੍ਹਾਂ ਕਿਹਾ ਕਿ ਭਾਜਪਾ ਦੇ ਫਲੈਕਸ ਬੋਰਡ 'ਤੇ ਬੇਅੰਤ ਸਿੰਘ ਦੀ ਤਸਵੀਰ ਹੋਣ ਨਾਲ ਬੇਅੰਤ ਸਿੰਘ ਦੀ ਆਤਮਾ ਨੂੰ ਸੱਟ ਲੱਗੇਗੀ, ਇਸ ਕਾਰਨ ਉਹ ਸਿਆਸੀ ਲਾਭ ਲੈਣ ਲਈ ਸ਼ਹੀਦ ਦੇ ਨਾਂ ਦੀ ਵਰਤੋਂ ਨਾ ਕਰਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੋਣ ਪ੍ਰਚਾਰ ਤੋਂ ਪਹਿਲਾਂ ਸੁਨੀਤਾ ਕੇਜਰੀਵਾਲ ਨੇ ਲੁਧਿਆਣਾ ਦੇ 8 ਵਿਧਾਇਕਾਂ ਤੇ ਪਾਰਟੀ ਵਰਕਰਾਂ ਨੂੰ ਕੀਤਾ ਉਤਸ਼ਾਹਿਤ
NEXT STORY