ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਪੁਲਸ ਨੇ ਦੋ ਵਿਅਕਤੀਆਂ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ ਦੋ ਨਾਜਾਇਜ਼ ਪਿਸਤੌਲ, ਚਾਰ ਮੈਗਜ਼ੀਨ ਅਤੇ 19 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਪੁਲਸ ਦਾ ਕਹਿਣਾ ਹੈ ਕਿ ਫੜਿਆ ਗਿਆ ਦੋਸ਼ੀ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰ ਲਿਆ ਕੇ ਸਪਲਾਈ ਕਰਦਾ ਸੀ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਉਪ ਕਪਤਾਨ ਪੁਲਸ ਇਨਵੈਸਟੀਗੇਸ਼ਨ ਬਲਕਾਰ ਸਿੰਘ ਨੇ ਦੱਸਿਆ ਕਿ ਸੀਆਈਏ-2 ਅਬੋਹਰ ਸਮੇਤ ਪੁਲਸ ਪਾਰਟੀ ਗਸ਼ਤ ਅਤੇ ਚੈਕਿੰਗ ਦੌਰਾਨ ਮਲੋਟ ਚੌਕ ਨੇੜੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਖਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਗੁਰਜੀਤ ਸਿੰਘ ਉਰਫ਼ ਜੀਤਾ ਪੁੱਤਰ ਰਾਮ ਸਿੰਘ ਵਾਸੀ ਰਾਣੀਵਾਲਾ ਜ਼ਿਲ੍ਹਾ ਸ੍ਰੀ. ਮੁਕਤਸਰ ਸਾਹਿਬ, ਜੋ ਕਿ ਦੂਜੇ ਰਾਜਾਂ ਤੋਂ ਨਜਾਇਜ਼ ਹਥਿਆਰ ਲਿਆ ਕੇ ਵੇਚਦਾ ਹੈ, ਜੋ ਆਪਣੇ ਬੁਲੇਟ ਮੋਟਰਸਾਈਕਲ 'ਤੇ ਪਿਸਤੌਲ ਵੇਚਣ ਲਈ ਆ ਰਿਹਾ ਹੈ।
ਇਸ ’ਤੇ ਕਾਰਵਾਈ ਕਰਦਿਆਂ ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਕੋਲੋਂ ਇੱਕ ਪਿਸਤੌਲ 30 ਬੋਰ ਦੀ ਮੈਗਜ਼ੀਨ ਅਤੇ 8 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ, ਜਦੋਂ ਪੁਲਸ ਨੇ ਇਸ ਮਾਮਲੇ ਦੀ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਜਾਂਚ ਦੌਰਾਨ ਇਸ ਮਾਮਲੇ 'ਚ ਆਕਾਸ਼ ਉਰਫ ਗੋਲੂ ਪੰਡਿਤ ਪੁੱਤਰ ਅਵਨੀਸ਼ ਤਿਵਾੜੀ ਵਾਸੀ ਜੌਹਰੀ ਮੰਦਰ ਅਬੋਹਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 2 ਮੈਗਜ਼ੀਨ ਅਤੇ 11 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਨਾਜਾਇਜ਼ ਹਥਿਆਰਾਂ ਦੀ ਵਰਤੋਂ ਆਪਣੇ ਦੁਸ਼ਮਣਾਂ ਨੂੰ ਮਾਰਨ ਲਈ ਕੀਤੀ ਜਾਣੀ ਸੀ, ਜਿਸ ਦੇ ਖਿਲਾਫ ਪਹਿਲਾਂ ਵੀ ਨਾਜਾਇਜ਼ ਹਥਿਆਰ ਰੱਖਣ ਅਤੇ ਇਰਾਦਾ ਕਤਲ ਦੇ ਮਾਮਲੇ ਦਰਜ ਹਨ। ਪੁਲਸ ਦਾ ਕਹਿਣਾ ਹੈ ਕਿ ਸ਼ੱਕੀਆਂ ਵੱਲੋਂ ਦੋ ਲੋਕਾਂ ਦੇ ਕਤਲ ਦੀ ਯੋਜਨਾ ਸੀ ਜੋ ਕਿ ਨਾਕਾਮ ਕੀਤੀ ਗਈ ਹੈ।
CM ਮਾਨ ਨੇ ਯੂਨੀਵਰਸਿਟੀਆਂ ਬਾਰੇ ਕੀਤੀ ਉਪ ਰਾਸ਼ਟਰਪਤੀ ਨੂੰ ਵੱਡੀ ਮੰਗ, ਲਿਖਿਆ ਪੱਤਰ
NEXT STORY