ਜ਼ੀਰਕਪੁਰ (ਧੀਮਾਨ) : ਰੀਅਲ ਅਸਟੇਟ ਵਪਾਰ ਦੇ ਨਾਂ ’ਤੇ 12 ਕਰੋੜ ਰੁਪਏ ਦੀ ਵੱਡੀ ਠੱਗੀ ਦੇ ਮਾਮਲੇ ’ਚ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਸ ਨੇ ਦਿੱਲੀ ਤੋਂ ਦੋ ਨਾਮਜ਼ਦ ਮੁਲਜ਼ਮਾਂ ਅਭਿਨਵ ਪਾਠਕ ਤੇ ਭਰਤ ਛਾਬੜਾ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਦੋਵਾਂ ਨੂੰ ਦੋ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ। ਮਾਮਲੇ ’ਚ ਕੁੱਲ ਚਾਰ ਮੁਲਜ਼ਮ ਨਾਮਜ਼ਦ ਹਨ, ਜਿਨ੍ਹਾਂ ’ਚੋਂ ਤਿੰਨ ਗ੍ਰਿਫ਼ਤਾਰ ਹੋ ਚੁੱਕੇ ਹਨ, ਜਦਕਿ ਚੌਥੇ ਦੀ ਤਲਾਸ਼ ਲਈ ਛਾਪੇਮਾਰੀ ਜਾਰੀ ਹੈ। ਇਹ ਮਾਮਲਾ ਮੋਹਾਲੀ ਸਥਿਤ ਐੱਸ.ਏ. ਗਲੋਬਲ ਪ੍ਰਾ. ਲਿ. ਦੇ ਡਾਇਰੈਕਟਰ ਅਭੈ ਜਿੰਦਲ ਦੀ ਸ਼ਿਕਾਇਤ ’ਤੇ ਦਰਜ ਹੋਇਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਮੁਲਜ਼ਮਾਂ ਨੇ ਉਸ ਨੂੰ ਇਹ ਕਹਿ ਕੇ ਠੱਗਿਆ ਕਿ ਉਨ੍ਹਾਂ ਦੀ ਫਰਮ ਬੈਂਕਾਂ ਵੱਲੋਂ ਨੀਲਾਮ ਕੀਤੀਆਂ ਜ਼ਮੀਨਾਂ ਨੂੰ ‘ਪ੍ਰਾਈਵੇਟ ਟ੍ਰੀਟੀ’ ਰਾਹੀਂ ਘੱਟ ਕੀਮਤ ’ਤੇ ਖ਼ਰੀਦ ਸਕਦੀ ਹੈ। ਇਸ ਦੌਰਾਨ ਜ਼ੀਰਕਪੁਰ ’ਚ 21.5 ਏਕੜ ਦੀ ਜ਼ਮੀਨ ਦਾ ਸੌਦਾ ਦਿਖਾ ਕੇ ਉਸ ਤੋਂ 12 ਕਰੋੜ ਰੁਪਏ ਮੰਗੇ ਗਏ, ਜੋ ਉਸ ਨੇ ਸਤੰਬਰ 2024 ’ਚ ਮੁਲਜ਼ਮਾਂ ਦੀ ਫਰਮ ਦੇ ਖਾਤੇ ’ਚ ਟਰਾਂਸਫਰ ਕਰ ਦਿੱਤੇ।
ਮਾਮਲੇ ’ਚ ਬੈਂਕ ਮੁਲਾਜ਼ਮ ਜਾਂ ਹੋਰ ਬਾਹਰੀ ਵਿਅਕਤੀ ਦੀ ਭੂਮਿਕਾ ਦੀ ਜਾਂਚ
ਪੈਸੇ ਲੈਣ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਐੱਸ.ਬੀ.ਆਈ. ਦਾ ਇਕ ‘ਸੇਲ ਸਰਟੀਫਿਕੇਟ’ ਦਿੱਤਾ, ਜਿਸ ’ਚ ਦਾਅਵਾ ਕੀਤਾ ਸੀ ਕਿ ਜ਼ਮੀਨ ਤਿੰਨ ਫਰਮਾਂ ਦੇ ਨਾਂ ਵੇਚੀ ਜਾ ਚੁੱਕੀ ਹੈ। ਬਾਅਦ ’ਚ ਜਦੋਂ ਦਸਤਾਵੇਜ਼ਾਂ ਦੀ ਜਾਂਚ ਹੋਈ ਤਾਂ ਇਹ ਸਰਟੀਫਿਕੇਟ ਪੂਰੀ ਤਰ੍ਹਾਂ ਜਾਲਸਾਜ਼ੀ ਨਿਕਲਿਆ ਤੇ ਸ਼ਿਕਾਇਤਕਰਤਾ ਨੂੰ ਸਮਝ ਆ ਗਿਆ ਕਿ ਪੂਰਾ ਖੇਡ ਫਰਜ਼ੀ ਕਾਗਜ਼ਾਂ ’ਤੇ ਤਿਆਰ ਕੀਤਾ ਗਿਆ ਸੀ। ਪੁਲਸ ਮੁਤਾਬਕ ਅਭਿਨਵ ਪਾਠਕ ਤੇ ਭਰਤ ਛਾਬੜਾ ਇਸ ਠੱਗੀ ਦੇ ਮੁੱਖ ਖਿਡਾਰੀ ਸਨ ਤੇ ਉਨ੍ਹਾਂ ਨੇ ਮਿਲ ਕੇ ਜਾਲਸਾਜ਼ੀ ਵਾਲੇ ਦਸਤਾਵੇਜ਼ ਤਿਆਰ ਕਰਕੇ ਸ਼ਿਕਾਇਤਕਰਤਾ ਨੂੰ ਧੋਖੇ ’ਚ ਰੱਖਿਆ। ਰਿਮਾਂਡ ਦੌਰਾਨ ਪੁਲਸ ਦੋਵਾਂ ਤੋਂ ਇਹ ਜਾਨਣ ਦੀ ਕੋਸ਼ਿਸ਼ ਕਰੇਗੀ ਕਿ ਠੱਗੀ ਦੀ ਰਕਮ ਕਿੱਥੇ ਗਈ, ਇਸ ’ਚ ਹੋਰ ਕੌਣ-ਕੌਣ ਸ਼ਾਮਲ ਹੈ ਤੇ ਫ਼ਰਾਰ ਚੌਥੇ ਮੁਲਜ਼ਮ ਨਾਲ ਉਨ੍ਹਾਂ ਦਾ ਕੀ ਸਬੰਧ ਹੈ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਪੂਰੇ ਮਾਮਲੇ ’ਚ ਕਿਸੇ ਬੈਂਕ ਮੁਲਾਜ਼ਮ ਜਾਂ ਹੋਰ ਬਾਹਰੀ ਵਿਅਕਤੀ ਦੀ ਭੂਮਿਕਾ ਤਾਂ ਨਹੀਂ ਸੀ। ਜ਼ੀਰਕਪੁਰ ਪੁਲਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਤੇਜ਼ੀ ਨਾਲ ਜਾਰੀ ਹੈ।
ਡੌਂਕੀ ਲਾਉਣ ਵਾਲੇ ਸਾਵਧਾਨ! ਨੌਜਵਾਨਾਂ ਨੂੰ ਦਿੱਤੀ ਜਾ ਰਹੀ ਥਰਡ ਡਿਗਰੀ, ਹੋਸ਼ ਉਡਾਉਣ ਵਾਲੀ ਵੀਡੀਓ ਆਈ ਸਾਹਮਣੇ
NEXT STORY