ਕਰਤਾਰਪੁਰ, (ਸਾਹਨੀ)— ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਦਾਣਾ ਮੰਡੀ ਨੇੜੇ ਝੁੱਗੀਆਂ ਵਿਚ ਰਹਿਣ ਵਾਲੀਆਂ 2 ਨਾਬਾਲਗ ਕੁੜੀਆਂ ਨੂੰ ਲਿਜਾਣ ਵਾਲੇ 2 ਨੌਜਵਾਨਾਂ ਨੂੰ ਅੱਜ ਸਥਾਨਕ ਪੁਲਸ ਨੇ ਮੁਖਬਰ ਦੀ ਇਤਲਾਹ 'ਤੇ ਕਰਤਾਰਪੁਰ 'ਚੋਂ ਹੀ ਉਸ ਸਮੇਂ ਕਾਬੂ ਕਰ ਲਿਆ, ਜਦ ਉਹ ਦੋਵੇਂ ਦੁਬਾਰਾ ਇਨ੍ਹਾਂ ਕੁੜੀਆਂ ਨੂੰ ਮਿਲਣ ਆਏ ਸਨ।
ਥਾਣਾ ਮੁਖੀ ਪਰਮਜੀਤ ਸਿੰਘ ਅਤੇ ਐੱਸ. ਆਈ. ਸੀਮਾ ਨੇ ਦੱਸਿਆ ਕਿ ਸਥਾਨਕ ਦਾਣਾ ਮੰਡੀ ਕੋਲ ਝੁੱਗੀ-ਝੌਂਪੜੀਆਂ ਵਿਚ ਰਹਿੰਦੇ ਰੰਜਨ ਪੁੱਤਰ ਰਾਮਜੀਤ ਵਾਸੀ ਤਿਰਲੋਕਪੁਰ ਥਾਣਾ ਅਲੀਗੰਜ ਜ਼ਿਲਾ ਅੰਬੇਡਕਰ ਨਗਰ ਯੂ. ਪੀ. ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਸ ਦੇ 7 ਬੱਚੇ ਹਨ। ਤੀਸਰੇ ਨੰਬਰ ਦੀ ਬੇਟੀ ਰੀਨਾ (ਕਾਲਪਨਿਕ ਨਾਂ) ਉਮਰ 14 ਸਾਲ ਅਤੇ ਰੰਜਨ ਦੇ ਮਾਮਾ ਸ਼ਿਵਪੂਜਨ ਦੀ ਸਭ ਤੋਂ ਛੋਟੀ ਬੇਟੀ ਮੀਨਾ (ਕਾਲਪਨਿਕ) ਉਮਰ 15 ਸਾਲ ਬੀਤੀ 8 ਅਪ੍ਰੈਲ ਨੂੰ ਘਰੋਂ ਗਈਆਂ। ਦੋਵੇਂ ਸੜਕਾਂ ਤੋਂ ਕਬਾੜ ਆਦਿ ਚੁੱਕਣ ਦਾ ਕੰਮ ਕਰਦੀਆਂ ਹਨ।
ਇਨ੍ਹਾਂ ਨੂੰ ਬੀਤੀ 8 ਅਪ੍ਰੈਲ ਨੂੰ ਸ਼ਾਮ ਕਰੀਬ 5 ਵਜੇ ਭੁੱਲਰ ਰੋਡ ਕਰਤਾਰਪੁਰ ਨੇੜਿਓਂ ਵਿਆਹ ਦਾ ਝਾਂਸਾ ਦੇ ਕੇ ਮੰਗਲ ਪੁੱਤਰ ਰਜੇਸ਼ ਖੰਨਾ (19) ਵਾਸੀ ਦਾਣਾ ਮੰਡੀ ਬਟਾਲਾ ਨੇੜੇ ਝੁੱਗੀਆਂ ਵਿਚ ਰਹਿਣ ਵਾਲਾ ਅਤੇ ਦੂਸਰਾ ਭੰਡਾਰੀ ਪੁੱਤਰ ਬਹੋਰੀ ਵਾਸੀ ਭਗਤੋਵਾਲਾ ਦਾਣਾ ਮੰਡੀ ਅੰਮ੍ਰਿਤਸਰ ਨੇੜੇ ਝੁੱਗੀਆਂ ਵਿਚ ਰਹਿਣ ਵਾਲਾ ਲੈ ਗਏ। ਪਹਿਲਾਂ ਇਹ ਬੱਸ ਰਾਹੀਂ ਅੰਮ੍ਰਿਤਸਰ ਗਏ, ਉਥੇ ਰੇਲ ਰਾਹੀਂ ਲੁਧਿਆਣਾ ਅਤੇ ਲੁਧਿਆਣਾ ਤੋਂ ਹਰਿਆਣਾ ਭਵਾਨੀ ਰੇਲਵੇ ਸਟੇਸ਼ਨ 'ਤੇ ਵੀ ਰਹੇ। ਜਿੱਥੋਂ ਉਹ ਦੁਬਾਰਾ ਅੰਮ੍ਰਿਤਸਰ ਆ ਗਏ। ਪੁਲਸ ਅਨੁਸਾਰ ਪੀੜਤ ਪਰਿਵਾਰ ਵੱਲੋਂ ਉਨ੍ਹਾਂ ਨੂੰ 10 ਅਪ੍ਰੈਲ ਨੂੰ ਸ਼ਿਕਾਇਤ ਦਿੱਤੀ ਗਈ ਅਤੇ 11 ਅਪ੍ਰੈਲ ਨੂੰ ਦੋਵੇਂ ਲੜਕੀਆਂ ਭਗਤੋਵਾਲ ਦਾਣਾ ਮੰਡੀ ਅੰਮ੍ਰਿਤਸਰ ਤੋਂ ਬਰਾਮਦ ਕਰ ਲਈਆਂ ਗਈਆਂ, ਜਦਕਿ ਦੋਵੇਂ ਨੌਜਵਾਨ ਫਰਾਰ ਦੱਸੇ ਜਾਂਦੇ ਹਨ। ਪੁਲਸ ਨੇ ਲੜਕੀਆਂ ਦਾ ਮੈਡੀਕਲ ਕਰਵਾਇਆ ਤੇ ਵਾਰਿਸਾਂ ਹਵਾਲੇ ਕਰ ਦਿੱਤਾ ਤੇ ਮਾਮਲਾ ਦਰਜ ਕਰਦੇ ਹੋਏ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ। 15 ਅਪ੍ਰੈਲ ਦੀ ਸਵੇਰ ਇਹ ਦੋਵੇਂ ਨੌਜਵਾਨ ਸਥਾਨਕ ਪੁਰਾਣੀ ਦਾਣਾ ਮੰਡੀ ਆਰੀਆ ਨਗਰ ਵਿਖੇ ਇਨ੍ਹਾਂ ਲੜਕੀਆਂ ਨੂੰ ਦੁਬਾਰਾ ਮਿਲਣ ਪੁੱਜੇ ਜਿੱਥੇ ਪੁਲਸ ਨੂੰ ਮਿਲੀ ਗੁਪਤ ਸੂਚਨਾ 'ਤੇ ਦੋਵਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਵੀ ਹਾਸਲ ਕੀਤਾ ਜਾਵੇਗਾ।
'ਸਰਕਾਰਾਂ ਤੇ ਵਪਾਰੀਆਂ ਦੀ ਮਿਲੀਭੁਗਤ ਨਾਲ ਕੀਤੀ ਜਾ ਰਹੀ ਐ ਕਿਸਾਨਾਂ ਦੀ ਲੁੱਟ'
NEXT STORY