ਮੋਹਾਲੀ (ਜੱਸੀ) : ਮੋਹਾਲੀ ਦੇ ਐਰੋਸਿਟੀ ਇਲਾਕੇ 'ਚ ਇਕ ਨਿੱਜੀ ਹਸਪਤਾਲ ਦੀ ਚੱਲ ਰਹੀ ਉਸਾਰੀ ਸਮੇਂ ਅਚਾਨਕ ਸ਼ਟਰਿੰਗ ਡਿੱਗਣ ਕਾਰਨ 2 ਮਜ਼ਦੂਰਾਂ ਦੀ ਮੌਤ ਹੋ ਗਈ ਤੇ 2 ਜਣੇ ਜ਼ਖ਼ਮੀ ਹੋ ਗਏ| ਮ੍ਰਿਤਕਾਂ ਦੀ ਪਛਾਣ ਉਮੇਂਦਰ ਅਤੇ ਉਦੈਵੀਰ ਵਜੋਂ ਹੋਈ, ਜੋ ਮੂਲ ਰੂਪ 'ਚ ਯੂ.ਪੀ. ਦੇ ਰਹਿਣ ਵਾਲੇ ਹਨ | ਮਿੱਟੀ ਹੇਠਾਂ ਕੁਝ ਹੋਰ ਮਜ਼ਦੂਰਾਂ ਦੇ ਦੱਬੇ ਹੋਣ ਦਾ ਵੀ ਖ਼ਦਸ਼ਾ ਹੈ ਪਰ ਇਸ ਬਾਰੇ ਪੁਲਸ ਪ੍ਰਸਾਸ਼ਨ ਦਾ ਕਹਿਣਾ ਹੈ ਕਿ ਰਾਹਤ ਕਾਰਜ ਜਾਰੀ ਹਨ ਤੇ ਇਸ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ | ਉਕਤ ਘਟਨਾ ਸ਼ਾਮ ਸਮੇਂ ਦੀ ਦੱਸੀ ਜਾ ਰਹੀ ਹੈ | ਹਸਪਤਾਲ ਦੀ ਇਸ ਬਿਲਡਿੰਗ ਦੀ ਬੇਸਮੈਂਟ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਤੇ ਇਕ ਜੇ.ਸੀ.ਬੀ. ਮਸ਼ੀਨ ਵੱਲੋਂ ਬੇਸਮੈਂਟ ਦੀ ਮਿੱਟੀ ਪੁੱਟੀ ਜਾ ਰਹੀ ਸੀ |
ਇਸ ਦੌਰਾਨ ਅਚਾਨਕ ਸ਼ਟਰਿੰਗ ਡਿੱਗਣ ਕਾਰਨ ਮਿੱਟੀ ਦੀਆਂ ਢਿੱਗਾਂ ਡਿੱਗ ਪਈਆਂ ਤੇ ਹੇਠਾਂ ਕੰਮ ਕਰ ਰਹੇ ਕੁਝ ਮਜ਼ਦੂਰ ਮਿੱਟੀ 'ਚ ਦਬ ਗਏ | ਉਕਤ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਇਲਾਕੇ ਦੀ ਪੁਲਸ ਮੌਕੇ 'ਤੇ ਪਹੁੰਚੀ | ਲੋਕਾਂ ਤੇ ਉਕਤ ਜਗ੍ਹਾ ’ਤੇ ਕੰਮ ਕਰ ਰਹੇ ਹੋਰਨਾਂ ਮਜ਼ਦੂਰਾਂ ਨੇ ਮਿੱਟੀ ਹੇਠਾਂ ਦੱਬੇ ਦੋ ਮਜ਼ਦੂਰਾਂ ਨੂੰ ਬਾਹਰ ਕੱਢਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ | ਲਾਸ਼ਾਂ ਨੂੰ ਦੇਖ ਕੇ ਉਨ੍ਹਾਂ ਦੇ ਜਾਣਕਾਰ ਭੁੱਬਾਂ ਮਾਰ ਕੇ ਰੋ ਰਹੇ ਸਨ । ਕੋਨੇ 'ਤੇ ਖੜ੍ਹੇ ਦੋ ਮਜ਼ਦੂਰ ਜ਼ਖ਼ਮੀ ਹੋ ਗਏ। ਅਨੁਜ ਨਾਂ ਦਾ ਮਜ਼ਦੂਰ ਜ਼ਿਆਦਾ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ | ਇਸ ਸਬੰਧੀ ਡੀ.ਐੱਸ.ਪੀ. ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਰਾਹਤ ਕਾਰਜ ਜਾਰੀ ਹਨ | ਸੁਪਰਵਾਈਜ਼ਰ ਨੂੰ ਬੁਲਾਇਆ ਗਿਆ ਹੈ, ਜਿਸ ਦੇ ਆਉਣ ਉਪਰੰਤ ਕੰਮ ਕਰ ਰਹੇ ਵਿਅਕਤੀਆਂ ਬਾਰੇ ਜਾਣਕਾਰੀ ਸਾਹਮਣੇ ਆਵੇਗੀ | ਉਨਾਂ ਕਿਹਾ ਕਿ ਵਧਵਾ ਨਾਂ ਦੇ ਵਿਅਕਤੀ ਦਾ ਇਹ ਹਸਪਤਾਲ ਬਣ ਰਿਹਾ ਸੀ। ਐੱਸ.ਐੱਸ.ਪੀ. ਮੋਹਾਲੀ ਦੇ ਹੁਕਮਾਂ 'ਤੇ ਸਿੱਟ ਬਣਾ ਕੇ ਉਕਤ ਮਾਮਲੇ ਦੀ ਜਾਂਚ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਨਾ ਹੋਣ ਦੀ ਕੀਤੀ ਸ਼ਿਕਾਇਤ, ਪਰਨਾਲਾ ਉੱਥੇ ਦਾ ਉੱਥੇ
ਇਲਾਕੇ ਦੇ ਕੌਂਸਲਰ ਨੇ ਕਿਹਾ ਕਿ ਹਸਪਤਾਲ ਦੀ ਬਣ ਰਹੀ ਬਿਲਡਿੰਗ ਦੇ ਬਾਹਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਨਾ ਹੋਣ ਕਾਰਨ ਉਹ ਗਮਾਡਾ ਤੇ ਹਸਪਤਾਲ ਪ੍ਰਬੰਧਕਾਂ ਨੂੰ ਸ਼ਿਕਾਇਤ ਕਰ ਚੁੱਕੇ ਸਨ ਪਰ ਸੁਰੱਖਿਆ ਦੇ ਇੰਤਜ਼ਾਮ ਨਹੀਂ ਕੀਤੇ ਗਏ, ਜਿਸ ਕਾਰਨ ਹਾਦਸਾ ਵਾਪਰਿਆ। ਜੇ ਆਰ.ਸੀ.ਸੀ. ਦੀ ਕੰਧ ਹੋਈ ਹੁੰਦੀ ਤਾਂ ਬਰਮ ਟੁੱਟਣ ਦੇ ਖ਼ਤਰੇ ਤੋਂ ਬਚਿਆ ਜਾ ਸਕਦਾ ਸੀ | ਆਸਪਾਸ ਰਹਿਣ ਵਾਲੇ ਲੋਕਾਂ ਦਾ ਵੀ ਕਹਿਣਾ ਹੈ ਕਿ ਉਕਤ ਬਣ ਰਹੀ ਬਿਲਡਿੰਗ ਦੌਰਾਨ ਸੁਰੱਖਿਆ ਦੇ ਪ੍ਰਬੰਧ ਨਾ ਹੋਣ ਕਾਰਨ ਉਕਤ ਘਟਨਾ ਵਾਪਰੀ ਹੈ। ਇਸੇ ਇਲਾਕੇ 'ਚ ਕਰੀਬ 2 ਸਾਲ ਪਹਿਲਾਂ ਵੀ ਅਜਿਹਾ ਹੀ ਹਾਦਸਾ ਵਾਪਰਿਆ ਸੀ, ਜਿੱਥੇ 2 ਮਜ਼ਦੂਰਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋ ਗਏ ਸਨ।
ਸ੍ਰੀ ਮੁਕਤਸਰ ਸਾਹਿਬ ’ਚ ਸਨਸਨੀ: ਕਿਰਾਏ ਦੇ ਮਕਾਨ ’ਚੋਂ ਮਿਲਆਂ 2 ਲਾਸ਼ਾਂ, ਪੁਲਸ ਜਾਂਚ ਜਾਰੀ
NEXT STORY