ਜਲੰਧਰ (ਪੁਨੀਤ)- ਯੂਕ੍ਰੇਨ ਵਿਚ ਭਾਰਤੀ ਵਿਦਿਆਰਥੀਆਂ ਦੇ ਸੁਰੱਖਿਅਤ ਹੋਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਬੱਚੇ ਡਰ ਦੇ ਪ੍ਰਛਾਵੇਂ ਹੇਠ ਵੱਖ-ਵੱਖ ਥਾਵਾਂ ’ਤੇ ਪਨਾਹ ਲੈ ਕੇ ਰਹਿ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਸਰਕਾਰ ਵੱਲੋਂ ਭਰੋਸੇ ਦਿੱਤੇ ਜਾ ਰਹੇ ਹਨ ਕਿ ਬੱਚਿਆਂ ਨੂੰ ਸਹੀ-ਸਲਾਮਤ ਭਾਰਤ ਵਾਪਸ ਲਿਆਂਦਾ ਜਾਵੇਗਾ ਪਰ ਕਈ ਦਿਨ ਬੀਤਣ ਜਾਣ ਦੇ ਬਾਅਦ ਵੀ ਅਜਿਹਾ ਸੰਭਵ ਨਹੀਂ ਹੋ ਪਾ ਰਿਹਾ, ਜਿਸ ਕਾਰਨ ਉਹ ਬੇਹੱਦ ਚਿੰਤਤ ਹਨ। ਉਕਤ ਗੱਲਾਂ ਦਾ ਪ੍ਰਗਟਾਵਾ ਮਾਡਲ ਟਾਊਨ ਪਹੁੰਚੇ ਯੂਕ੍ਰੇਨ ਵਿਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੇ ਕੀਤਾ।
ਜਲੰਧਰ, ਭੋਗਪੁਰ, ਪਠਾਨਕੋਟ, ਕਪੂਰਥਲਾ, ਫਾਜ਼ਿਲਕਾ ਅਤੇ ਦਸੂਹਾ ਸਣੇ ਕਈ ਕਸਬਿਆਂ ਅਤੇ ਸ਼ਹਿਰਾਂ ਤੋਂ ਮਾਪੇ ਬੀਤੇ ਦਿਨ ਸ਼ਾਮ ਨੂੰ ਮਾਡਲ ਟਾਊਨ ਵਿਚ ਗੋਲ ਮਾਰਕੀਟ ਨੇੜੇ ਇਕੱਠੇ ਹੋਏ ਅਤੇ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕੱਢਿਆ ਅਤੇ ਕੇਂਦਰ ਸਰਕਾਰ ਤੋਂ ਬੱਚਿਆਂ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ। ਹੱਥਾਂ ਵਿਚ ਤਖ਼ਤੀਆਂ ਲੈ ਕੇ ਮਾਤਾ-ਪਿਤਾ ਬੇਹੱਦ ਪ੍ਰੇਸ਼ਾਨੀ ਦੀ ਹਾਲਤ ਵਿਚ ਸਨ ਅਤੇ ਤਖ਼ਤੀਆਂ ’ਤੇ ਕਈ ਤਰ੍ਹਾਂ ਦੇ ਸਲੋਗਨ ਲਿਖੇ ਹੋਏ ਸਨ। ਮੁੱਖ ਤੌਰ ’ਤੇ ‘ਹੈਲਪ ਫਾਰ ਸਟੂਡੈਂਟਸ’, ‘ਦਿ ਸਟੂਡੈਂਟਸ ਆਰ ਵਿਦਾਊਟ ਫੂਡ ਐਂਡ ਵਾਟਰ’, ‘ਸਟਾਪ ਵਾਰ’, ‘ਫੇਵਰ ਇੰਡੀਅਨ ਸਟੂਡੈਂਟਸ’, ‘ਸਰਕਾਰ ਕਦਮ ਚੁੱਕੇ’ ਵਰਗੇ ਸਲੋਗਨ ਲਿਖੇ ਹੋਏ ਸਨ। ਕਈ ਮਾਪਿਆਂ ਨੇ ਕਿਹਾ ਕਿ ਵੀਡੀਓ ਕਾਨਫ਼ਰੰਸਿੰਗ ਰਾਹੀਂ ਬੱਚਿਆਂ ਨਾਲ ਉਨ੍ਹਾਂ ਦੀ ਗੱਲ ਹੋਈ ਹੈ ਅਤੇ ਉਨ੍ਹਾਂ ਸੜਕਾਂ ਦੇ ਖ਼ਰਾਬ ਹਾਲਾਤ ਅਤੇ ਤਬਾਹ ਹੋਈਆਂ ਇਮਾਰਤਾਂ ਵੀ ਵਿਖਾਈਆਂ।
ਇਹ ਵੀ ਪੜ੍ਹੋ: ਆਪਣੇ ਨਾਗਰਿਕਾਂ ਨੂੰ ਹਥਿਆਰ ਦੇ ਕੇ ਯੂਕ੍ਰੇਨ ਨੇ ਸਹੇੜੀ ਨਵੀਂ ਮੁਸੀਬਤ, ਬਦਤਰ ਹੋ ਰਹੇ ਨੇ ਹਾਲਾਤ
ਮਾਡਲ ਟਾਊਨ ਵਿਚ ਗੱਲਬਾਤ ਦੌਰਾਨ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਯੂਕ੍ਰੇਨ ਦੇ ਈਸਟਰਨ ਬਾਰਡਰ ’ਤੇ ਸਭ ਤੋਂ ਦਰਦਨਾਕ ਹਾਲਾਤ ਬਣੇ ਹੋਏ ਹਨ। ਉਥੇ ਬੱਚੇ ਭੇਡਾਂ-ਬੱਕਰੀਆਂ ਵਾਂਗ ਬੰਕਰਾਂ ਵਿਚ ਪਨਾਹ ਲਈ ਬੈਠੇ ਹਨ। ਇਸ ਦੌਰਾਨ ਇਕ ਪਰਿਵਾਰ ਨੇ ਆਪਣੇ ਬੱਚਿਆਂ ਨੂੰ ਵੀਡੀਓ ਕਾਲ ਕੀਤੀ ਅਤੇ ਉਥੇ ਅਜਿਹੇ ਹਾਲਾਤ ਸਨ ਕਿ ਬੱਚਿਆਂ ਲਈ ਠੀਕ ਢੰਗ ਨਾਲ ਬੈਠ ਸਕਣਾ ਵੀ ਮੁਸ਼ਕਿਲ ਸੀ। ਵੀਡੀਓ ਕਾਨਫ਼ਰੰਸਿੰਗ ਦੌਰਾਨ ਜਦੋਂ ਫੋਨ ਕੱਟ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਅੱਖਾਂ ਵਿਚੋਂ ਦਰਦ ‘ਛਲਕ’ ਗਿਆ ਅਤੇ ਉਨ੍ਹਾਂ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ। ਲੋਕਾਂ ਨੇ ਕਿਹਾ ਕਿ ਉਹ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਲਈ ਇਕੱਠੇ ਹੋਏ ਹਨ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਤੇਜ਼ੀ ਨਾਲ ਕਦਮ ਚੁੱਕੇ ਜਾਣ ਕਿਉਂਕਿ ਉਨ੍ਹਾਂ ਦੇ ਬੱਚੇ ਫੋਨ ਕਰ ਕੇ ਵਾਰ-ਵਾਰ ਇਕ ਹੀ ਗੱਲ ਕਹਿ ਰਹੇ ਹਨ ਕਿ ਮੰਮੀ-ਪਾਪਾ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਕੁਝ ਕਰੋ ਅਤੇ ਸਰਕਾਰਾਂ ਤੱਕ ਸਾਡੀ ਗੱਲ ਪਹੁੰਚਾਓ।
ਇਹ ਵੀ ਪੜ੍ਹੋ: ਯੂਕ੍ਰੇਨ 'ਚ ਜੰਗ ਦਰਮਿਆਨ ਖ਼ੌਫ਼ ਦੇ ਸਾਏ ਹੇਠ ਰਹਿਣ ਲਈ ਮਜਬੂਰ ਅੰਮ੍ਰਿਤਸਰ ਦੀ ਸੋਨਾਲੀ, ਮਾਪੇ ਪਰੇਸ਼ਾਨ
ਮਾਡਲ ਟਾਊਨ ਵਿਚ ਮੌਜੂਦ ਮਾਪਿਆਂ ਨੇ ਦੱਸਿਆ ਕਿ ਯੂਕ੍ਰੇਨ ਵਿਚ ਉਨ੍ਹਾਂ ਦੇ ਜਿਹੜੇ ਬੱਚੇ ਫਸੇ ਹੋਏ ਹਨ, ਉਨ੍ਹਾਂ ਵਿਚ ਜਲੰਧਰ ਹਾਈਟਸ ਦਾ ਰਹਿਣ ਵਾਲਾ ਮੈਡੀਕਲ ਦਾ ਵਿਦਿਆਰਥੀ ਅਜੈ ਆਹੂਜਾ, ਕੈਂਟ ਦਾ ਅਨਿਕੇਤ ਸ਼ਰਮਾ, ਜਤਿਨ ਸਹਿਗਲ, ਰਿਦਿਮਾ ਰਾਜੇਸ਼ਵਰੀ, ਸਨੇਹਾ ਗੁਪਤਾ, ਦਸੰਬਰ ਵਿਚ ਗਈ ਸਵਾਤੀ, ਫਾਜ਼ਿਲਕਾ ਤੋਂ ਦੀਕਸ਼ਾ, ਲੁਧਿਆਣਾ ਤੋਂ ਸ਼ੀਨਮ ਅਰੋੜਾ, ਸਾਯਾ, ਰਿਸ਼ਯਾ ਢੀਂਗਰਾ ਸਣੇ ਕਈ ਬੱਚੇ ਸ਼ਾਮਲ ਹਨ।
ਦੇਸ਼ ਦੇ ਭਵਿੱਖ ਬਾਰੇ ਸੋਚੇ ਸਰਕਾਰ
ਮਾਪਿਆਂ ਨੇ ਕਿਹਾ ਕਿ ਬੱਚੇ ਮੈਡੀਕਲ ਦੀ ਪੜ੍ਹਾਈ ਕਰਨ ਲਈ ਯੂਕ੍ਰੇਨ ਗਏ ਹੋਏ ਹਨ। ਉਨ੍ਹਾਂ ਵਾਪਸ ਆ ਕੇ ਇਥੇ ਹੀ ਮਰੀਜ਼ਾਂ ਦੀ ਸੇਵਾ ਕਰਨੀ ਹੈ। ਯੂਥ ਦੇਸ਼ ਦਾ ਭਵਿੱਖ ਹੈ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨੌਜਵਾਨਾਂ ਅਤੇ ਦੇਸ਼ ਦੇ ਭਵਿੱਖ ਬਾਰੇ ਸੋਚੇ। ਇਸ ਸਬੰਧ ਵਿਚ ਆਉਣ ਵਾਲੇ ਦਿਨਾਂ ਵਿਚ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ ਕਿਉਂਕਿ ਬੱਚੇ ਬਹੁਤ ਡਰੇ ਹੋਏ ਹਨ। ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਦੇਸ਼ਾਂ ਵਿਚ ਹਾਲਾਤ ਖਰਾਬ ਹੋਏ ਹਨ। ਉਸ ਸਮੇਂ ਵੀ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਸਨ। ਉਦੋਂ ਜਿਸ ਤਰ੍ਹਾਂ ਬੱਚਿਆਂ ਨੂੰ ਏਅਰਲਿਫਟ ਕੀਤਾ ਗਿਆ ਸੀ, ਉਸੇ ਤਰ੍ਹਾਂ ਦੇ ਕਦਮ ਹੁਣ ਚੁੱਕਣ ਦੀ ਲੋੜ ਹੈ।
ਇਹ ਵੀ ਪੜ੍ਹੋ: ਜਲੰਧਰ: ਰਿਟਾਇਰਡ ਪੁਲਸ ਕਰਮਚਾਰੀ ਦੇ ਪੁੱਤ ਨੇ ਕੀਤੀ ਖ਼ੁਦਕੁਸ਼ੀ, ਕੁਝ ਮਹੀਨੇ ਪਹਿਲਾਂ ਤੈਅ ਹੋਇਆ ਸੀ ਰਿਸ਼ਤਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਰਗਾਹ ਪੀਰ ਸਾਈਂ ਬਾਬਾ ਬੁੱਢਣ ਸ਼ਾਹ ਵਿਖੇ ਹੋਏ ਨਤਮਸਤਕ
NEXT STORY