ਜਲੰਧਰ (ਪੁਨੀਤ)- ਯੂਕ੍ਰੇਨ ’ਚ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ, ਜਿਸ ਨਾਲ ਭਾਰਤੀ ਵਿਦਿਆਰਥੀਆਂ ਦੇ ਵਾਪਸ ਆਉਣ ਨੂੰ ਲੈ ਕੇ ਚਿੰਤਾ ਵਧਦੀ ਜਾ ਰਹੀ ਹੈ। ਯੂਕ੍ਰੇਨ ’ਚ ਵੱਖ-ਵੱਖ ਥਾਵਾਂ ’ਤੇ ਫਸੇ ਹੋਏ ਭਾਰਤੀ ਵਿਦਿਆਰਥੀਆਂ ਨਾਲ ਗੱਲ ਹੋਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸ਼ਨੀਵਾਰ ਸਵੇਰ ਤੱਕ ਕਿਸੇ ਨਾਗਰਿਕ ਨੂੰ ਮੁਸ਼ਕਿਲ ਪੇਸ਼ ਨਹੀਂ ਆ ਰਹੀ ਸੀ ਪਰ ਹੁਣ ਸਥਿਤੀ ਕੰਟਰੋਲ ਤੋਂ ਬਾਹਰ ਹੁੰਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਰੂਸੀ ਸੈਨਾ ਨਾਲ ਨਜਿੱਠਣ ਲਈ ਯੂਕ੍ਰੇਨ ਨੇ ਆਪਣੇ ਨਾਗਰਿਕਾਂ ਨੂੰ ਹਥਿਆਰ ਮੁਹੱਈਆ ਕਰਵਾ ਦਿੱਤੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਬਣ ਕੇ ਸਾਹਮਣੇ ਆ ਰਿਹਾ ਹੈ। ਬਾਰਡਰ ਦੇ ਕਈ ਇਲਾਕਿਆਂ ’ਚ ਫਸੇ ਹੋਏ ਲੋਕਾਂ ਨੂੰ ਖਾਣੇ ਦੇ ‘ਲਾਲੇ’ ਪੈ ਰਹੇ ਹਨ ਅਤੇ ਕਈ ਇਲਾਕਿਆਂ ’ਚ ਲੁੱਟਖੋਹ ਦੀਆਂ ਘਟਨਾਵਾਂ ਸ਼ੁਰੂ ਹੋ ਚੁੱਕੀਆਂ ਹਨ।
ਉਥੇ ਫਸੇ ਹੋਏ ਦਿੱਲੀ ਦੇ ਸੁਸ਼ਾਂਤ ਨੇ ਕਿਹਾ ਕਿ ਇਕ ਪਾਸੇ ਰੂਸ ਨਾਲ ਗੱਲਬਾਤ ਦੀਆਂ ਗੱਲਾਂ ਹੋ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਨਾਗਰਿਕਾਂ ਨੂੰ ਹਥਿਆਰ ਦੇਣ ਨਾਲ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਜਿਨ੍ਹਾਂ ਨੂੰ ਹਥਿਆਰ ਦਿੱਤੇ ਗਏ ਹਨ, ਉਨ੍ਹਾਂ ਵਿਚੋਂ ਕਈ ਗੈਰ-ਸਮਾਜੀ ਅਨਸਰ ਆਪਣੇ ਹੀ ਦੇਸ਼ ਦੇ ਲੋਕਾਂ ਨਾਲ ਲੁੱਟਖੋਹ ਦੀਆਂ ਅਪਰਾਧਿਕ ਘਟਨਾਵਾਂ ਕਰਨ ਲੱਗੇ ਹਨ। ਇਸ ਕੜੀ ’ਚ ਹਥਿਆਰ ਲੈ ਕੇ ਘੁੰਮਣ ਵਾਲੇ ਉਕਤ ਲੋਕ ਕਈ ਵਿਦਿਆਰਥੀਆਂ ਤੋਂ ਵੀ ਪੈਸੇ ਆਦਿ ਖੋਹ ਚੁੱਕੇ ਹਨ, ਜਿਸ ਕਰਕੇ ਉਥੇ ਆਉਣ ਵਾਲੇ ਦਿਨਾਂ ’ਚ ਸਥਿਤੀ ਹੋਰ ਵੀ ਗੰਭੀਰ ਰੂਪ ਧਾਰਨ ਕਰ ਸਕਦੀ ਹੈ।
ਇਹ ਵੀ ਪੜ੍ਹੋ: ਯੂਕ੍ਰੇਨ 'ਚ ਜੰਗ ਦਰਮਿਆਨ ਖ਼ੌਫ਼ ਦੇ ਸਾਏ ਹੇਠ ਰਹਿਣ ਲਈ ਮਜਬੂਰ ਅੰਮ੍ਰਿਤਸਰ ਦੀ ਸੋਨਾਲੀ, ਮਾਪੇ ਪਰੇਸ਼ਾਨ
ਇਸ ਸਮੇਂ ਉਥੇ ਕ੍ਰੀਮੀਆ ਸ਼ਹਿਰ ’ਚ ਹਾਲਾਤ ਆਮ ਹਨ, ਜਦਕਿ ਯੂਕ੍ਰੇਨ ਦੀ ਰਾਜਧਾਨੀ ਕੀਵ ’ਚ ਹਾਲਾਤ ਖ਼ਰਾਬ ਹੋ ਰਹੇ ਹਨ ਕਿਉਂਕਿ ਰੂਸੀ ਫ਼ੌਜੀ ਉਥੇ ਚਾਰੇ ਪਾਸੇ ਫੈਲ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ’ਚ ਲੋਕਾਂ ਦਾ ਉਥੇ ਰਹਿਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਉਥੋਂ ਹੰਗਰੀ ਬਾਰਡਰ ’ਤੇ ਜਾਣ ਵਾਲੇ ਇਕ ਵਿਦਿਆਰਥੀ ਸੁਸ਼ਾਂਤ ਨੇ ਦੱਸਿਆ ਕਿ ਸੜਕ ਰਸਤੇ ਯੂਕ੍ਰੇਨ ਤੋਂ ਪੋਲੈਂਡ ਦੇ ਬਾਰਡਰ ਤੱਕ ਜਾਣ ’ਚ 5 ਘੰਟੇ ਦਾ ਸਮਾਂ ਲੱਗਦਾ ਸੀ ਪਰ ਹੁਣ ਉਥੇ ਜਗ੍ਹਾ-ਜਗ੍ਹਾ ਫ਼ੌਜੀ ਤਾਇਨਾਤ ਕੀਤਾ ਜਾ ਚੁੱਕੇ ਹਨ ਅਤੇ ਹਰ ਬੈਰੀਕੇਡ ’ਤੇ ਚੈਕਿੰਗ ਕਰਕੇ ਅੱਗੇ ਭੇਜਿਆ ਜਾ ਰਿਹਾ ਹੈ। ਇਸ ਕਾਰਨ ਹੁਣ ਬਾਰਡਰ ਤੱਕ ਪਹੁੰਚਣ ’ਚ 25 ਤੋਂ 30 ਘੰਟੇ ਦਾ ਸਮਾਂ ਲੱਗ ਰਿਹਾ ਹੈ ਕਿਉਂਕਿ ਸੜਕਾਂ ’ਤੇ ਭਾਰੀ ਭੀੜ ਹੈ ਅਤੇ ਗੱਡੀਆਂ ਬਿਲਕੁਲ ਹੌਲੀ ਚੱਲ ਰਹੀਆਂ ਹਨ।
500 ਰੁਪਏ ’ਚ ਵਿਕ ਰਹੀ ਹੈ 50 ਰੁਪਏ ਵਾਲੀ ਬ੍ਰੈੱਡ
ਹਾਲਾਤ ਖ਼ਰਾਬ ਹੋਣ ਕਾਰਨ ਉਥੇ ਹਰ ਚੀਜ਼ ਦੀ ਕੀਮਤ ਆਸਮਾਨ ਨੂੰ ਛੂਹਣ ਲੱਗੀ ਹੈ। ਜਿਹੜੀ ਬ੍ਰੈੱਡ 50 ਰੁਪਏ ’ਚ ਮਿਲਦੀ ਸੀ, ਉਸ ਦੀ ਹੁਣ 500 ਰੁਪਏ ਜਾਂ ਇਸ ਤੋਂ ਵੱਧ ਕੀਮਤ ਵਸੂਲ ਕੀਤੀ ਜਾ ਰਹੀ ਹੈ। ਇਸ ਕਾਰਨ ਉਥੇ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏ. ਟੀ. ਐੱਮ. ’ਚੋਂ ਪੈਸੇ ਕਢਵਾਉਣਾ ਵੀ ਸੰਭਵ ਨਹੀਂ ਹੈ। ਕਈ ਸਟੂਡੈਂਟਸ ਕੋਲ ਕੈਸ਼ ਵੀ ਉਪਲੱਬਧ ਨਹੀਂ ਹੈ, ਜਿਸ ਕਾਰਨ ਉਹ ਭੁੱਖੇ ਰਹਿ ਕੇ ਸਮਾਂ ਕੱਟਣ ਨੂੰ ਮਜਬੂਰ ਹੋ ਰਹੇ ਹਨ। ਉਥੇ ਉਨ੍ਹਾਂ ਨੂੰ ਜੇਕਰ ਖਾਣ ਨੂੰ ਮਿਲ ਰਿਹਾ ਹੈ ਤਾਂ ਇਕ ਵਿਅਕਤੀ ਨੂੰ ਸਿਰਫ਼ 1 ਬ੍ਰੈੱਡ ਦਾ ਪੀਸ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ: ਰਿਟਾਇਰਡ ਪੁਲਸ ਕਰਮਚਾਰੀ ਦੇ ਪੁੱਤ ਨੇ ਕੀਤੀ ਖ਼ੁਦਕੁਸ਼ੀ, ਕੁਝ ਮਹੀਨੇ ਪਹਿਲਾਂ ਤੈਅ ਹੋਇਆ ਸੀ ਰਿਸ਼ਤਾ
ਭਾਰਤੀ ਅੰਬੈਸੀ ਨਾਲ ਸੰਪਰਕ ਕਰਨਾ ਹੋ ਰਿਹੈ ਮੁਸ਼ਕਿਲ
ਉਥੇ ਵਾਪਸ ਆਉਣ ਦੀ ਉਡੀਕ ਕਰ ਰਹੇ ਭਾਰਤੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਭਾਰਤੀ ਅੰਬੈਸੀ ਨਾਲ ਸੰਪਰਕ ਕਰਨਾ ਮੁਸ਼ਕਿਲ ਹੋ ਰਿਹਾ ਹੈ। ਕੀਵ ’ਚ ਜਿੱਥੇ ਉਹ ਫਸੇ ਹੋਏ ਹਨ, ਉਥੇ ਰੂਸੀ ਸੈਨਾ ਨੇ 18 ਤੋਂ 60 ਸਾਲ ਤੱਕ ਦੇ ਲੋਕਾਂ ਲਈ ਘਰਾਂ ਵਿਚੋਂ ਬਾਹਰ ਨਿਕਲਣ ’ਤੇ ਪੂਰੀ ਪਾਬੰਦੀ ਲਾ ਦਿੱਤੀ ਹੈ। ਦਵਾਈਆਂ ਆਦਿ ਲੈਣ ਜਾਣਾ ਵੀ ਸੰਭਵ ਨਹੀਂ ਹੋ ਰਿਹਾ। ਆਉਣ ਵਾਲਾ ਸਮਾਂ ਹੋਰ ਭਿਆਨਕ ਹੋਣ ਦੀ ਸੰਭਾਵਨਾ ਹੈ।
ਹ ਵੀ ਪੜ੍ਹੋ: ਯੂਕ੍ਰੇਨ ’ਚ ਫਸੇ ਹੁਸ਼ਿਆਪੁਰ ਜ਼ਿਲ੍ਹੇ ਦੇ 20 ਲੋਕਾਂ ਦੀ ਸੂਚੀ ਗ੍ਰਹਿ ਵਿਭਾਗ ਨੂੰ ਭੇਜੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਚਕੂਲਾ ਦੇ ਕਾਰੋਬਾਰੀ ਨੇ ਲੁਧਿਆਣਾ ਦੇ ਹੋਟਲ 'ਚ ਕੀਤੀ ਖ਼ੁਦਕੁਸ਼ੀ, ਕਮਰੇ 'ਚੋਂ ਮਿਲਿਆ ਖ਼ੁਦਕੁਸ਼ੀ ਨੋਟ
NEXT STORY