ਭਵਾਨੀਗੜ੍ਹ (ਵਿਕਾਸ)-ਬੁੱਧਵਾਰ ਦੇਰ ਸ਼ਾਮ ਇਥੇ ਸ਼ਹਿਰ ’ਚ ਪੁਰਾਣੀ ਨਗਰ ਕੌਂਸਲ ਦੀ ਪਾਰਕਿੰਗ ਵਾਲੀ ਜਗ੍ਹਾ ’ਚ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਰੱਖੇ ਇੱਕ ਸਮਾਗਮ ’ਚ ਮੰਤਰੀ ਦੇ ਆਉਣ ਤੋਂ ਪਹਿਲਾਂ ਬੇਰੁਜ਼ਗਾਰ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਆਗੂ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਦੇਣ ਲਈ ਪੰਡਾਲ ’ਚ ਆ ਬੈਠੇ, ਜਿਸ ਸਬੰਧੀ ਭਿਣਕ ਪੈਣ ’ਤੇ ਪੁਲਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਸਮਾਗਮ ਦੌਰਾਨ ਬੇਰੁਜ਼ਗਾਰਾਂ ਵੱਲੋਂ ਕੈਬਨਿਟ ਮੰਤਰੀ ਦੇ ਸਮਾਗਮ ’ਚ ਵਿਘਨ ਪਾਉਣ ਜਾਂ ਕਿਸੇ ਕਿਸਮ ਦਾ ਵਿਰੋਧ ਕਰਨ ਦੇ ਡਰੋਂ ਬੇਰੁਜ਼ਗਾਰ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਪੰਜ ਆਗੂਆਂ ਨੂੰ ਡੀ. ਐੱਸ. ਪੀ. ਸੁਖਰਾਜ ਸਿੰਘ ਘੁੰਮਣ ਦੀ ਅਗਵਾਈ ਹੇਠ ਪੁਲਸ ਪ੍ਰਸ਼ਾਸਨ ਕਿਸੇ ਤਰ੍ਹਾਂ ਸਮਾਗਮ ਤੋਂ ਦੂਰ ਲਿਜਾਣ ’ਚ ਸਫ਼ਲ ਹੋ ਗਿਆ। ਡੀ. ਐੱਸ. ਪੀ. ਘੁੰਮਣ ਨੇ ਬੇਰੁਜ਼ਗਾਰ ਯੂਨੀਅਨ ਦੇ ਆਗੂਆਂ ਨੂੰ ਮੀਡੀਆ ਸਾਹਮਣੇ ਸਮਾਗਮ ਤੋਂ ਬਾਹਰ ਜਾਣ ਲਈ ਆਖਿਆ ਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਕੈਬਨਿਟ ਮੰਤਰੀ ਸਿੰਗਲਾ ਨਾਲ ਹਰ ਹੀਲੇ ਮੁਲਾਕਾਤ ਕਰਵਾਈ ਜਾਵੇਗੀ, ਜਿਸ ’ਤੇ ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਉਹ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਨੂੰ ਯਾਦ-ਪੱਤਰ ਦੇ ਰੂਪ ’ਚ ਸਿਰਫ ਇਕ ਮੰਗ ਪੱਤਰ ਦੇਣ ਲਈ ਆਏ ਹਨ।
ਇਹ ਵੀ : ਮੋਗਾ ਦੇ ਸਰਕਾਰੀ ਸਕੂਲ ’ਚ ਕੋਰੋਨਾ ਦੀ ਦਸਤਕ, ਇਕ ਵਿਦਿਆਰਥੀ ਆਇਆ ਪਾਜ਼ੇਟਿਵ
ਉਨ੍ਹਾਂ ਦਾ ਮਕਸਦ ਨਾ ਹੀ ਸਮਾਗਮ ’ਚ ਕੋਈ ਵਿਘਨ ਪਾਉਣਾ ਹੈ ਤੇ ਨਾ ਹੀ ਕਿਸੇ ਦਾ ਵਿਰੋਧ ਕਰਨਾ ਹੈ। ਇਸ ਮੌਕੇ ਯੂਨੀਅਨ ਦੀ ਆਗੂ ਗਗਨਦੀਪ ਕੌਰ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦੇ ਆਗੂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਆਪਣੀਆਂ ਮੰਗਾਂ ਸਬੰਧੀ ਮਿਲਣ ਇੱਥੇ ਪਹੁੰਚੇ ਹਨ ਪਰ ਪੁਲਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਮੰਤਰੀ ਦੇ ਸਮਾਗਮ ਤੋਂ ਬਾਹਰ ਜਾਣ ਲਈ ਆਖਿਆ ਜਾ ਰਿਹਾ ਹੈ, ਜੋ ਸਰਾਸਰ ਧੱਕੇਸ਼ਾਹੀ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਅਧਿਆਪਕ ਰੁਜ਼ਗਾਰ ਪ੍ਰਾਪਤ ਕਰਨ ਲਈ ਪਿਛਲੇ ਸਾਢੇ ਚਾਰ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ, ਜਿਸ ਤਹਿਤ ਸਿੰਗਲਾ ਦੀ ਕੋਠੀ ਅੱਗੇ ਪੱਕਾ ਮੋਰਚਾ ਲਾ ਕੇ ਧਰਨਾ ਦਿੱਤਾ ਜਾ ਰਿਹਾ ਹੈ ਪਰ ਬਾਵਜੂਦ ਇਸ ਦੇ ਕੈਪਟਨ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਵੀ ਮੰਤਰੀ ਅਤੇ ਸਰਕਾਰ ਦਾ ਹੱਥਠੋਕਾ ਬਣ ਕੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਬੇਰੁਜ਼ਗਾਰਾਂ ’ਤੇ ਤਸ਼ੱਦਦ ਢਾਹ ਰਿਹਾ ਹੈ।
ਇਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਵੱਲੋਂ ਸਖਤੀ ਦਿਖਾਉਂਦਿਆਂ ਉਕਤ ਮਹਿਲਾ ਆਗੂ ਸਮੇਤ ਉਸ ਦੇ ਹੋਰ ਸਾਥੀ ਆਗੂਆਂ ਨੂੰ ਸਮਾਗਮ ਤੋਂ ਬਾਹਰ ਲਿਜਾ ਕੇ ਸ਼ਹਿਰ ’ਚ ਕਿਸੇ ਹੋਰ ਥਾਂ ’ਤੇ ਕੈਬਨਿਟ ਮੰਤਰੀ ਸਿੰਗਲਾ ਨਾਲ ਮੁਲਾਕਾਤ ਕਰਵਾਈ। ਜਿਸ ਸਬੰਧੀ ਗਗਨਦੀਪ ਕੌਰ ਗਰੇਵਾਲ ਨੇ ਆਖਿਆ ਕਿ ਮੰਗ ਪੱਤਰ ਲੈਣ ਉਪਰੰਤ ਸਿੱਖਿਆ ਮੰਤਰੀ ਵੱਲੋਂ ਉਨ੍ਹਾਂ ਨੂੰ ਹਰ ਵਾਰ ਦੀ ਤਰ੍ਹਾਂ ਨੌਕਰੀ ਦੇਣ ਦਾ ਸਿਰਫ਼ ਝੂਠਾ ਲਾਰਾ ਹੀ ਲਾਇਆ ਗਿਆ ਪਰ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾਲ ਮੰਨੀਆਂ ਗਈਆਂ ਤਾਂ ਜਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਓਲੰਪਿਕ ਐਥਲੈਟਿਕਸ ਦੇ 10 ਜਾਦੂਈ ਪਲਾਂ ’ਚ ਸ਼ਾਮਲ ਹੋਈ ਨੀਰਜ ਚੋਪੜਾ ਦੀ ‘ਗੋਲਡਨ’ ਉਪਲੱਬਧੀ
ਪਿੰਡ ਸੇਖਾ ਕਲਾਂ ’ਚ ਪੁਲਸ ਵੱਲੋਂ ਘੇਰਾਬੰਦੀ ਨਾਲ ਬਣਿਆ ਦਹਿਸ਼ਤ ਦਾ ਮਾਹੌਲ
NEXT STORY