ਬਟਾਲਾ (ਬੇਰੀ) : ਬੀਤੀ ਦੇਰ ਰਾਤ ਬਟਾਲਾ ਦੇ ਪਹਾੜੀ ਗੇਟ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸਬਜ਼ੀ ਵਪਾਰੀ ’ਤੇ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਮੁਹੱਲਾ ਵਾਸੀਆਂ ਇਕ ਹਮਲਾਵਰ ਨੂੰ ਫੜ ਕੇ ਕੁੱਟਾਪਾ ਚੜ੍ਹਿਆ ਅਤੇ ਪੁਲਸ ਹਵਾਲੇ ਕਰ ਦਿੱਤਾ। ਇਸ ਸਬੰਧੀ ਸਬਜ਼ੀ ਵਪਾਰੀ ਰਾਜ ਕੁਮਾਰ ਵਾਸੀ ਪਹਾੜੀ ਗੇਟ ਨੇ ਦੱਸਿਆ ਕਿ ਉਸ ਦੀ ਸਬਜ਼ੀ ਦੀ ਦੁਕਾਨ ਹੈ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਕਰੀਬ 9 ਵਜੇ ਆਪਣੀ ਦੁਕਾਨ ਬੰਦ ਕਰ ਕੇ ਘਰ ਜਾ ਰਿਹਾ ਸੀ ਕਿ ਜਦੋਂ ਉਹ ਘਰ ਦੇ ਬਾਹਰ ਪਹੁੰਚਿਆ ਤਾਂ ਕੁਝ ਅਣਪਛਾਤੇ ਨੌਜਵਾਨਾਂ ਨੇ ਉਸ ’ਤੇ ਪਿਸਤੌਲ ਨਾਲ ਗੋਲੀਬਾਰੀ ਕੀਤੀ, ਜਿਸਦੇ ਚਲਦਿਆਂ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਉਸ ਨੇ ਦੱਸਿਆ ਕਿ ਗੋਲ਼ੀ ਦੀ ਆਵਾਜ਼ ਸੁਣ ਕੇ ਜਦ ਲੋਕ ਬਾਹਰ ਨਿਕਲੇ ਤਾਂ ਇਕ ਹਮਲਾਵਰ ਨੂੰ ਲੋਕਾਂ ਨੇ ਦਬੋਚ ਲਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਹਮਲਾਵਰ ਕੋਲੋਂ ਇਕ ਪਿਸਤੌਲ ਵੀ ਬਰਾਮਦ ਹੋਇਆ ਹੈ, ਜਿਸ ਨੂੰ ਬਾਅਦ ’ਚ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੇ ਬਿਆਨ 'ਤੇ CM ਮਾਨ ਦੇ ਤਿੱਖੇ ਬੋਲ, ਕਾਂਗਰਸ ਨੂੰ ਚੇਤੇ ਕਰਵਾਇਆ ਇਤਿਹਾਸ
ਇਸ ਸਬੰਧੀ ਥਾਣਾ ਸਿਟੀ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਹਾੜੀ ਗੇਟ ਕੋਲ ਕੁਝ ਅਣਪਛਾਤੇ ਨੌਜਵਾਨਾਂ ਨੇ ਇਕ ਵਿਅਕਤੀ ’ਤੇ ਗੋਲੀਆਂ ਚਲਾਈਆਂ ਹਨ। ਇਸ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮੁਹੱਲਾ ਵਾਸੀਆਂ ਵੱਲੋਂ ਫੜੇ ਗਏ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਬਰਾਮਦ ਪਿਸਤੌਲ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡਾਕਟਰ ’ਤੇ ਹਮਲਾ ਕਰਨ ਵਾਲੇ 7 ਗੈਂਗਸਟਰ ਗ੍ਰਿਫਤਾਰ
NEXT STORY