ਕਪੂਰਥਲਾ (ਓਬਰਾਏ)— ਜ਼ਿੰਦਗੀ 'ਚ ਵਿਆਹ ਦਾ ਦਿਨ ਬਹੁਤ ਹੀ ਅਹਿਮ ਹੁੰਦਾ ਹੈ ਅਤੇ ਅੱਜ ਦੇ ਸਮੇਂ 'ਚ ਹਰ ਕੋਈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਕੁਝ ਨਾ ਕੁਝ ਵੱਖਰਾ ਕਰ ਰਿਹਾ ਹੈ।
ਇਕ ਪਾਸੇ ਜਿੱਥੇ ਕਈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਵੱਖਰੇ ਤਰੀਕੇ ਨਾਲ ਹੈਲੀਕਾਪਟਰ 'ਤੇ ਲਾੜੀ ਨੂੰ ਵਿਆਹੁਣ ਜਾ ਰਹੇ ਹਨ, ਤਾਂ ਉਥੇ ਹੀ ਕਈ ਲੋਕ ਮਹਿੰਗੀਆਂ ਗੱਡੀਆਂ ਦੀਆਂ ਵੀ ਵਰਤੋਂ ਕਰ ਰਹੇ ਹਨ। ਸੁਲਤਾਨਪੁਰ ਲੋਧੀ ਦੇ ਪਿੰਡ ਸ਼ੇਖ ਮਾਂਗਾ 'ਚ ਵਿਆਹ ਦੌਰਾਨ ਪੁਰਾਣੇ ਸਮੇਂ ਨੂੰ ਯਾਦ ਕਰਵਾਉਂਦਾ ਹੋਇਆ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ।
ਫੁੱਲਾਂ ਨਾਲ ਸਜੇ 25 ਟਰੈਕਟਰਾਂ 'ਤੇ ਬਰਾਤ ਲੈ ਗਿਆ ਲਾੜਾ
ਦਰਅਸਲ ਇਥੋਂ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਆਪਣੀ ਜੀਵਨ ਸਾਥੀ ਨੂੰ ਰਵਾਇਤੀ ਢੰਗ ਨਾਲ ਟਰੈਕਟਰਾਂ 'ਤੇ ਬਰਾਤ ਲੈ ਕੇ ਤਰਨਤਾਰਨ ਵਿਆਹ ਕਰਵਾਉਣ ਪਹੁੰਚੇ। ਖਾਸ ਗੱਲ ਇਹ ਸੀ ਕਿ ਬਰਾਤ 'ਚ ਡੋਲੀ ਲਈ ਤਾਂ ਟਰੈਕਟਰ ਸਜਾਇਆ ਹੀ ਗਿਆ ਸੀ, ਇਸ ਦੇ ਨਾਲ ਹੀ ਸਾਰੇ ਬਰਾਤੀ ਵੀ ਫੁੱਲਾਂ ਨਾਲ ਸਜਾਵਟ ਕੀਤੇ ਗਏ ਟਰੈਕਟਰਾਂ 'ਤੇ ਹੀ ਗਏ। ਬਰਾਤ 'ਚ ਕੋਈ ਵੀ ਕਾਰ ਜਾਂ ਕੋਈ ਹੋਰ ਵਾਹਨ ਨਹੀਂ ਸੀ ਪਰ 25 ਦੇ ਕਰੀਬ ਟਰੈਕਟਰ 'ਚ ਬਰਾਤ 'ਚ ਸ਼ਾਮਲ ਸਨ।
ਟਰੈਕਟਰਾਂ 'ਤੇ ਬਰਾਤ ਲੈ ਕੇ ਜਾਣ ਵਾਲੇ ਲਾੜੇ ਲਵਪ੍ਰੀਤ ਦਾ ਕਹਿਣਾ ਹੈ ਕਿ ਉਸ ਦੀ ਬਚਪਨ ਤੋਂ ਖੁਆਇਸ਼ ਸੀ ਕਿ ਉਹ ਜਦੋਂ ਵੀ ਵਿਆਹ ਕਰ ਤਾਂ ਬਰਾਤ ਟਰੈਕਟਰਾਂ 'ਤੇ ਹੀ ਲੈ ਕੇ ਜਾਵੇ। ਉਨ੍ਹਾਂ ਕਿਹਾ ਕਿ ਇਹ ਇੱਛਾ ਉਸ ਦੇ ਪਰਿਵਾਰ ਵੱਲੋਂ ਪੂਰੀ ਕੀਤੀ ਗਈ ਹੈ।
ਟਰੈਕਟਰਾਂ 'ਤੇ ਗਏ ਬਰਾਤੀ ਵੀ ਵਧੀਆ ਤਜ਼ਰਬਾ ਮੰਨ ਰਹੇ ਹਨ। ਬਰਾਤੀਆਂ ਦਾ ਕਹਿਣਾ ਹੈ ਕਿ ਲਵ ਦਾ ਵਿਆਹ ਤਾਂ ਸਾਰਿਆਂ ਨੂੰ ਯਾਦ ਰਹੇਗਾ। ਲਵ ਦੇ ਵਿਆਹ ਨੇ ਪੁਰਾਣੇ ਸਮੇਂ ਨੂੰ ਯਾਦ ਕਰਵਾ ਦਿੱਤਾ ਹੈ। ਉਸ ਸਮੇਂ ਕਾਰਾਂ ਨਹੀਂ ਹੁੰਦੀਆਂ ਸਨ ਅਤੇ ਇਸੇ ਤਰ੍ਹਾਂ ਹੀ ਟਰੈਕਟਰਾਂ 'ਤੇ ਬਰਾਤ ਜਾਂਦੀ ਸੀ। ਅਜਿਹਾ ਕਰਨ ਨਾਲ ਸੱਭਿਆਚਾਰ 'ਚ ਵੀ ਵਾਧਾ ਹੁੰਦਾ ਹੈ।
ਪਿਤਾ ਨੇ ਦੱਸਿਆ ਕਿ ਮੇਰੇ ਪੁੱਤ ਨੇ ਮੈਨੂੰ ਆਪਣੇ ਦਿਲ ਦੀ ਖੁਆਇਸ਼ ਦੱਸੀ ਤਾਂ ਮੈਂ ਉਸ ਨੂੰ ਟਰੈਕਟਰ 'ਤੇ ਬਰਾਤ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ। ਪਿੰਡ ਵਾਸੀਆਂ ਨੇ ਵੀ ਬੇਹਦ ਸਹਿਯੋਗ ਦਿੱਤਾ ਹੈ। ਸਾਰੇ ਪਿੰਡ ਵਾਸੀਆਂ ਵੱਲੋਂ ਟਰੈਕਟਰ ਬੇਹਦ ਸ਼ਿੰਗਾਰੇ ਗਏ ਹਨ।
ਪੰਥ ਨੂੰ ਬਚਾਉਣ ਲਈ ਯੋਜਨਾਬੰਦੀ ਨਾਲ ਲੜਾਂਗੇ SGPC ਦੀਆਂ ਚੋਣਾਂ : ਜਥੇ. ਸੇਖਵਾਂ
NEXT STORY