ਮਾਛੀਵਾੜਾ ਸਾਹਿਬ (ਟੱਕਰ) : ਸ਼ਰਾਬ ਦੇ ਕਾਰੋਬਾਰ ਨੂੰ ਲੈ ਕੇ ਪੰਜਾਬ 'ਚ ਕਾਂਗਰਸ ਸਰਕਾਰ ਦੇ ਮੰਤਰੀਆਂ ਅਤੇ ਇਕ ਆਈ. ਏ. ਐੱਸ. ਅਧਿਕਾਰੀ ਵਿਚਕਾਰ ਤਕਰਾਰਬਾਜ਼ੀ ਅਖ਼ਬਾਰਾਂ ਦੀ ਸੁਰਖ਼ੀਆਂ ਬਣੀ ਹੋਈ ਹੈ ਅਤੇ ਇਸ ਦੌਰਾਨ ਹੀ ਹੁਣ ਹਲਕਾ ਸਮਰਾਲਾ 'ਚ ਵੀ ਪਿਛਲੇ ਸਾਲ ਸ਼ਰਾਬ ਕਾਰੋਬਾਰ 'ਚ ਅਕਾਲੀਆਂ ਤੇ ਕਾਂਗਰਸੀਆਂ ਦਾ ਜੋ ਗਠਜੋੜ ਬਣਿਆ ਸੀ ਉਹ ਹੁਣ ਟੁੱਟ ਗਿਆ ਜਿਸ ਕਾਰਨ ਠੇਕੇਦਾਰਾਂ ਵਿਚ ਸ਼ੁਰੂ ਹੋਈ ਮੁਕਾਬਲੇਬਾਜ਼ੀ 'ਚ ਸ਼ਰਾਬ ਦੇ ਸ਼ੌਕੀਨਾਂ ਨੂੰ ਸਸਤੀ ਸ਼ਰਾਬ ਮਿਲਣੀ ਸ਼ੁਰੂ ਹੋ ਗਈ ਹੈ। ਪਿਛਲੇ ਸਾਲ 2019 ਦੀ ਸ਼ਰਾਬ ਠੇਕਿਆਂ ਦੀ ਬੋਲੀ ਦੌਰਾਨ ਮਾਛੀਵਾੜਾ ਇਲਾਕੇ ਦੇ 2 ਸਰਕਲ ਜਿਸ ਗਰੁੱਪ ਨੂੰ ਨਿਕਲੇ ਉਸ 'ਚ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਭਾਈਵਾਲ ਹਨ ਅਤੇ ਨਾਲ ਹੀ ਲੱਗਦਾ ਹੇਡੋਂ ਸਰਕਲ ਕਾਂਗਰਸ ਪਾਰਟੀ ਨਾਲ ਸਬੰਧਤ ਠੇਕੇਦਾਰਾਂ ਨੂੰ ਅਲਾਟ ਹੋਇਆ ਸੀ। ਉਸ ਸਮੇਂ ਅਕਾਲੀ ਤੇ ਕਾਂਗਰਸ ਪਾਰਟੀ ਨਾਲ ਸਬੰਧਿਤ ਇਨ੍ਹਾਂ ਸ਼ਰਾਬ ਠੇਕੇਦਾਰਾਂ ਨੇ ਮੁਕਾਬਲੇਬਾਜ਼ੀ ਕਰਨ ਦੀ ਬਜਾਏ ਆਪਸ ਵਿਚ ਗਠਜੋੜ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਜੋ ਆਗੂ ਸਿਆਸੀ ਸਟੇਜਾਂ 'ਤੇ ਇਕ-ਦੂਜੇ ਖਿਲਾਫ਼ ਬਿਆਨਬਾਜ਼ੀ ਕਰਦੇ ਨਹੀਂ ਥੱਕਦੇ ਉਨ੍ਹਾਂ ਆਪਣੇ ਕਾਰੋਬਾਰ ਨੂੰ ਪ੍ਰਫੁਲਿੱਤ ਕਰਨ ਲਈ ਗਠਜੋੜ ਕਾਇਮ ਕਰ ਲਿਆ।
ਸਾਲ 2019 ਦੀ 1 ਅਪ੍ਰੈਲ ਤੋਂ ਲੈ ਕੇ 22 ਮਾਰਚ 2020 ਤੱਕ ਸ਼ਰਾਬ ਦੇ ਸ਼ੌਕੀਨਾਂ ਨੂੰ ਮਾਛੀਵਾੜਾ ਇਲਾਕੇ 'ਚ ਮਹਿੰਗੀ ਸ਼ਰਾਬ ਪੀਣੀ ਪਈ ਪਰ ਹੁਣ ਜਦੋਂ ਇਹ ਠੇਕੇ ਮੁੜ ਸਰਕਾਰ ਨੇ ਨਵੀਂ ਅਬਕਾਰੀ ਨੀਤੀ ਤਹਿਤ ਪੁਰਾਣੇ ਠੇਕੇਦਾਰਾਂ ਨੂੰ ਦੇ ਦਿੱਤੇ ਤਾਂ ਠੇਕੇਦਾਰਾਂ 'ਚ ਆਪਸੀ ਕੁੱਝ ਤਕਰਾਰਬਾਜ਼ੀ ਹੋਈ ਕਿ ਅਕਾਲੀ ਦਲ ਤੇ ਕਾਂਗਰਸ ਦਾ ਇਹ ਸ਼ਰਾਬ ਕਾਰੋਬਾਰ ਦਾ ਗਠਜੋੜ ਟੁੱਟ ਗਿਆ। ਲਾਕਡਾਊਨ ਤੋਂ ਬਾਅਦ ਜਿਸ ਦਿਨ ਤੋਂ ਸ਼ਰਾਬ ਦੇ ਠੇਕੇ ਖੁੱਲ੍ਹੇ ਹਨ ਉਸ ਤੋਂ ਬਾਅਦ ਸ਼ਰਾਬ ਠੇਕੇਦਾਰਾਂ ਵਿਚ ਮੁਕਾਬਲੇਬਾਜ਼ੀ ਸ਼ੁਰੂ ਹੋ ਗਈ ਹੈ ਅਤੇ ਸ਼ਰਾਬ ਦੇ ਸ਼ੌਕੀਨਾਂ ਨੂੰ ਹੁਣ ਸਸਤੀ ਸ਼ਰਾਬ ਮਿਲਣ ਲੱਗ ਪਈ ਹੈ। ਹੈਰਾਨੀਜਨਕ ਗੱਲ ਤਾਂ ਇਹ ਰਹੀ ਕਿ ਪਿਛਲੇ ਸਾਲ ਜੋ 180 ਰੁਪਏ ਦੀ ਬੀਅਰ ਵਿਕਦੀ ਸੀ ਉਹ ਹੁਣ ਮੁਕਾਬਲੇਬਾਜ਼ੀ ਕਾਰਨ ਅੱਧੇ ਰੇਟ 90 ਰੁਪਏ 'ਤੇ ਵਿਕਣ ਲੱਗ ਪਈ ਹੈ।
ਇਸ ਤੋਂ ਇਲਾਵਾ ਮਾਛੀਵਾੜਾ ਤੇ ਹੇਡੋਂ ਸਰਕਲ ਦੀਆਂ ਹੱਦਾਂ ਨਾਲ ਲੱਗਦੇ ਠੇਕਿਆਂ 'ਤੇ ਦੇਸੀ ਤੇ ਅੰਗਰੇਜ਼ੀ ਸ਼ਰਾਬ ਵੀ ਸਸਤੀ ਕਰ ਦਿੱਤੀ ਗਈ ਹੈ। ਹੋਰ ਤਾਂ ਹੋਰ ਸ਼ਰਾਬ ਦੇ ਸ਼ੌਕੀਨਾਂ ਨੂੰ ਆਪਣੇ ਵੱਲ ਖਿੱਚਣ ਲਈ ਠੇਕੇਦਾਰਾਂ ਨੇ ਸਰਹਿੰਦ ਨਹਿਰ ਕਿਨਾਰੇ ਆਪੋ-ਆਪਣੇ ਠੇਕਿਆਂ 'ਤੇ ਲੱਖਾਂ ਰੁਪਏ ਖਰਚ ਕੇ ਏ.ਸੀ., ਐੱਲ. ਈ. ਡੀ. ਅਤੇ ਹੋਰ ਸਜਾਵਟੀ ਸਮਾਨ ਲਗਾਇਆ ਜਾ ਰਿਹਾ ਹੈ ਤਾਂ ਜੋ ਸ਼ਾਮ ਪੈਂਦਿਆਂ ਹੀ ਨਹਿਰ ਦੇ ਕਿਨਾਰੇ ਬੈਠ ਕੇ ਜਾਮ ਟਕਰਾਇਆ ਜਾ ਸਕੇ। ਸ਼ਰਾਬ ਦੇ ਠੇਕੇਦਾਰਾਂ ਵਿਚ ਸ਼ੁਰੂ ਹੋਈ ਮੁਕਾਬਲੇਬਾਜ਼ੀ ਦਾ ਲਾਭ ਬੇਸ਼ੱਕ ਪਿਆਕੜਾਂ ਨੂੰ ਮਿਲੇਗਾ ਪਰ ਅਕਾਲੀਆਂ ਤੇ ਕਾਂਗਰਸੀਆਂ ਦਾ ਇਹ ਟੁੱਟਿਆ ਗਠਜੋੜ ਇਲਾਕੇ ਵਿਚ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਹੈ।
ਨਜਾਇਜ਼ ਸ਼ਰਾਬ ਦੀ ਤਸਕਰੀ ਵੀ ਵਧੇਗੀ
ਪਿਛਲੇ ਸਾਲ ਤਾਂ ਇਕੱਠੇ ਹੋਏ ਸ਼ਰਾਬ ਠੇਕੇਦਾਰਾਂ ਨੇ ਨਜਾਇਜ਼ ਸ਼ਰਾਬ ਦੀ ਤਸਕਰੀ ਨੂੰ ਨੱਥ ਪਾਉਣ ਲਈ ਪੁਲਿਸ ਤੇ ਅਬਕਾਰੀ ਵਿਭਾਗ ਨੂੰ ਨਾਲ ਲੈ ਕੇ ਕਾਫ਼ੀ ਮੁਸ਼ੱਕਤ ਕੀਤੀ ਪਰ ਫਿਰ ਵੀ ਪੂਰੀ ਤਰ੍ਹਾਂ ਇਸ ਉਪਰ ਕਾਬੂ ਨਾ ਪਾਇਆ ਜਾ ਸਕਿਆ। ਹੁਣ ਤਾਂ ਸ਼ਰਾਬ ਠੇਕੇਦਾਰਾਂ ਵਿਚਕਾਰ ਮੁਕਾਬਲੇਬਾਜ਼ੀ ਸ਼ੁਰੂ ਹੋ ਗਈ ਹੈ ਜਿਸਦਾ ਨਜਾਇਜ਼ ਸ਼ਰਾਬ ਦੀ ਤਸਕਰੀ ਕਰਨ ਵਾਲੇ ਵੀ ਲਾਭ ਉਠਾਉਣਗੇ ਜੋ ਕਿ ਪੁਲਿਸ ਲਈ ਸਿਰਦਰਦੀ ਬਣੇਗੀ ਅਤੇ ਠੇਕੇਦਾਰਾਂ ਲਈ ਘਾਟੇ ਵਾਲਾ ਸੌਦਾ।
ਚੰਡੀਗੜ੍ਹ 'ਚ BMW ਗੱਡੀ ਨੂੰ ਅਚਾਨਕ ਲੱਗੀ ਅੱਗ, ਚਾਲਕ ਨੇ ਮਸਾਂ ਬਚਾਈ ਜਾਨ
NEXT STORY