ਭਵਾਨੀਗੜ੍ਹ,(ਵਿਕਾਸ) : ਦੇਸ਼ ਭਰ 'ਚ ਅੱਜ ਜਿੱਥੇ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਰਾਵਣ ਦੇ ਪੁਤਲੇ ਦਹਿਨ ਕਰ ਕੇ ਮਨਾਇਆ ਗਿਆ, ਉੱਥੇ ਹੀ ਸੈਂਟਰਲ ਵਾਲਮੀਕਿ ਸਭਾ ਇੰਡੀਆ ਤੇ ਜਬਰ-ਜ਼ੁਲਮ ਵਿਰੋਧੀ ਫਰੰਟ ਪੰਜਾਬ ਨੇ ਸ਼ਹਿਰ 'ਚ ਵਾਲਮੀਕਿ ਭਵਨ ਵਿਖੇ ਦੁਸਹਿਰੇ ਮੌਕੇ ਲੰਕਾਪਤੀ ਰਾਵਣ ਦੀ ਮੂਰਤੀ ਦੀ ਪੂਜਾ ਕੀਤੀ। ਇਸ ਮੌਕੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਮੀਤ ਪ੍ਰਧਾਨ ਗਮੀ ਕਲਿਆਣ ਤੇ ਜਬਰ-ਜ਼ੁਲਮ ਵਿਰੋਧੀ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਧਰਮਪਾਲ ਸਿੰਘ, ਮੀਤ ਪ੍ਰਧਾਨ ਜਸਵਿੰਦਰ ਚੋਪੜਾ ਨੇ ਕਿਹਾ ਕਿ ਉਨ੍ਹਾਂ ਦੀਆਂ ਜਥੇਬੰਦੀਆਂ ਦੁਸਹਿਰੇ ਮੌਕੇ ਰਾਵਣ ਦੇ ਪੁਤਲੇ ਫੂਕਣ ਦੇ ਸਖਤ ਵਿਰੋਧ 'ਚ ਹਨ ਤੇ ਪਿਛਲੇ ਸਮੇਂ ਤੋਂ ਚੱਲਦੀ ਆ ਰਹੀ ਇਸ ਪ੍ਰਥਾ 'ਤੇ ਪ੍ਰਸ਼ਾਸਨ ਨੂੰ ਰੋਕ ਲਾਉਣ ਦੀ ਮੰਗ ਕਰ ਰਹੇ ਹਨ।
ਆਗੂਆਂ ਦਾ ਕਹਿਣਾ ਹੈ ਕਿ ਰਾਵਣ ਇਕ ਮਹਾਨ ਤੇ ਉੱਚ ਕੋਟੀ ਦਾ ਵਿਦਵਾਨ, ਚਾਰੇ ਵੇਦਾਂ ਦਾ ਜਾਣਕਾਰ, ਮਹਾਨ ਯੋਧਾ ਤੇ ਮਹਾਨ ਤਪੱਸਵੀ ਸੀ ਤੇ ਰਾਵਣ ਨੇ ਅਜਿਹਾ ਵੀ ਕੋਈ ਗੁਨਾਹ ਨਹੀਂ ਸੀ ਕੀਤਾ ਕਿ ਉਸ ਦੇ ਪੁਤਲੇ ਹੀ ਸਾੜੇ ਜਾਣ, ਜਿਸ ਕਰਕੇ ਉਹ ਇਸ ਪ੍ਰਥਾ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਰਾਵਣ ਦੇ ਪੁਤਲੇ ਨਹੀਂ ਬਲਕਿ ਮਾਸੂਮ ਬੱਚੀਆਂ ਦਾ ਜਬਰ-ਜ਼ਨਾਹ ਕਰਨ ਵਾਲੇ ਪਾਪੀਆਂ ਅਤੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ 'ਰਾਵਣਾਂ' ਦੇ ਪੁਤਲੇ ਫੂਕਣ ਦੀ ਲੋੜ ਹੈ। ਇਸ ਮੌਕੇ ਪਵਿੱਤਰ ਸਿੰਘ ਸੰਗਤਪੁਰਾ, ਗੁਰਜੰਟ ਦਾਸ, ਧਰਮਵੀਰ ਸ਼ਹਿਰੀ ਪ੍ਰਧਾਨ, ਸ਼ਮਾ ਰਾਣੀ, ਰਜਿੰਦਰ ਕੌਰ ਕਾਕੜਾ ਜ਼ਿਲਾ ਪ੍ਰਧਾਨ, ਸੁਖਚੈਨ ਸਿੰਘ ਆਲੋਅਰਖ, ਅਮਰਜੀਤ ਬੱਬੀ, ਰਣਧੀਰ ਰੇਤਗੜ੍ਹ, ਬਿੱਲਾ ਪੰਨਵਾਂ, ਜਰਨੈਲ ਸਿੰਘ, ਨਵਦੀਪ ਸਿੰਘ, ਪ੍ਰਗਟ ਸਿੰਘ, ਰੋਮੀ ਸਿੰਘ, ਜਰਨੈਲ ਸਿੰਘ ਰੇਤਗੜ੍ਹ ਆਦਿ ਹਾਜ਼ਰ ਸਨ ।
ਰਾਜਪਾਲ ਨੇ ਪੰਜਾਬ ਦੇ ਨਵੇਂ ਲੋਕਪਾਲ ਤੇ ਸੂਚਨਾ ਕਮਿਸ਼ਨਰ ਨੂੰ ਚੁਕਾਈ ਸਹੁੰ
NEXT STORY