ਜਲਾਲਾਬਾਦ (ਨਿਖੰਜ) - 21 ਅਗਸਤ ਨੂੰ ਪਿੰਡ ਕੰਨਲਾਂ ਵਾਲੇ ਝੁੱਗੇ ਵਿਖੇ ਹੋਏ ਝਗੜੇ 'ਚ ਗੰਭੀਰ ਜ਼ਖਮੀ ਹੋਏ ਦੀਪਕ ਕੁਮਾਰ ਦੀ ਵੀਰਵਾਰ ਸਵੇਰ ਨੂੰ ਇਲਾਜ ਦੌਰਾਨ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ 'ਚ ਮੌਤ ਹੋ ਗਈ। ਪੁਲਿਸ ਵੱਲੋਂ 9 ਦਿਨਾਂ ਪਹਿਲਾਂ ਹੋਏ ਝਗੜੇ ਦੇ ਸਬੰਧ 'ਚ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ। ਜਿਸ ਦੇ ਰੋਸ 'ਚ ਅੱਜ (ਵੀਰਵਾਰ) ਵਾਲਮੀਕ ਸਮਾਜ ਦੇ ਲੋਕਾਂ ਨੇ ਜਲਾਲਾਬਾਦ ਦੇ ਥਾਣਾ ਸਿਟੀ ਦਾ ਘੇਰਾਓ ਕੀਤਾ ਅਤੇ ਪੁਲਿਸ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਥਾਣੇ 'ਚ ਵਾਲਮੀਕ ਸਮਾਜ ਦੇ ਲੋਕ ਆਪਣਾ ਰੋਸ ਜ਼ਾਹਰ ਕਰਦੇ ਰਹੇ, ਜਿਸ ਤੋਂ ਬਾਅਦ ਡੀ. ਐੱਸ. ਪੀ. ਜਸਪਾਲ ਸਿੰਘ ਧਾਮੀ ਨੇ ਪਹੁੰਚ ਕੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ ਅਤੇ ਥਾਣਾ ਸਿਟੀ ਮੁਖੀ ਨੂੰ ਤੁਰੰਤ ਮਾਮਲਾ ਦਰਜ ਕਰਨ ਅਤੇ ਦੋਸ਼ੀਆਂ ਨੂੰ ਫੜ੍ਹਨ ਦੇ ਨਿਰਦੇਸ਼ ਦਿੱਤੇ। ਜਿਸ ਤੋਂ ਬਾਅਦ ਵਾਲਮੀਕ ਸਮਾਜ ਦੇ ਲੋਕ ਸ਼ਾਂਤ ਹੋਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨਕਾਰੀ ਮੁੰਨਾ ਨੇ ਦੱਸਿਆ ਕਿ 21 ਅਗਸਤ ਦੀ ਰਾਤ ਨੂੰ ਪਿੰਡ ਕੰਨਲਾਂ ਵਾਲੇ ਝੁੱਗੇ ਵਿਖੇ ਇਕ ਝਗੜਾ ਹੋਇਆ ਸੀ, ਜਿਸ 'ਚ ਕੁੱਝ ਵਿਅਕਤੀਆਂ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ, ਉਨ੍ਹਾਂ 'ਚੋਂ ਇਕ ਵਿਅਕਤੀ ਦੀਪਕ ਦੇ ਸਿਰ 'ਤੇ ਡੂੰਘੀ ਸੱਟ ਲੱਗੀ ਸੀ, ਜਿਸ ਦਾ ਇਲਾਜ ਚੰਡੀਗੜ੍ਹ ਪੀ. ਜੀ. ਆਈ. ਵਿਖੇ ਚੱਲ ਰਿਹਾ ਸੀ, ਜਿਸ ਦੀ ਅੱਜ ਸਵੇਰੇ ਤੜਕੇ ਮੌਤ ਹੋ ਗਈ ਹੈ।
81 ਕਿੱਲੋ ਭੁੱਕੀ ਸਮੇਤ 1 ਗ੍ਰਿਫਤਾਰ
NEXT STORY