ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਪਿੰਡ ਬਹਾਦਰਕੇ ਦੇ ਰਹਿਣ ਵਾਲੇ 8 ਸਾਲਾਂ ਮਾਸੂਮ ਬੱਚੇ ਅਮਨ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਕੇ ਅੱਜ ਥਾਣੇ ਦੇ ਬਾਹਰ ਪੀੜਤ ਪਰਿਵਾਰ ਦੇ ਲੋਕਾਂ ਵੱਲੋਂ ਧਰਨਾ ਲਗਾ ਕੇ ਪੁਲਸ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮ੍ਰਿਤਕ ਬੱਚੇ ਅਮਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਬੱਚੇ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਅਜੇ ਤੱਕ ਪੁਲਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ। ਸੋਮਵਾਰ ਨੂੰ ਉਨ੍ਹਾਂ ਨੇ ਉਨ੍ਹਾਂ ਦੇ ਬੱਚੇ ਦੇ ਕਾਤਲ ਦੇ ਪਰਿਵਾਰ ਨੂੰ ਪੁਲਸ ਹਵਾਲੇ ਕੀਤਾ ਸੀ ਪਰ ਪੁਲਸ ਵੱਲੋਂ ਉਨ੍ਹਾਂ ਦੇ ਪਰਿਵਾਰ ’ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਦੇਰ ਰਾਤ ਨੂੰ ਉਸ ਦੇ ਪਰਿਵਾਰ ਨੂੰ ਪੁਲਸ ਨੇ ਛੱਡ ਦਿੱਤਾ।
ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਥਾਣਾ ਸਲੇਮ ਟਾਬਰੀ ਦੇ ਥਾਣੇਦਾਰ ਹਰਦੇਵ ਸਿੰਘ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਥਾਣੇਦਾਰ ਹਰਦੇਵ ਸਿੰਘ ਵੱਲੋਂ ਉਨ੍ਹਾਂ ਦੇ ਨਾਲ ਗਲਤ ਭਾਸ਼ਾ ਦੀ ਵਰਤੋਂ ਕੀਤੀ ਤੇ ਉਨ੍ਹਾ ਦੇ ਇਕ ਰਿਸ਼ਤੇਦਾਰ ’ਤੇ ਵੀ ਹੱਥ ਚੁੱਕਿਆ। ਜਾਣਕਾਰੀ ਦਿੰਦੇ ਸੰਨੀ ਨਾਮੀ ਨੌਜਵਾਨ ਨੇ ਦੱਸਿਆ ਕਿ ਥਾਣੇਦਾਰ ਹਰਦੇਵ ਸਿੰਘ ਵੱਲੋਂ ਉਸ ’ਤੇ ਹੱਥ ਚੁੱਕਦੇ ਹੋਏ ਥੱਪੜ ਮਾਰਿਆ ਗਿਆ ਤੇ ਉਸ ਨੂੰ ਵਾਰ ਵਾਰ ਗਾਲ੍ਹਾਂ ਕੱਢੀਆਂ। ਸੰਨੀ ਨੇ ਇਸ ਸਬੰਧੀ ਜਦੋਂ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਸਾਰਾ ਪਰਿਵਾਰ ਥਾਣਾ ਸਲੇਮ ਟਾਬਰੀ ਦੇ ਬਾਹਰ ਇਕੱਠਾ ਹੋ ਗਿਆ ਤੇ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਵੱਲੋਂ ਅਜੇ ਤੱਕ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ, ਜਿਸ ਕਾਰਨ ਉਨ੍ਹਾਂ ਦੀ ਪੁਲਸ ਕਮਿਸ਼ਨਰ ਤੋਂ ਮੰਗ ਹੈ ਕਿ ਜਲਦ ਤੋਂ ਜਲਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਜੇਲ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇ।
ਇਹ ਵੀ ਪੜ੍ਹੋ : PRTC ਬੱਸ ਨੇ ਸਕਾਰਪੀਓ ਨੂੰ ਮਾਰੀ ਟੱਕਰ, ਬਿਜਲੀ ਦਾ ਖੰਭਾ ਤੋੜ ਡਿਵਾਈਡਰ 'ਤੇ ਜਾ ਚੜ੍ਹੀ ਗੱਡੀ
ਬੱਚੇ ਦਾ ਕਤਲ ਕਰਨ ਵਾਲੇ ਮੁਲਜ਼ਮ ’ਤੇ ਪਹਿਲਾਂ ਵੀ ਜਬਰ-ਜ਼ਨਾਹ ਦਾ ਕੇਸ ਦਰਜ
ਪਿੰਡ ਬਹਾਦਰਕੇ ਦੇ ਰਹਿਣ ਵਾਲੇ 8 ਸਾਲ ਦੇ ਮਾਸੂਮ ਬੱਚੇ ਅਮਨ ਦੀ ਐਤਵਾਰ ਨੂੰ ਇੰਡਸਟਰੀ ਏਰੀਆ ਵਿਚ ਇਕ ਖਾਲੀ ਪਲਾਟ ਦੀਆਂ ਝਾੜੀਆਂ ਵਿਚ ਲਾਸ਼ ਬਰਾਮਦ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲਸ ਵੱਲੋਂ ਅਣਪਛਾਤੇ ਮੁਲਜ਼ਮ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਸੀ। ਪੁਲਸ ਵੱਲੋਂ ਜਦੋਂ ਉਕਤ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪੁਲਸ ਦੇ ਹੱਥ ਸੀ.ਸੀ.ਟੀ.ਵੀ. ਕੈਮਰੇ ਵਿਚ ਕਈ ਸੁਰਾਗ ਹੱਥ ਲੱਗੇ ਜਿਸ ਵਿਚ ਇਕ ਵਿਅਕਤੀ 8 ਸਾਲ ਦੇ ਅਮਨ ਨੂੰ ਆਪਣੇ ਨਾਲ ਲਿਜਾਂਦਾ ਦਿਖਾਈ ਦਿੱਤਾ। ਜਦੋਂ ਪੁਲਸ ਨੇ ਉਕਤ ਵਿਅਕਤੀ ਦੀ ਪਛਾਣ ਕਰਨ ਲਈ ਆਸਪਾਸ ਦੇ ਇਲਾਕੇ ਵਿਚ ਪੁੱਛਗਿੱਛ ਕੀਤੀ ਤਾਂ ਪੁਲਸ ਨੂੰ ਪਤਾ ਲੱਗਾ ਕਿ ਉਕਤ ਮੁਲਜ਼ਮ ’ਤੇ ਥਾਣਾ ਜੋਧੇਵਾਲ ਦੀ ਪੁਲਸ ਨੇ ਇਕ 7 ਸਾਲ ਦੀ ਬੱਚੀ ਦੇ ਨਾਲ ਜਬਰ-ਜ਼ਨਾਹ ਕਰਨ ਦਾ ਕੇਸ ਦਰਜ ਕੀਤਾ ਸੀ ਜਿਸ ਵਿਚ ਮੁਲਜ਼ਮ ਨੂੰ ਉਮਰ ਕੈਦ ਦੀ ਸਜ਼ਾ ਅਦਾਲਤ ਵੱਲੋਂ ਸੁਣਾਈ ਗਈ ਸੀ।
ਇਹ ਵੀ ਪੜ੍ਹੋ : ਭਾਰਤ-ਬ੍ਰਿਟੇਨ ਵਿਚਾਲੇ ਵੱਡਾ ਸਮਝੌਤਾ: ਹੁਣ ਵਿਦੇਸ਼ 'ਚ ਕੰਮ ਕਰਨ 'ਤੇ ਨਹੀਂ ਦੇਣਾ ਪਵੇਗਾ ਡਬਲ ਸੋਸ਼ਲ ਸਕਿਓਰਿਟੀ ਟੈਕਸ
ਜਦੋਂ ਪੁਲਸ 2 ਫਰਵਰੀ ਨੂੰ ਉਕਤ ਮੁਲਜ਼ਮ ਨੂੰ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਉਣ ਲਈ ਲਿਆਈ ਤਾਂ ਮੁਲਜ਼ਮ ਉਥੋਂ ਪੁਲਸ ਨੂੰ ਧੋਖਾ ਦੇ ਕੇ ਫਰਾਰ ਹੋ ਗਿਆ। 5 ਫਰਵਰੀ ਨੂੰ ਉਕਤ ਮੁਲਜ਼ਮ ਵੱਲੋਂ 8 ਸਾਲ ਦੇ ਅਮਨ ਨੂੰ ਉਸ ਦੇ ਘਰੋਂ ਬਾਹਰ ਲਿਜਾਂਦਾ ਦੇਖਿਆ ਗਿਆ ਤੇ ਉਸ ਤੋਂ ਬਾਅਦ 8 ਫਰਵਰੀ ਨੂੰ ਮ੍ਰਿਤਕ ਅਮਨ ਦੀ ਲਾਸ਼ ਪੁਲਸ ਵੱਲੋਂ ਬਰਾਮਦ ਕੀਤੀ ਗਈ। ਦੂਜੇ ਪਾਸੇ ਪੁਲਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਕਈ ਪੁਲਸ ਟੀਮਾਂ ਬਣਾ ਕੇ ਛਾਪੇਮਾਰੀ ਕਰ ਰਹੀ ਹੈ ਤਾਂ ਕਿ ਜਲਦ ਤੋਂ ਜਲਦ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾ ਸਕੇ।
ਅੱਜ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut, ਲੰਮੇ ਸਮੇਂ ਤੱਕ ਕਰਨਾ ਪਵੇਗਾ ਇੰਤਜ਼ਾਰ
NEXT STORY