ਦੋਰਾਹਾ (ਵਿਨਾਇਕ): ਪਾਇਲ ਸਬ-ਡਵੀਜ਼ਨ ਪੁਲਸ ਨੇ ਵਾਹਨ ਚੋਰੀ ਨਾਲ ਜੁੜੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਦੋਰਾਹਾ ਨੇੜੇ ਇੱਕ ਕਬਾੜ ਦੇ ਅੱਡੇ 'ਤੇ ਛਾਪੇਮਾਰੀ ਕਰਕੇ ਕਈ ਸ਼ੱਕੀ ਕਾਰਾਂ, ਉਨ੍ਹਾਂ ਦੇ ਸਪੇਅਰ ਪਾਰਟਸ ਅਤੇ ਜਾਅਲੀ ਨੰਬਰ ਪਲੇਟਾਂ ਬਰਾਮਦ ਕੀਤੀਆਂ ਹਨ। ਇਸ ਕਾਰਵਾਈ ਦੌਰਾਨ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐੱਸ.) 2023 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਮੰਨਣਾ ਹੈ ਕਿ ਇਹ ਗਿਰੋਹ ਕਥਿਤ ਤੌਰ 'ਤੇ ਚੋਰੀਸ਼ੁਦਾ ਵਾਹਨਾਂ ਨੂੰ ਜਾਅਲੀ ਨੰਬਰ ਪਲੇਟਾਂ ਲਗਾ ਕੇ ਗੈਸ ਕਟਰ ਨਾਲ ਕੱਟਦਾ ਸੀ ਅਤੇ ਉਨ੍ਹਾਂ ਦੇ ਪਾਰਟਸ ਵੱਖ-ਵੱਖ ਥਾਵਾਂ 'ਤੇ ਵੇਚਦਾ ਸੀ।

ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਦੋਰਾਹਾ ਦੇ ਏ.ਐੱਸ.ਆਈ. ਹਰਜੀਤ ਸਿੰਘ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਸਬੰਧੀ ਕੱਦੋਂ ਚੌਂਕ, ਦੋਰਾਹਾ ਵਿਖੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਕਰੀਬ ਸ਼ਾਮ 5.30 ਵਜੇ ਕਿਸੇ ਭਰੋਸੇਯੋਗ ਮੁਖ਼ਬਰ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਗੁਰਪ੍ਰੀਤ ਰਾਮ ਉਰਫ਼ ਚੰਦ, ਰਵੀ ਅਤੇ ਬੱਬੂ ਰਾਮ ਉਰਫ਼ ਬੱਬੂ, ਤਿੰਨੇ ਵਾਸੀ ਪਿੰਡ ਅਲੂਣਾ ਤੋਲਾ, ਥਾਣਾ ਪਾਇਲ, ਨੇ ਹਰਦੇਵ ਸਿੰਘ ਬੋਪਾਰਾਏ ਵਾਸੀ ਪਾਇਲ ਤੋਂ ਦੋਰਾਹਾ-ਕੱਦੋਂ-ਪਾਇਲ ਰੋਡ 'ਤੇ ਇੱਕ ਖਾਲੀ ਪਲਾਟ ਕਿਰਾਏ 'ਤੇ ਲਿਆ ਹੋਇਆ ਹੈ। ਜਿੱਥੇ ਚੋਰੀ ਕੀਤੀਆਂ ਗੱਡੀਆਂ ਨੂੰ ਜਾਅਲੀ ਨੰਬਰ ਪਲੇਟਾਂ ਲਗਾ ਕੇ ਉਨ੍ਹਾਂ ਨੂੰ ਗੈਸ ਕਟਰ ਨਾਲ ਕੱਟਿਆ ਜਾਂਦਾ ਹੈ ਅਤੇ ਸਪੇਅਰ ਪਾਰਟਸ ਨੂੰ ਵੇਚ ਕੇ ਨਾਜਾਇਜ਼ ਲਾਭ ਕਮਾਇਆ ਜਾਂਦਾ ਹੈ।

ਇਸ ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਨੇ ਤੁਰੰਤ ਛਾਪੇਮਾਰੀ ਕੀਤੀ, ਜਿੱਥੋਂ ਕਈ ਕਾਰਾਂ, ਵਾਹਨਾਂ ਦੇ ਪੁਰਜ਼ੇ ਅਤੇ ਹੋਰ ਅਹਿਮ ਸਮੱਗਰੀ ਬਰਾਮਦ ਕੀਤੀ ਗਈ। ਮੌਕੇ ਤੋਂ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ, ਜਦਕਿ ਬਰਾਮਦ ਵਾਹਨਾਂ ਅਤੇ ਪਾਰਟਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੀ ਅਸਲ ਪਛਾਣ ਅਤੇ ਚੋਰੀ ਦੇ ਮਾਮਲਿਆਂ ਨਾਲ ਸਬੰਧਿਤ ਕੜੀਆਂ ਦਾ ਪਤਾ ਲਗਾਇਆ ਜਾ ਸਕੇ।
ਥਾਣਾ ਦੋਰਾਹਾ ਪੁਲਸ ਨੇ ਇਸ ਮਾਮਲੇ ਸਬੰਧੀ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐੱਸ.) 2023 ਦੀਆਂ ਧਾਰਾਵਾਂ 303(2), 238, 318(4), 317(2), 341(2), 336(1) ਅਤੇ 336(3) ਅਧੀਨ ਮੁਕੱਦਮਾ ਨੰਬਰ 208 ਮਿਤੀ 28 ਜੁਲਾਈ 2026 ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਇਹ ਵੀ ਖੰਗਾਲਿਆ ਜਾ ਰਿਹਾ ਹੈ ਕਿ ਗਿਰੋਹ ਕਿੰਨੇ ਸਮੇਂ ਤੋਂ ਸਰਗਰਮ ਸੀ, ਚੋਰੀਸ਼ੁਦਾ ਵਾਹਨ ਕਿੱਥੋਂ ਲਿਆਂਦੇ ਜਾਂਦੇ ਸਨ ਅਤੇ ਉਨ੍ਹਾਂ ਦੇ ਪਾਰਟਸ ਕਿੱਥੇ ਵੇਚੇ ਜਾਂਦੇ ਸਨ।

ਇਸ ਸਬੰਧੀ ਪਾਇਲ ਦੇ ਡੀ.ਐੱਸ.ਪੀ. ਹਰਮਨਪ੍ਰੀਤ ਸਿੰਘ ਚੀਮਾ ਨੇ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ 'ਤੇ ਪੁਲਸ ਨਾਲ ਕਥਿਤ ਹੱਥੋਪਾਈ ਦੀਆਂ ਚੱਲ ਰਹੀਆਂ ਗੱਲਾਂ ਤੱਥਾਂ 'ਤੇ ਆਧਾਰਿਤ ਨਹੀਂ ਹਨ। ਉਨ੍ਹਾਂ ਕਿਹਾ ਕਿ ਛਾਪੇਮਾਰੀ ਦੌਰਾਨ ਪੁਲਸ ਨਾਲ ਕਿਸੇ ਵੀ ਤਰ੍ਹਾਂ ਦੀ ਹੱਥੋਪਾਈ ਨਹੀਂ ਹੋਈ। ਉਨ੍ਹਾਂ ਅਨੁਸਾਰ ਜਦੋਂ ਪੁਲਸ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਮੌਕੇ 'ਤੇ ਪੁੱਜੀ ਤਾਂ ਮੁਲਜ਼ਮਾਂ ਵਿਚਕਾਰ ਆਪਸੀ ਖਿੱਚ-ਧੂਹ ਜ਼ਰੂਰ ਹੋਈ ਹੋ ਸਕਦੀ ਹੈ। ਸੰਭਵ ਹੈ ਕਿ ਪੁਲਸ ਵੱਲੋਂ ਕਿਸੇ ਮੁਲਜ਼ਮ ਨੂੰ ਗੱਡੀ ਵਿੱਚ ਬਿਠਾਉਣ ਦੌਰਾਨ ਕਿਸੇ ਨੇ ਇਸ ਨੂੰ ਗਲਤ ਢੰਗ ਨਾਲ ਪੁਲਸ ਨਾਲ ਹੱਥੋਪਾਈ ਸਮਝ ਲਿਆ ਹੋਵੇ, ਪਰ ਅਜਿਹੀ ਕੋਈ ਘਟਨਾ ਨਹੀਂ ਵਾਪਰੀ।
ਡੀਐੱਸਪੀ ਚੀਮਾ ਨੇ ਦੱਸਿਆ ਕਿ ਦੋਰਾਹਾ ਤੋਂ ਪਾਇਲ ਨੂੰ ਜਾਂਦੇ ਰਸਤੇ ਦੇ ਕਿਨਾਰੇ ਸਥਿਤ ਇਹ ਇੱਕ ਖੁੱਲ੍ਹਾ ਪਲਾਟ ਸੀ, ਜਿੱਥੇ ਕਬਾੜ ਦਾ ਸਮਾਨ ਆਮ ਤੌਰ 'ਤੇ ਖਿਲਰਿਆ ਰਹਿੰਦਾ ਸੀ। ਪੁਲਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਉੱਥੋਂ ਸ਼ੱਕੀ ਵਾਹਨਾਂ ਅਤੇ ਪਾਰਟਸ ਸਬੰਧੀ ਮਹੱਤਵਪੂਰਨ ਸਬੂਤ ਹਾਸਲ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਹੋਰ ਵਿਅਕਤੀਆਂ ਨੂੰ ਵੀ ਜਲਦ ਕਾਬੂ ਕਰਕੇ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ।
ਪੁਲਸ ਅਧਿਕਾਰੀ ਨੇ ਕਿਹਾ ਕਿ ਵਾਹਨ ਚੋਰੀ ਅਤੇ ਚੋਰੀਸ਼ੁਦਾ ਵਾਹਨਾਂ ਦੇ ਪਾਰਟਸ ਦੀ ਗੈਰ-ਕਾਨੂੰਨੀ ਖਰੀਦੋ-ਫਰੋਖ਼ਤ ਕਰਨ ਵਾਲੇ ਗਿਰੋਹਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜਾਂਚ ਦੇ ਆਧਾਰ 'ਤੇ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।
ਸਿੰਘਾਪੁਰ ਵਿਖੇ ਵਰਕ ਵੀਜ਼ਾ ’ਤੇ ਭੇਜਣ ਦਾ ਝਾਂਸਾ ਦੇ ਕੇ 5 ਲੱਖ ਰੁਪਏ ਦੀ ਠੱਗੀ
NEXT STORY