ਚੰਡੀਗੜ੍ਹ (ਰਮਨਜੀਤ) : ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਪਸ਼ੂ-ਪਾਲਣ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਰੀ ਕੀਤੇ ਜਾ ਰਹੇ ਤੁਗਲਕੀ ਫ਼ਰਮਾਨ ਖ਼ਿਲਾਫ਼ ਤਿੱਖਾ ਸੰਘਰਸ਼ ਕਰੇਗੀ। ਇਹ ਫ਼ੈਸਲਾ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਦੀ ਪ੍ਰਧਾਨਗੀ ਅਧੀਨ ਹੋਈ ਸੂਬਾ ਪੱਧਰੀ ਮੀਟਿੰਗ ਦੇ ਦੌਰਾਨ ਲਿਆ ਗਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ ਨੇ ਕਿਹਾ ਕੇ ਪਸ਼ੂ-ਪਾਲਣ ਵਿਭਾਗ 'ਚ ਜਾਅਲੀ ਵਿੱਦਿਅਕ ਯੋਗਤਾ ਦੇ ਸਹਾਰੇ ਠੇਕੇ 'ਤੇ ਭਰਤੀ ਕੀਤੇ ਰੂਰਲ ਵੈਟਰਨਰੀ ਸਰਵਿਸ ਪ੍ਰੋਵਾਈਡਰ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਪੱਕੀਆਂ ਕਰਨ ਲਈ ਪਸ਼ੂ-ਪਾਲਣ ਵਿਭਾਗ ਦੀਆਂ ਜ਼ਰੂਰੀ ਸੇਵਾਵਾਂ ਵੈਕਸੀਨੇਸ਼ਨ ਅਤੇ ਹੋਰ ਵਿਭਾਗੀ ਕੰਮਾਂ ਦਾ ਬਾਈਕਾਟ ਕਰੀ ਬੈਠੇ ਹਨ।
ਇਸ ਕਾਰਨ ਪੂਰੇ ਪੰਜਾਬ ਵਿਚਲੇ 400 ਦੇ ਲਗਭਗ ਪਸ਼ੂ ਹਸਪਤਾਲ ਜ਼ਰੂਰੀ ਸੇਵਾਵਾਂ ਤੋਂ ਵਾਂਝੇ ਹਨ। ਪਸ਼ੂ-ਪਾਲਣ ਵਿਭਾਗ ਦੇ ਅਧਿਕਾਰੀ ਵਿਭਾਗੀ ਨਿਯਮਾਂ ਦੇ ਉਲਟ ਜਾਂਦਿਆਂ ਇਸ ਜਾਅਲੀ ਸਿੱਖਿਆ ਨੂੰ ਮਾਨਤਾ ਦਿੰਦੇ ਹੋਏ ਸਰਵਿਸ ਪ੍ਰੋਵਾਈਡਰਾਂ ਨੂੰ ਪੱਕਿਆਂ ਕਰਾਉਣ ਦੀਆਂ ਚੋਰ-ਮੋਰੀਆਂ ਲੱਭ ਰਹੇ ਹਨ ਰੂਰਲ ਵੈਟਰਨਰੀ ਸਰਵਿਸ ਪ੍ਰੋਵਾਈਡਰਾਂ ਦੀ ਹੜਤਾਲ ਕਾਰਨ ਉਨ੍ਹਾਂ ਦੀਆਂ ਸੰਸਥਾਵਾਂ ਦਾ ਬੋਝ ਧੱਕੇ ਨਾਲ ਵੈਟਰਨਰੀ ਇੰਸਪੈਕਟਰਾਂ ਦੇ ਸਿਰ 'ਤੇ ਮੜਿਆ ਜਾ ਰਿਹਾ ਹੈ। ਵੈਟਰਨਰੀ ਇੰਸਪੈਕਟਰ ਕੇਡਰ ਨੇ ਲੰਪੀ ਸਕਿਨ ਬੀਮਾਰੀ ਦੇ ਸੰਕਟ ਦੇ ਦੌਰਾਨ ਪਸ਼ੂਆਂ ਦੀ ਵੈਕਸੀਨੇਸ਼ਨ ਅਤੇ ਇਲਾਜ ਲਈ ਦਿਨ-ਰਾਤ ਕੰਮ ਕੀਤਾ ਹੈ। ਪਸ਼ੂ-ਪਾਲਣ ਵਿਭਾਗ ਵਿਚ ਪਹਿਲਾਂ ਹੀ ਵੈਟਰਨਰੀ ਇੰਸਪੈਕਟਰਾਂ ਦੀ ਘਾਟ ਕਾਰਨ ਮੁਲਾਜ਼ਮ ਦੂਹਰੇ ਚਾਰਜਾਂ ਦੀ ਮਾਰ ਝੱਲ ਰਹੇ ਹਨ।
ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਈਏਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਸੁਰੇਸ਼ ਕੁਮਾਰ ਨੇ ਕਿਹਾ ਪਸ਼ੂ-ਪਾਲਣ ਵਿਭਾਗ ਦੀ ਅਫ਼ਸਰਸ਼ਾਹੀ ਦੇ ਖ਼ਿਲਾਫ਼ ਮਿਤੀ 14 ਸਤੰਬਰ ਦਿਨ ਬੁੱਧਵਾਰ ਨੂੰ ਜ਼ਿਲ੍ਹਾ ਹੈਡਕੁਆਟਰਾਂ ਤੇ ਡਿਪਟੀ ਡਾਇਰੈਕਟਰ ਪਸ਼ੂ-ਪਾਲਣ ਦੇ ਦਫਤਰਾਂ ਅੱਗੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਉਸ ਤੋਂ ਬਾਅਦ ਮੋਹਾਲੀ ਵਿਖੇ ਡਾਇਰੈਕਟਰ ਪਸ਼ੂ-ਪਾਲਣ ਅੱਗੇ ਜ਼ਬਰਦਸਤ ਰੋਸ ਮੁਜ਼ਾਹਰਾ ਅਤੇ ਧਰਨੇ ਦੀ ਤਾਰੀਖ਼ ਦਾ ਐਲਾਨ ਕੀਤਾ ਜਾਵੇਗਾ। ਪੰਜਾਬ ਦੇ ਵੈਟਰਨਰੀ ਇੰਸਪੈਕਟਰ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਡਟ ਕੇ ਸੰਘਰਸ਼ ਕਰਨਗੇ ਅਤੇ ਪਸ਼ੂ-ਪਾਲਣ ਵਿਭਾਗ ਦੇ ਅਧਿਕਾਰੀਆਂ ਦੇ ਤੁਗਲਕੀ ਫਰਮਾਨਾ
ਦਾ ਸਖ਼ਤ ਵਿਰੋਧ ਕਰਨਗੇ।
ਆਖਿਰ ਕਿਉਂ ਜਲੰਧਰ ਭਾਜਪਾ ’ਚ ਉੱਠ ਰਹੀਆਂ ਨੇ ਬਾਗੀ ਸੁਰਾਂ?
NEXT STORY