ਮਿੱਡੂਖੇੜਾ (ਕੁਲਦੀਪ ਸਿੰਘ ਰਿਣੀ)- ਬੀਤੇ ਦਿਨੀਂ ਮੋਹਾਲੀ ਵਿਖੇ ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਵਿੱਕੀ ਮਿੱਡੂਖੇੜਾ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਰਾਜਸੀ, ਧਾਰਮਿਕ ਅਤੇ ਸਮਾਜਿਕ ਸਖਸ਼ੀਅਤਾਂ ਨੇ ਹਾਜ਼ਰੀ ਲਵਾਈ।
ਇਹ ਵੀ ਪੜ੍ਹੋ: 'ਆਪ' ਦੇ ਵਿਧਾਇਕ ਸੰਦੋਆ ਦੇ ਪਿੰਡ 'ਚੋਂ ਮਿਲੇ ਪਾਕਿਸਤਾਨੀ ਗੁਬਾਰੇ ਅਤੇ ਝੰਡਾ, ਬਣਿਆ ਦਹਿਸ਼ਤ ਦਾ ਮਾਹੌਲ

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹੁੰਚੇ, ਜੋਕਿ ਉਨ੍ਹਾਂ ਦੀ ਤਸਵੀਰ ਵੇਖ ਕੇ ਭਾਵੁਕ ਹੋ ਗਏ। ਇਸ ਮੌਕੇ ਸੰਬੋਧਨ ਕਰਦੇ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਬਾਦਲ ਪਰਿਵਾਰ ਦੀ ਮਿੱਡੂਖੇੜਾ ਪਰਿਵਾਰ ਨਾਲ ਪੁਰਾਣੀ ਸਾਂਝ ਨੂੰ ਯਾਦ ਕੀਤਾ। ਉਥੇ ਹੀ ਉਨ੍ਹਾਂ ਕਿਹਾ ਕਿ ਵਿੱਕੀ ਮਿੱਡੂਖੇੜਾ ਉਹ ਨੌਜਵਾਨ ਸੀ, ਜਿਸ ਨੇ ਅਜੇ ਬਹੁਤ ਤਰੱਕੀ ਕਰਨੀ ਸੀ। ਉਨ੍ਹਾਂ ਕਿਹਾ ਕਿ ਵਿੱਕੀ ਮਿੱਡੂਖੇੜਾ ਦੇ ਕਾਤਲ ਜਲਦ ਕਾਬੂ ਕੀਤੇ ਜਾਣ ਇਸ ਲਈ ਉਹ ਲਗਾਤਾਰ ਪੁਲਸ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਵਿਚ ਹਨ।
ਇਹ ਵੀ ਪੜ੍ਹੋ: ਹੁਣ ਮਾਹਿਲਪੁਰ ਦੇ ਪਿੰਡ ਮੋਤੀਆਂ ਵਿਚ ਪਾਕਿਸਤਾਨੀ ਝੰਡਾ ਅਤੇ ਕਰੀਬ ਦੋ ਦਰਜਨ ਮਿਲੇ ਗੁਬਾਰੇ

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਇਨ੍ਹਾਂ ਦੋਸ਼ੀਆਂ ਨੂੰ ਹਰ ਹਾਲਤ ਵਿਚ ਕਾਬੂ ਕੀਤਾ ਜਾਵੇਗਾ। ਉਹ ਵਿੱਕੀ ਨਾਲ ਬਿਤਾਏ ਦਿਨਾਂ ਨੂੰ ਯਾਦ ਕਰਦਿਆਂ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਅੱਜ ਵੀ ਤਸਵੀਰ ਵੇਖਦਿਆਂ ਇੰਝ ਲੱਗਦਾ ਹੈ ਕਿ ਉਹ ਤਸਵੀਰ ਵਿਚੋਂ ਬਾਹਰ ਆ ਜਾਣਗੇ। ਇਸ ਦੇ ਇਲਾਵਾ ਉਨ੍ਹਾਂ ਫੇਸਬੁੱਕ 'ਤੇ ਵੀ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਇਸ ਅਸਹਿ ਦੁੱਖ 'ਚ ਪੂਰਾ ਸ਼੍ਰੋਮਣੀ ਅਕਾਲੀ ਦਲ ਮਿੱਡੂਖੇੜਾ ਪਰਿਵਾਰ ਦੇ ਨਾਲ ਹੈ, ਅਤੇ ਅਸੀਂ ਸਾਰੇ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਉਹ ਉਸ ਦੀ ਰੂਹ ਨੂੰ ਚਰਨੀਂ ਲਾਉਣ।
ਇਹ ਵੀ ਪੜ੍ਹੋ: 75ਵੇਂ ਆਜ਼ਾਦੀ ਦਿਹਾੜੇ ਮੌਕੇ ਮੰਤਰੀ ਓ. ਪੀ. ਸੋਨੀ ਨੇ ਜਲੰਧਰ ’ਚ ਲਹਿਰਾਇਆ ‘ਤਿਰੰਗਾ’

ਅੰਤਿਮ ਅਰਦਾਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਪਰਮਬੰਸ ਸਿੰਘ ਬੰਟੀ ਰੋਮਾਣਾ, ਜਗਮੀਤ ਸਿੰਘ ਬਰਾੜ, ਜਗਦੀਪ ਸਿੰਘ ਨਕੲਈ, ਪ੍ਰਕਾਸ਼ ਸਿੰਘ ਭੱਟੀ, ਦਾਮਨ ਬਾਜਵਾ, ਕਮਲਜੀਤ ਸਿੰਘ ਬਰਾੜ, ਤੇਜਿੰਦਰ ਸਿੰਘ ਮਿੱਡੂਖੇੜਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

ਮੋਹਾਲੀ ’ਚ 12 ਗੋਲ਼ੀਆਂ ਮਾਰ ਕੇ ਕੀਤਾ ਗਿਆ ਸੀ ਵਿੱਕੀ ਦਾ ਕਤਲ
ਜ਼ਿਕਰਯੋਗ ਹੈ ਕਿ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਐੱਸ. ਓ. ਆਈ. ਦੇ ਸਾਬਕਾ ਪ੍ਰਧਾਨ ਵਿੱਕੀ ਮਿੱਡੂਖੇੜਾ ਦਾ ਅਣਪਛਾਤਿਆਂ ਵੱਲੋਂ 7 ਅਗਸਤ ਸ਼ਨੀਵਾਰ ਨੂੰ ਸੈਕਟਰ 71 ਵਿਖੇ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿੱਡੂਖੇੜਾ ਨੂੰ ਲਗਭਗ 12 ਗੋਲੀਆਂ ਲੱਗੀਆਂ ਅਤੇ 10 ਗੋਲ਼ੀਆਂ ਉਸ ਦੇ ਸਰੀਰ ’ਚੋਂ ਆਰ-ਪਾਰ ਹੋ ਗਈਆਂ ਜਦਕਿ ਦੋ ਗੋਲੀਆਂ ਪੋਸਟਮਾਰਟਮ ਦੌਰਾਨ ਬਰਾਮਦ ਹੋਈਆਂ ਹਨ।

ਇਸ ਕਤਲ ਤੋਂ ਕੁੱਝ ਘੰਟਿਆਂ ਬਾਅਦ ਹੀ ਦਵਿੰਦਰ ਬੰਬੀਹਾ ਗੈਂਗ ਨੇ ਫੇਸਬੁੱਕ ’ਤੇ ਇਕ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਵਿੱਕੀ ਦੀ ਹੱਤਿਆ ਇਸ ਲਈ ਕੀਤੀ ਗਈ ਸੀ ਕਿਉਂਕਿ ਉਹ ਕਥਿਤ ਤੌਰ ’ਤੇ ਵਿਰੋਧੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੁਖਬਰ ਵਜੋਂ ਕੰਮ ਕਰ ਰਿਹਾ ਸੀ।


ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਆਜ਼ਾਦੀ ਦਿਹਾੜੇ ਮੌਕੇ ਸੰਗਰੂਰ ’ਚ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਲਹਿਰਾਇਆ ਕੌਮੀ ਝੰਡਾ
NEXT STORY