ਫਿਲੌਰ (ਭਾਖੜੀ)— ਪੁਲਸ ਨੂੰ ਸੂਚਨਾ ਦੇ ਕੇ ਨਾਜਾਇਜ਼ ਸ਼ਰਾਬ ਫੜਾਉਣ ਵਾਲੇ ਵਿਅਕਤੀ ਨੂੰ ਠੇਕੇਦਾਰ ਦੇ ਲੜਕਿਆਂ ਨੇ ਬੀਤੇ ਦਿਨ ਅਗਵਾ ਕਰ ਕੇ ਪਹਿਲਾਂ ਉਸ ਨੂੰ ਬੁਰੀ ਤਰ੍ਹਾਂ ਲਾਠੀਆਂ ਨਾਲ ਕੁੱਟਿਆ ਮਾਰਿਆ, ਫਿਰ ਲੋਹੇ ਦੇ ਗਰਮ ਚਿਮਟੇ ਲਾ ਕੇ ਕਈ ਥਾਵਾਂ ਤੋਂ ਸਰੀਰ ਨੂੰ ਸਾੜ ਦਿੱਤਾ।
ਸਥਾਨਕ ਸਿਵਲ ਹਸਪਤਾਲ 'ਚ ਬੁਰੀ ਤਰ੍ਹਾਂ ਜ਼ਖ਼ਮੀ ਪਏ ਵਿਨੋਦ ਕੁਮਾਰ (36) ਨੇ ਦੱਸਿਆ ਕਿ ਉਹ ਸਥਾਨਕ ਸ਼ਹਿਰ ਦੇ ਠੇਕੇਦਾਰ ਰਤਨ ਚੱਢਾ ਕੋਲ ਕੁਲੈਕਸ਼ਨ ਕਰਨ ਦਾ ਕੰਮ ਕਰਦਾ ਹੈ। ਤਿੰਨ ਮਹੀਨੇ ਪਹਿਲਾਂ ਐੱਸ. ਐੱਸ. ਪੀ. ਜਲੰਧਰ ਗੁਰਪ੍ਰੀਤ ਭੁੱਲਰ ਨੇ ਨੇੜਲੇ ਪਿੰਡ 'ਚ ਪੁਲਸ-ਪਬਲਿਕ ਮੀਟਿੰਗ ਦੌਰਾਨ ਨਸ਼ੀਲੇ ਪਦਾਰਥਾਂ ਤੇ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਬੰਦ ਕਰਵਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਸੀ ਤੇ ਉਨ੍ਹਾਂ ਨੇ ਬਕਾਇਦਾ ਫੋਨ ਨੰਬਰ ਦਿੰਦੇ ਹੋਏ ਕਿਹਾ ਸੀ ਕਿ ਤੁਹਾਨੂੰ ਕਿਤੇ ਵੀ ਨਾਜਾਇਜ਼ ਕਾਰੋਬਾਰ ਹੋਣ ਦਾ ਪਤਾ ਲੱਗੇ ਤਾਂ ਇਸ ਨੰਬਰ 'ਤੇ ਸੂਚਨਾ ਦੇ ਕੇ ਪੁਲਸ ਦੀ ਮਦਦ ਕਰੋ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ ਅਤੇ ਸਹੀ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ।
ਇਸ ਗੱਲ ਤੋਂ ਪ੍ਰੇਰਿਤ ਹੋ ਕੇ ਉਸ ਨੇ ਪਿਛਲੇ ਢਾਈ ਮਹੀਨਿਆਂ 'ਚ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਦੀਆਂ ਸਥਾਨਕ ਪੁਲਸ ਨੂੰ ਸੂਚਨਾਵਾਂ ਦੇ ਕੇ 5 ਤੋਂ 6 ਗੱਡੀਆਂ ਫੜਵਾ ਕੇ ਮੁਕੱਦਮੇ ਦਰਜ ਕਰਵਾਏ। ਇਨ੍ਹਾਂ ਗੱਡੀਆਂ 'ਚ ਪੁਲਸ ਨੂੰ 50, 35, 12 ਅਤੇ 18 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ। ਇਸ ਗੱਲ ਤੋਂ ਚਿੜ੍ਹ ਕੇ ਗੋਰਾਇਆ ਦੇ ਇਕ ਸ਼ਰਾਬ ਠੇਕੇਦਾਰ ਦੇ ਲੜਕਿਆਂ ਨੇ ਬੀਤੇ ਦਿਨ ਦੁਪਹਿਰ 3 ਵਜੇ ਉਸ ਨੂੰ ਅਗਵਾ ਕਰ ਲਿਆ ਜਦੋਂ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਨੇੜਲੇ ਪਿੰਡ ਤੇਹਿੰਗ 'ਚ ਕਿਸੇ ਕੰਮ ਲਈ ਜਾ ਰਿਹਾ ਸੀ। ਉਕਤ ਲੋਕ ਉਸ ਨੂੰ ਗੱਡੀ 'ਚ ਪਾ ਕੇ ਗੋਰਾਇਆ ਦਾਣਾ ਮੰਡੀ ਦੇ ਕੋਲ ਇਕ ਅਣਪਛਾਤੀ ਜਗ੍ਹਾ 'ਤੇ ਲੈ ਗਏ, ਜਿਥੇ ਉਸ ਦੇ ਪੂਰੇ ਕੱਪੜੇ ਲਾਹ ਕੇ ਪਹਿਲਾਂ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਉਸ ਤੋਂ ਬਾਅਦ ਉਸ ਦੇ ਸਰੀਰ ਨੂੰ ਲੋਹੇ ਦੇ ਗਰਮ ਚਿਮਟੇ ਲਾ ਕੇ ਕਈ ਥਾਵਾਂ ਤੋਂ ਸਾੜ ਦਿੱਤਾ। ਦਰਦ ਨਾ ਸਹਿੰਦੇ ਹੋਏ ਜਦੋਂ ਉਹ ਬਦਹਵਾਸ ਹੋ ਗਿਆ ਤਾਂ ਉਸ ਨੂੰ ਗੱਡੀ 'ਚ ਪਾ ਕੇ ਉਸੇ ਰਸਤੇ ਸੁੱਟ ਗਏ। ਉਥੋਂ ਕਿਸੇ ਤਰ੍ਹਾਂ ਉਹ ਆਪਣੇ ਦਫਤਰ ਫਿਲੌਰ ਪੁੱਜਾ, ਜਿਥੋਂ ਉਸ ਦੇ ਸਾਥੀ ਕਰਮਚਾਰੀਆਂ ਨੇ ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਦਾਖਲ ਕਰਵਾ ਦਿੱਤਾ। ਇਥੇ ਡਾਕਟਰਾਂ ਮੁਤਾਬਕ ਉਸ ਦੀ ਹਾਲਤ ਕਾਫੀ ਖਰਾਬ ਦੱਸੀ ਜਾਂਦੀ ਹੈ।
ਵਿਨੋਦ ਕੁਮਾਰ ਨੇ ਦੱਸਿਆ ਕਿ ਜਿਸ ਪੁਲਸ ਨੂੰ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਦੀ ਸੂਚਨਾ ਦੇ ਕੇ ਉਸ ਨੇ ਫੜਵਾਉਣ 'ਚ ਮਦਦ ਕੀਤੀ, ਅੱਜ ਉਹੀ ਪੁਲਸ ਉਸ ਦੇ ਬਿਆਨ ਲੈਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕਰ ਰਹੀ। ਜਦੋਂਕਿ ਦੋਸ਼ੀ ਖੁੱਲ੍ਹੇਆਮ ਘੁੰਮ ਰਹੇ ਹਨ। ਇੱਥੋਂ ਤੱਕ ਕਿ ਉਸ ਨੂੰ ਹਸਪਤਾਲ 'ਚ ਵੀ ਧਮਕੀਆਂ ਮਿਲ ਰਹੀਆਂ ਹਨ ਕਿ ਉਹ ਪੁਲਸ ਤੋਂ ਆਪਣੀ ਸ਼ਿਕਾਇਤ ਵਾਪਸ ਲੈ ਕੇ ਹਸਪਤਾਲ ਤੋਂ ਭੱਜ ਜਾਵੇ, ਨਹੀਂ ਤਾਂ ਇਸ ਤੋਂ ਵੀ ਬੁਰੇ ਨਤੀਜੇ ਭੁਗਤਣ ਲਈ ਤਿਆਰ ਹੋ ਜਾਵੇ। ਵਿਨੋਦ ਕੁਮਾਰ ਨੇ ਕਿਹਾ ਕਿ ਜੇਕਰ ਪੁਲਸ ਦੀ ਮਦਦ ਕਰਨ ਵਾਲਿਆਂ ਦੇ ਨਾਲ ਇਸੇ ਤਰ੍ਹਾਂ ਦਾ ਸਲੂਕ ਹੁੰਦਾ ਰਿਹਾ ਤਾਂ ਭਵਿੱਖ 'ਚ ਕੋਈ ਵੀ ਵਿਅਕਤੀ ਪੁਲਸ ਦੀ ਮਦਦ ਨਹੀਂ ਕਰੇਗਾ ਅਤੇ ਨਾਜਾਇਜ਼ ਕਾਰੋਬਾਰ ਹੁੰਦੇ ਦੇਖ ਕੇ ਆਪਣੀਆਂ ਅੱਖਾਂ ਬੰਦ ਕਰ ਲਵੇਗਾ।
ਇਸ ਸਬੰਧੀ ਪੁੱਛਣ 'ਤੇ ਥਾਣੇਦਾਰ ਪ੍ਰੇਮਜੀਤ ਨੇ ਦੱਸਿਆ ਕਿ ਉਸ ਨੇ ਵਿਨੋਦ ਕੁਮਾਰ ਦੇ ਬਿਆਨ ਲੈ ਕੇ ਘਟਨਾ ਦੀ ਪੂਰੀ ਜਾਣਕਾਰੀ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆ ਦਿੱਤੀ ਹੈ। ਉਨ੍ਹਾਂ ਮੰਨਿਆ ਕਿ ਲੜਕੇ ਦੀ ਹਾਲਤ ਜ਼ਿਆਦਾ ਕੁੱਟਮਾਰ ਕਾਰਨ ਕਾਫੀ ਨਾਜ਼ੁਕ ਬਣੀ ਹੋਈ ਹੈ। ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੋਂ ਬਾਅਦ ਜਲਦ ਕਾਰਵਾਈ ਕਰ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
12 ਕਿਲੋ ਅਫੀਮ ਅਤੇ ਨਜਾਇਜ਼ ਅਸਲਾ ਸਮੇਤ ਚਾਰ ਗ੍ਰਿਫਤਾਰ
NEXT STORY