ਕਪੂਰਥਲਾ (ਭੂਸ਼ਣ)— ਸੂਬੇ ਦੀਆਂ ਜੇਲਾਂ ਵਿਚ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਜਿੱਥੇ ਦਿਨ ਅਤੇ ਰਾਤ ਦੇ ਸਮੇਂ ਹੋਣ ਵਾਲੀ ਵੀਡੀਓਗ੍ਰਾਫੀ ਦੀ ਮਦਦ ਨਾਲ ਜੇਲਾਂ ਵਿਚ ਸਥਾਪਤ ਬੈਰਕਾਂ ਵਿਚ ਬੰਦ ਗੈਂਗਸਟਰਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਥੇ ਹੀ ਸਾਰੀਆਂ ਜੇਲਾਂ ਵਿਚ ਮੋਬਇਲ ਫੋਨ ਦੇ ਇਸਤੇਮਾਲ ਨੂੰ ਰੋਕਣ ਲਈ ਜਾਂ ਤਾਂ ਛੇਤੀ ਤੋਂ ਛੇਤੀ ਜੈਮਰ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਖਰਾਬ ਪਏ ਜੈਮਰਾਂ ਨੂੰ ਠੀਕ ਕਰਵਾ ਕੇ ਫਿਰ ਤੋਂ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਸ ਦੀ ਤਰਜ 'ਤੇ ਕੰਮ ਕਰਦੇ ਹੋਏ ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ ਦੇ ਪ੍ਰਸ਼ਾਸਨ ਨੇ ਜੇਲ ਕੰੰਪਲੈਕਸ ਦੇ ਚਾਰੋਂ ਪਾਸੇ ਲੱਗੇ ਮੋਬਾਇਲ ਜੈਮਰਾਂ ਨੂੰ ਇਕ ਨਿੱਜੀ ਕੰੰਪਨੀ ਦੀ ਮਦਦ ਨਾਲ ਠੀਕ ਕਰਨ ਦੀ ਪਰਕ੍ਰਿਆ ਸ਼ੁਰੂ ਕਰ ਦਿੱਤੀ ਹੈ।

ਗੈਂਗਸਟਰਾਂ ਦੀਆਂ ਗਤੀਵਿਧੀਆਂ ਰੋਕਣ ਲਈ ਜੈਮਰ ਲਾਉਣ ਦੇ ਹੁਕਮ ਜਾਰੀ
ਸੂਬੇ ਦੇ ਏ. ਡੀ. ਜੀ. ਪੀ. ਜੇਲ ਇਕਬਾਲਪ੍ਰੀਤ ਸਿੰਘ ਸਹੋਤਾ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਹੁਣ ਸੂਬੇ ਦੀਆਂ ਸਾਰੀਆਂ ਜੇਲਾਂ ਵਿਚ ਗੈਂਗਸਟਰਾਂ ਵੱਲੋਂ ਚਲਾਏ ਜਾ ਰਹੇ ਮੋਬਾਇਲ ਫੋਨ ਨੂੰ ਜਾਮ ਕਰਨ ਦੇ ਮਕਸਦ ਨਾਲ ਜੈਮਰ ਲਾਉਣ ਦੇ ਹੁਕਮ ਦਿੱਤੇ ਗਏ ਹਨ। ਉਥੇ ਹੀ ਜਿਨ੍ਹਾਂ ਜ਼ਿਲਿਆਂ 'ਚ ਲੱਗੇ ਜੈਮਰ ਖਰਾਬ ਚੱਲ ਰਹੇ ਹਨ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਠੀਕ ਕਰਵਾਉਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।
ਗੌਰ ਹੋਵੇ ਕਿ ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ ਵਿਚ ਕੁਝ ਮਹੀਨੇ ਪਹਿਲਾਂ 15 ਮੋਬਾਇਲ ਜੈਮਰ ਲਾਏ ਗਏ ਸਨ, ਜਿਸ ਕਾਰਨ ਜੇਲ 'ਚ ਚੱਲਣ ਵਾਲੇ ਮੋਬਾਇਲ ਫੋਨ ਕਾਫੀ ਹੱਦ ਤਕ ਠੱਪ ਹੋ ਗਏ ਸਨ ਪਰ ਕਾਫੀ ਦਿਨਾਂ ਤੋਂ ਜੈਮਰ ਸਿਸਟਮ ਵਿਚ ਆਈ ਖਰਾਬੀ ਦੇ ਕਾਰਨ ਜੇਲ ਪ੍ਰਸ਼ਾਸਨ ਨੂੰ ਇਕ ਵਾਰ ਫਿਰ ਤੋਂ ਮੋਬਾਇਲ ਫੋਨ ਇਸਤੇਮਾਲ ਕਰਨ ਨੂੰ ਲੈ ਕੇ ਸ਼ਿਕਾਇਤਾਂ ਆਉਣ ਲੱਗੀਆਂ ਸਨ, ਜਿਸ ਨੂੰ ਲੈ ਕੇ ਜੇਲ ਪ੍ਰਸ਼ਾਸਨ ਨੇ ਇਕ ਵੱਡਾ ਕਦਮ ਚੁੱਕਦੇ ਹੋਏ ਇਕ ਨਿੱਜੀ ਕੰੰਪਨੀ ਦੀ ਮਦਦ ਨਾਲ ਜੇਲ ਕੰੰਪਲੈਕਸ ਵਿਚ ਲੱਗੇ ਸਾਰੇ ਜੈਮਰਾਂ ਨੂੰ ਠੀਕ ਕਰਵਾਉਣ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ ਤਾਂਕਿ ਮੋਬਾਇਲ ਫੋਨ ਨੂੰ ਪੂਰੀ ਤਰ੍ਹਾਂ ਨਾਲ ਠੱਪ ਕੀਤਾ ਜਾ ਸਕੇ।

ਜੇਲਾਂ 'ਚ ਸਵੇਰੇ ਅਤੇ ਰਾਤ ਸਮੇਂ ਸਾਰੇ ਬੈਰਕਾਂ 'ਚ ਕੀਤੀ ਜਾਵੇਗੀ ਚੈਕਿੰਗ
ਏ. ਡੀ. ਜੀ. ਪੀ. ਜੇਲ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਅਨੁਸਾਰ ਹੁਣ ਜੇਲਾਂ ਵਿਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਤੱਕ ਡਰੱਗ ਅਤੇ ਮੋਬਾਇਲ ਫੋਨ ਪਹੁੰਚਾਉਣ ਤੋਂ ਰੋਕਣ ਲਈ ਸਵੇਰੇ ਅਤੇ ਰਾਤ ਨੂੰ ਉਸ ਸਮੇਂ ਜੇਲਾਂ ਦੀਆਂ ਸਾਰੀਆਂ ਬੈਰਕਾਂ ਵਿਚ ਤਲਾਸ਼ੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ, ਜਦੋਂ ਇਨ੍ਹਾਂ ਬੈਰਕਾਂ ਵਿਚ ਸਾਰੇ ਕੈਦੀ ਅਤੇ ਹਵਾਲਾਤੀ ਬੰਦ ਹੁੰਦੇ ਹਨ। ਇਸ ਪੂਰੀ ਪ੍ਰਕਿਰਿਆ ਨੂੰ ਵੀਡੀਓਗ੍ਰਾਫੀ ਤਹਿਤ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂਕਿ ਚੈਕਿੰਗ ਸਿਸਟਮ ਵਿਚ ਕੋਈ ਕਮੀ ਨਾ ਆਏ। ਇਸ ਸਿਸਟਮ 'ਤੇ ਕੰਮ ਕਰਦੇ ਹੋਏ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਦੇ ਅਫਸਰਾਂ ਨੇ 2-3 ਦਿਨ 'ਚ ਹੀ ਚੈਕਿੰਗ ਵਿਚ 10 ਦੇ ਕਰੀਬ ਮੋਬਾਇਲ ਫੋਨ ਬਰਾਮਦ ਕੀਤੇ ਹਨ।
ਐੱਚ. ਆਈ. ਵੀ. ਤੋਂ ਪੀੜਤ ਕੈਦੀਆਂ ਲਈ ਵੱਖਰੇ ਵਾਰਡ ਬਣਾਉਣ ਦੇ ਹੁਕਮ
ਜੇਲਾਂ 'ਚ ਐੱਚ. ਆਈ. ਵੀ. ਤੋਂ ਪੀੜਤ ਕੈਦੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ ਹੁਣ ਐੱਚ. ਆਈ. ਵੀ. ਤੋਂ ਪੀੜਤ ਕੈਦੀਆਂ ਲਈ ਵੱਖਰੇ ਵਾਰਡ ਬਣਾਉਣ ਦੇ ਹੁਕਮ ਦਿੱਤੇ ਗਏ ਹਨ ਤਾਂਕਿ ਇਨ੍ਹਾਂ ਵਾਰਡਾਂ ਵਿਚ ਰੱਖ ਕੇ ਐੱਚ. ਆਈ. ਵੀ. ਰੋਗ ਦਾ ਸਾਹਮਣਾ ਕਰ ਰਹੇ ਕੈਦੀਆਂ ਨੂੰ ਰਾਹਤ ਮਿਲ ਸਕੇ। ਜਿਸ ਲਈ ਆਪਣੇ ਆਪਣੇ ਜ਼ਿਲਿਆਂ ਦੇ ਸਿਵਲ ਸਰਜਨ ਨਾਲ ਸੰਪਰਕ ਕਰ ਕੇ ਇਸ ਸਬੰਧੀ ਸਰਕਾਰੀ ਡਾਕਟਰਾਂ ਨੂੰ ਬੁਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਕੀ ਕਹਿੰਦੇ ਹਨ ਸੁਪਰਡੈਂਟ ਜੇਲ
ਇਸ ਸਬੰਧ ਵਿਚ ਜਦੋਂ ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ ਦੇ ਸੁਪਰਡੈਂਟ ਐੱਸ. ਪੀ. ਖੰਨਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਏ. ਡੀ. ਜੀ. ਪੀ. ਜੇਲ ਦੇ ਹੁਕਮਾਂ 'ਤੇ ਜੇਲ ਪ੍ਰਸ਼ਾਸਨ ਨੇ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ ਅਤੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਛੇਤੀ ਤੋਂ ਛੇਤੀ ਲਾਗੂ ਕਰਨ ਦੀ ਕੋਸ਼ਿਸ਼ ਜਾਰੀ ਹੈ, ਉਥੇ ਹੀ ਆਉਣ ਵਾਲੇ ਦਿਨਾਂ ਵਿਚ ਵੀ ਗੈਂਗਸਟਰਾਂ 'ਤੇ ਸਖਤ ਨਜ਼ਰ ਰੱਖਣ ਦਾ ਸਿਲਸਿਲਾ ਜਾਰੀ ਰਹੇਗਾ।
ਡੀ. ਜੇ. 'ਤੇ ਨੱਚਦੇ ਹੋਏ ਨੇ ਮਹਿਲਾ ਨਾਲ ਕੀਤੀ ਛੇੜਖਾਨੀ
NEXT STORY