ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ): ਆਮ ਤੌਰ ’ਤੇ ਛੋਟੀਆਂ ਚੀਜ਼ਾਂ ਗੁੰਮ ਹੁੰਦੀਆਂ ਅਕਸਰ ਸੁਣੀਆਂ ਜਾਂ ਦੇਖੀਆਂ ਜਾਂਦੀ ਹਨ ਪਰ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੀ ਇਕ ਗਲੀ ਅਜਿਹੀ ਗੁੰਮ ਹੋਈ ਕਿ ਅਜੇ ਤੱਕ ਮੁੜ ਲੱਭੀ ਹੀ ਨਹੀਂ। ਇਸ ਗਲੀ ਦੇ ਸਬੰਧ ਵਿਚ ਵਿਜੀਲੈਂਸ ਇਨਕੁਆਰੀ ਹੋਈ, ਜਿਸ ਵਿਚ ਸਿੱਧੇ ਤੌਰ ’ਤੇ ਵਿਜੀਲੈਂਸ ਨੇ ਲਿਖਿਆ ਕਿ ਗਲੀ ਨੂੰ ਗੁਆਂਢੀਆਂ ਨੇ ਸ਼ੋਅਰੂਮ ਵਿਚ ਮਿਲਾ ਲਿਆ, ਨਗਰ ਕੌਂਸਲ ਸਬੰਧਤ ਵਿਅਕਤੀਆਂ ’ਤੇ ਬਣਦੀ ਕਾਰਵਾਈ ਕਰੇ। ਵਿਜੀਲੈਂਸ ਜਾਂਚ ਤੋਂ ਬਾਅਦ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਨੂੰ ਕਈ ਪੱਤਰ ਲਿਖੇ, ਨਗਰ ਕੌਂਸਲ ਇਸ ਮਾਮਲੇ ਵਿਚ ਨੋਟਿਸ ਤਾਂ ਜ਼ਰੂਰ ਕੱਢਦੀ ਰਹੀ ਪਰ ਇਹ ਗਲੀ ਆਖ਼ਰ ਸ਼ੋਅਰੂਮ ਵਿਚ ਕਿਵੇਂ ਤਬਦੀਲ ਹੋਈ ਇਸ ਸਬੰਧੀ ਨਗਰ ਕੌਂਸਲ ਦੇ ਹੱਥ ਕੁਝ ਨਹੀਂ ਲੱਗਾ ਅਤੇ ਅੰਤ ਕਰੀਬ 6 ਸਾਲ ਦੀ ਭੱਜ ਨੱਠ ਤੋਂ ਬਾਅਦ ਪੀ. ਪੀ. ਐਕਟ ਦਾ ਕੇਸ ਉਪ ਮੰਡਲ ਮੈਜਿਸਟਰੇਟ ਦੇ ਲਾ ਦਿੱਤਾ ਗਿਆ ਜੋ ਕਿ ਕਰੀਬ 2 ਸਾਲ ਤੋਂ ਚੱਲ ਰਿਹਾ ਹੈ।ਗੁੰਮ ਹੋਈ ਇਸ ਗਲੀ ਵਾਲੀ ਕਹਾਣੀ ਕਦੇ ਹੱਲ ਹੋਵੇਗੀ ਜਾਂ ਨਹੀਂ ਇਹ ਅਜੇ ਭੱਵਿਖ ਦੀ ਗਰਭ ਵਿਚ ਹੈ ਪਰ ਫਿਲਹਾਲ ਪੁਰਾਣੇ ਸ਼ਹਿਰ ਵਾਸੀ ਅੱਜ ਵੀ ਪਟਵਾਰਖਾਨੇ ਦੇ ਕੋਲੋਂ ਲੰਘਦੇ ਇਹ ਜ਼ਰੂਰ ਪੁੱਛਦੇ ਕਿ ਭਾਈ ਇਹਦੇ ਨਾਲ ਵਾਲੀ ਗਲੀ ਆਖਰ ਗਈ ਕਿੱਥੇ ।
ਇਹ ਹੈ ਮਸਲਾ
ਸ੍ਰੀ ਮੁਕਤਸਰ ਸਾਹਿਬ ਸਥਿਤ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ 2 ਦੇ ਬਿਲਕੁਲ ਸਾਹਮਣੇ ਸਥਿਤ ਪਟਵਾਰਖਾਨੇ ਦੇ ਨਾਲ ਲੱਗਦੀ ਛੋਟੀ ਗਲੀ ਹਰ ਸ਼ਹਿਰ ਵਾਸੀ ਦੀ ਨਜ਼ਰ ਵਿਚ ਹੋਵੇਗੀ ਪਰ ਬੀਤੇ ਕੁਝ ਸਮੇਂ ਤੋਂ ਇਹ ਗਲੀ ਗੁੰਮਸ਼ੁਦਾ ਹੈ। ਇਸ ਮਾਮਲੇ ਵਿਚ ਵਿਜੀਲੈਂਸ ਵੱਲੋਂ ਜਾਂਚ ਕੀਤੀ ਗਈ ਅਤੇ ਨਗਰ ਕੌਂਸਲ ਨੂੰ ਸਬੰਧਿਤ ਵਿਅਕਤੀਆਂ ’ਤੇ ਬਣਦੀ ਕਾਰਵਾਈ ਕਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ। ਵਿਜੀਲੈਂਸ ਵੱਲੋਂ ਜਾਂਚ ਨੰਬਰ 9 ਮਿਤੀ 8 ਮਈ 2015 ਤਹਿਤ ਇਸ ਸਬੰਧੀ ਲਿਖਿਆ ਗਿਆ। ਵਿਜੀਲੈਂਸ ਦੇ ਪੱਤਰ ਉਪਰੰਤ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਲਗਾਤਾਰ ਪੱਤਰ ਨੰਬਰ 143 ਮਿਤੀ 3 ਮਾਰਚ 2017, ਪੱਤਰ ਨੰਬਰ 210 ਮਿਤੀ 28 ਮਾਰਚ 2017, ਪੱਤਰ ਨੰਬਰ 230 ਮਿਤੀ 5 ਅਪ੍ਰੈਲ 2017, ਪੱਤਰ ਨੰਬਰ 295 ਮਿਤੀ 24 ਅਪ੍ਰੈਲ 2017 ਲਿਖ ਕੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਨੂੰ ਇਸ ਮਾਮਲੇ ਵਿਚ ਲੋੜੀਂਦੀ ਕਾਰਵਾਈ ਕਰਨ ਲਈ ਆਖਿਆ ਗਿਆ। 4 ਜੁਲਾਈ 2017 ਨੂੰ ਨਗਰ ਕੌਂਸਲ ਵੱਲੋਂ ਡਿਪਟੀ ਕਮਿ਼ਸ਼ਨਰ ਨੂੰ ਪੱਤਰ ਨੰਬਰ 2037 ਤਹਿਤ ਸੂਚਨਾ ਦਿੱਤੀ ਗਈ ਕਿ ਖੇਵਟ ਨੰਬਰ 1170, ਖਤੌਨੀ ਨੰਬਰ 1414, ਅਤੇ ਖਸਰਾ ਨੰਬਰ 772 ਵਾਲੀ ਇਸ ਜਗ੍ਹਾ ਨੂੰ ਮਾਲ ਰਿਕਾਰਡ ਦੀ ਜਮਾਬੰਦੀ ਸਾਲ 1964,65 ਅਤੇ ਅਕਸ ਸੱਜਰਾ ਨੰਬਰ 772 ਤਹਿਤ ਰਸਤਾ ਦਿਖਾਇਆ ਗਿਆ ਹੈ। ਇਸ ਉਪਰੰਤ 20 ਅਪ੍ਰੈਲ 2018 ਨੂੰ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਨੂੰ ਇਸ ਮਾਮਲੇ ਵਿਚ ਸੂਚਿਤ ਕੀਤਾ ਗਿਆ ਕਿ ਇਸ ਜਗ੍ਹਾ ’ਤੇ ਨਜਾਇਜ਼ ਕਬਜਾ ਕਰਨ ਵਾਲੇ ਵਿਅਕਤੀਆਂ ਨੂੰ 10 ਦਿਨ ਦੇ ਅੰਦਰ ਇਹ ਕਬਜ਼ਾ ਛੱਡਣ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਪਰ ਇਸਦੇ ਬਾਵਜੂਦ ਵੀ ਕਬਜ਼ਾ ਨਹੀਂ ਛੱਡਿਆ ਗਿਆ।
ਨਗਰ ਕੌਂਸਲ ਅਨੁਸਾਰ ਕੀ ਕਹਿੰਦੀ ਵਿਜੀਲੈਂਸ ਇਨਕੁਆਰੀ
ਇਹ ਗਲੀ ਜੋ ਵਿਜੀਲੈਂਸ ਇਨਕੁਆਰੀ ਅਨੁਸਾਰ ਇਕ ਸ਼ੋਅਰੂਮ ਵਿਚ ਮਿਲਾ ਲਈ ਗਈ ਦੇ ਸਬੰਧ ਵਿਚ ਆਖਰ 2021 ਵਿਚ ਨਗਰ ਕੌਂਸਲ ਨੇ ਉਪ ਮੰਡਲ ਮੈਜਿਸਟਰੇਟ ਦੀ ਅਦਾਲਤ ਵਿਚ ਪੀ. ਪੀ. ਐੈਕਟ ਤਹਿਤ ਕੇਸ ਦਾਇਰ ਕਰ ਦਿੱਤਾ। 8 ਜੁਲਾਈ 2021 ਵਿਚ ਪੱਤਰ ਨੰਬਰ 1622 ਤਹਿਤ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਵੱਲੋਂ ਲਿਖਿਆ ਗਿਆ ਕਿ ਸਟੇਟ ਵਿਜੀਲੈਂਸ ਵੱਲੋਂ ਕੀਤੀ ਗਈ ਇਨਕੁਆਰੀ ਵਿਚ ਇਹ ਪਾਇਆ ਗਿਆ ਕਿ ਗਲੀ ਨੂੰ ਨਾਲ ਦੇ ਸ਼ੋਅਰੂਮ ਵਿਚ ਮਿਲਾ ਲਿਆ ਗਿਆ ਹੈ। ਨੋਟਿਸ ਜਾਰੀ ਹੋਣ ਦੇ ਬਾਅਦ ਵੀ ਸਬੰਧਿਤ ਵਿਅਕਤੀਆਂ ਵੱਲੋਂ ਇਹ ਨਜਾਇਜ਼ ਕਬਜ਼ਾ ਨਾ ਛੱਡਣ ’ਤੇ ਉਪ ਮੰਡਲ ਮੈਜਿਸਟਰੇਟ ਦੀ ਅਦਾਲਤ ਵਿਚ ਇਹ ਕੇਸ ਲਾ ਦਿੱਤਾ ਗਿਆ ਹੈ।
ਚੱਲ ਰਿਹਾ ਪੀ ਪੀ ਐਕਟ ਤਹਿਤ ਕੇਸ - ਕਾਰਜ ਸਾਧਕ ਅਫ਼ਸਰ
ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾ ਉਹਨਾਂ ਦੱਸਿਆ ਕਿ ਉਸ ਸਮੇਂ ਸਬੰਧਿਤ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਹੁਣ ਇਸ ਮਾਮਲੇ ਵਿਚ ਨਗਰ ਕੌਂਸਲ ਵੱਲੋਂ ਪੀ. ਪੀ. ਐਕਟ ਤਹਿਤ ਉਪ ਮੰਡਲ ਮੈਜਿਸਟਰੇਟ ਦੀ ਅਦਾਲਤ ਵਿਚ ਕੇਸ ਕੀਤਾ ਗਿਆ। ਇਹ ਕੇਸ ਹੁਣ ਚੱਲ ਰਿਹਾ ਹੈ।
ਰੱਖੜੀ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, ਭਿਆਨਕ ਹਾਦਸੇ ਦੌਰਾਨ ਪਤਨੀ ਦੀ ਮੌਤ, ਪਤੀ PGI ਰੈਫ਼ਰ
NEXT STORY