ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਸਿਟੀ ਥਾਣਾ-1, ਅਬੋਹਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ. ਐੱਸ. ਆਈ.) ਕ੍ਰਿਸ਼ਨ ਲਾਲ ਅਤੇ ਸਿਪਾਹੀ ਰਾਜ ਕੁਮਾਰ ਨੂੰ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਭੀਮ ਸੈਨ ਵਾਸੀ ਪਿੰਡ ਬਾਜ਼ੀਦਪੁਰ ਕੱਟਿਆਂਵਾਲੀ, ਜ਼ਿਲ੍ਹਾ ਫ਼ਾਜ਼ਿਲਕਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਭੀਮ ਸੈਨ ਨੇ ਵਿਜੀਲੈਂਸ ਬਿਊਰੋ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਕਤ ਏ. ਐੱਸ. ਆਈ. ਨੇ 17 ਮਾਰਚ, 2023 ਨੂੰ ਉਸਦੇ ਮੋਬਾਈਲ ਫੋਨ ’ਤੇ ਕਾਲ ਕੀਤੀ ਸੀ ਕਿ ਇੱਕ ਮਹਿਲਾ ਨੇ ਉਸ (ਭੀਮ ਸੈਨ) ਖ਼ਿਲਾਫ਼ ਛੇੜਛਾੜ ਦੀ ਸ਼ਿਕਾਇਤ ਕੀਤੀ ਹੈ। ਅਗਲੇ ਦਿਨ ਸ਼ਿਕਾਇਤਕਰਤਾ ਆਪਣੇ ਪਿੰਡ ਬਾਜ਼ੀਦਪੁਰ ਕੱਟਿਆਂਵਾਲੀ ਦੇ ਵਸਨੀਕ ਸਿਪਾਹੀ ਰਾਜ ਕੁਮਾਰ ਨੂੰ ਨਾਲ ਲੈ ਕੇ ਸਿਟੀ ਥਾਣਾ -1, ਅਬੋਹਰ ਵਿਖੇ ਗਿਆ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਏ. ਐੱਸ. ਆਈ. ਨੇ ਉਸ ਖ਼ਿਲਾਫ਼ ਆਈ ਛੇੜਛਾੜ ਦੀ ਸ਼ਿਕਾਇਤ ਦਾ ਨਿਬੇੜਾ ਕਰਨ ਅਤੇ ਰਾਜ਼ੀਨਾਮਾ ਕਰਵਾਉਣ ਬਦਲੇ 1 ਲੱਖ ਰੁਪਏ ਰਿਸ਼ਵਤ ਮੰਗੀ ਸੀ। ਵਾਰ-ਵਾਰ ਬੇਨਤੀ ਕਰਨ ’ਤੇ ਏ. ਐੱਸ. ਆਈ. 50,000 ਰੁਪਏ ਲੈਣ ਲਈ ਰਾਜ਼ੀ ਹੋ ਗਿਆ ਅਤੇ ਉਸੇ ਦਿਨ ਉਸ (ਭੀਮ ਸੈਨ) ਕੋਲੋਂ 20,000 ਰੁਪਏ ਲੈ ਲਏ।
ਇਹ ਵੀ ਪੜ੍ਹੋ : ਝੁੱਗੀ ’ਤੇ ਡਿੱਗਿਆ ਪਹਾੜ ਦਾ ਮਲਬਾ, ਇਕ ਨੌਜਵਾਨ ਸਮੇਤ 2 ਬੱਚਿਆਂ ਦੀ ਮੌਤ
ਇਸ ਉਪਰੰਤ ਉਕਤ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਰਿਸ਼ਵਤ ਦੀ ਬਕਾਇਆ ਰਕਮ ਦੇਣ ਲਈ ਮਜ਼ਬੂਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਸ਼ਿਕਾਇਤਕਰਤਾ ਨੇ 26 ਮਾਰਚ, 2023 ਨੂੰ ਕਾਂਸਟੇਬਲ ਰਾਜ ਕੁਮਾਰ ਦੇ ਮੋਬਾਈਲ ਨੰਬਰ ’ਤੇ ਗੂਗਲ ਪੇਅ ਰਾਹੀਂ 15,000 ਰੁਪਏ ਹੋਰ ਅਦਾ ਕੀਤੇ। ਜਦੋਂ ਸ਼ਿਕਾਇਤਕਰਤਾ ਨੇ ਰਾਜ਼ੀਨਾਮੇ ਦੀ ਕਾਪੀ ਮੰਗੀ ਤਾਂ ਉਕਤ ਪੁਲਸ ਮੁਲਾਜ਼ਮਾਂ ਨੇ ਰਿਸ਼ਵਤ ਦੇ ਬਕਾਇਆ 15,000 ਰੁਪਏ ਦੀ ਮੰਗ ਲਏ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਯੂਨਿਟ ਫਾਜ਼ਿਲਕਾ ਦੀ ਟੀਮ ਨੇ ਟ੍ਰੈਪ ਲਗਾ ਕੇ ਉਕਤ ਏ. ਐੱਸ. ਆਈ. ਅਤੇ ਸਿਪਾਹੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਸ਼ਿਕਾਇਤਕਰਤਾ ਤੋਂ 15,000 ਰੁਪਏ ਰਿਸ਼ਵਤ ਲੈਂਦਿਆਂ ਮੌਕੇ ’ਤੇ ਕਾਬੂ ਕਰ ਲਿਆ। ਇਸ ਸਬੰਧੀ ਥਾਣਾ ਵਿਜੀਲੈਂਸ ਬਿਊਰੋ, ਫਿਰੋਜ਼ਪੁਰ ਰੇਂਜ ਵਿਖੇ ਉਕਤ ਏ. ਐੱਸ. ਆਈ. ਅਤੇ ਕਾਂਸਟੇਬਲ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਤਬਾਹੀ ਦਾ ਮੰਜ਼ਰ : ਟ੍ਰਾਈਸਿਟੀ ਵਿਚ ਹਾਹਾਕਾਰ, ਚਾਰੇ ਪਾਸੇ ਪਾਣੀ ਹੀ ਪਾਣੀ, ਸੜਕਾਂ ’ਤੇ ਟੁੱਟੇ ਦਰੱਖਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸਾਵਧਾਨ! ਤੁਹਾਡਾ ਸ਼ੌਕ ਤੁਹਾਡੇ ਅਜ਼ੀਜ਼ਾਂ ਨੂੰ ਦੇ ਸਕਦੈ ਬੇਅੰਤ ਦਰਦ, ਨੌਜਵਾਨ ਕਰ ਰਹੇ ਖ਼ਤਰਨਾਕ ਸਟੰਟ
NEXT STORY