ਜਲੰਧਰ (ਚੋਪੜਾ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਸਿਆਸੀ ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਵਿਭਾਗ ਦੀ ਮੁਹਿੰਮ ਹੁਣ ਹੋਰ ਵਧੇਰੇ ਹਮਲਾਵਰ ਰੂਪ ਲੈ ਚੁੱਕੀ ਹੈ। ਜਲੰਧਰ ਦੇ ਵਿਧਾਇਕ ਰਮਨ ਅਰੋੜਾ ਦੀਆਂ ਕਥਿਤ ਬੇਨਾਮੀ ਜਾਇਦਾਦਾਂ ਨੂੰ ਲੈ ਕੇ ਵਿਜੀਲੈਂਸ ਵਿਭਾਗ ਨੇ ਕਾਰਵਾਈ ਦੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ ਹੈ। ਇਕ ਤੋਂ ਬਾਅਦ ਇਕ ਸਾਹਮਣੇ ਆ ਰਹੀਆਂ ਜਾਇਦਾਦਾਂ ਦੀ ਡਿਟੇਲ ਨੂੰ ਜਾਂਚਣ ਲਈ ਮੰਗਲਵਾਰ ਵੀ ਵਿਜੀਲੈਂਸ ਦੀ ਟੀਮ ਨੇ ਵਿਆਪਕ ਪੱਧਰ ’ਤੇ ਰੈਵੇਨਿਊ ਰਿਕਾਰਡ ਦੀ ਛਾਣਬੀਣ ਕੀਤੀ। ਵਿਭਾਗੀ ਸੂਤਰਾਂ ਅਨੁਸਾਰ ਰਮਨ ਅਰੋੜਾ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਵੱਲੋਂ ਹਾਸਲ ਕੀਤੀਆਂ ਜਾਇਦਾਦਾਂ ਨੂੰ ਚੈੱਕ ਕਰਨ ਲਈ ਸ਼ਹਿਰ ਦੇ ਕਈ ਹਿੱਸਿਆਂ ਵਿਚ ਦਸਤਾਵੇਜ਼ ਅਤੇ ਜ਼ਮੀਨੀ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ: ਰਮਨ ਅਰੋੜਾ ਦੇ ਕੁੜਮ ਰਾਜੂ ਦੀ ਗ੍ਰਿਫ਼ਤਾਰੀ ਦੀ ਫੈਲੀ ਰਹੀ ਅਫ਼ਵਾਹ, ਜਾਂਚ ਅਧਿਕਾਰੀ ਬੋਲੇ...
ਇਕ ਵਾਰ ਫਿਰ ਵਿਜੀਲੈਂਸ ਵਿਭਾਗ ਨੇ ਜਲੰਧਰ ਸ਼ਹਿਰ ਦੇ ਪੰਜਾਂ ਪਟਵਾਰੀਆਂ ਅਤੇ ਆਲੇ-ਦੁਆਲੇ ਦੇ ਪਿੰਡਾਂ ਨਾਲ ਸਬੰਧਤ ਪਟਵਾਰੀਆਂ ਅਤੇ ਕਾਨੂੰਗੋਆਂ ਨੂੰ ਆਪਣੇ ਦਫ਼ਤਰ ਵਿਚ ਤਲਬ ਕੀਤਾ। ਇਨ੍ਹਾਂ ਅਧਿਕਾਰੀਆਂ ਨੂੰ ਉਸ ਜਾਇਦਾਦ ਦੇ ਰਿਕਾਰਡ ਨਾਲ ਬੁਲਾਇਆ ਗਿਆ, ਜਿਹੜੀਆਂ ਜਾਇਦਾਦਾਂ ਨੂੰ ਲੈ ਕੇ ਰਮਨ ਅਰੋੜਾ ’ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਅਧਿਕਾਰੀਆਂ ਤੋਂ ਉਹ ਸਾਰੇ ਦਸਤਾਵੇਜ਼ ਮੰਗੇ ਗਏ, ਜੋ ਇਹ ਸਪੱਸ਼ਟ ਕਰ ਸਕਣ ਕਿ ਸਬੰਧਤ ਜਾਇਦਾਦ ਕਿਸ ਦੇ ਨਾਂ ’ਤੇ ਦਰਜ ਹੈ, ਕਿਸ ਤਾਰੀਖ਼ ਨੂੰ ਖ਼ਰੀਦੀ ਗਈ ਅਤੇ ਕੀ ਇਸ ਦੀ ਖ਼ਰੀਦੋ-ਫਰੋਖ਼ਤ ਵਿਚ ਕੋਈ ਸ਼ੱਕੀ ਵਿੱਤੀ ਲੈਣ-ਦੇਣ ਹੋਇਆ ਹੈ।
ਵਿਜੀਲੈਂਸ ਵਿਭਾਗ ਨੇ ਮੰਗਲਵਾਰ ਜਿਹੜੀਆਂ ਜਾਇਦਾਦਾਂ ਦੀ ਛਾਣਬੀਣ ਕੀਤੀ ਹੈ, ਉਨ੍ਹਾਂ ਵਿਚ ਗੁਰੂ ਨਾਨਕ ਮਿਸ਼ਨ ਚੌਂਕ ਵਿਚ ਇਕ ਹਸਪਤਾਲ ਦੀ ਬਿਲਡਿੰਗ, ਰਿਲਾਇੰਸ ਮਾਲ ਦੇ ਪਿੱਛੇ ਗੈਰ-ਕਾਨੂੰਨੀ ਕਬਜ਼ੇ ਦੀ ਜਾਇਦਾਦ, ਮਾਡਲ ਟਾਊਨ ਵਿਚ ਇਕ ਬੈਂਕ ਦੇ ਨਾਲ ਬਣੀ ਕਾਰੋਬਾਰੀ ਇਮਾਰਤ, ਕਮਲ ਪੈਲੇਸ ਤੋਂ ਸ਼ਾਸਤਰੀ ਮਾਰਕੀਟ ਨੂੰ ਜਾਂਦੀ ਸੜਕ ’ਤੇ ਖਸਰਾ ਨੰਬਰ 6808 ’ਤੇ ਬਣੇ ਟਾਇਰਾਂ ਦੇ ਇਕ ਸ਼ੋਅਰੂਮ ਦੀ ਜਾਇਦਾਦ, ਮਕਸੂਦਾਂ ਸਬਜ਼ੀ ਮੰਡੀ ਵਿਚ ਸਥਿਤ ਦੁਕਾਨਾਂ, ਇੰਡਸਟਰੀਅਲ ਏਰੀਆ, ਸੁੱਚੀ ਪਿੰਡ, ਹੁਸ਼ਿਆਰਪੁਰ ਰੋਡ ਅਤੇ ਕਪੂਰਥਲਾ ਰੋਡ ਦੇ ਆਲੇ-ਦੁਆਲੇ ਖੇਤੀਬਾੜੀ ਵਾਲੀ ਜ਼ਮੀਨ ਸਮੇਤ ਜਲੰਧਰ ਦੀਆਂ 42 ਤੋਂ ਵੱਧ ਰਿਹਾਇਸ਼ੀ, ਕਾਰੋਬਾਰੀ, ਇੰਡਸਟਰੀਅਲ ਅਤੇ ਖੇਤੀਬਾੜੀ ਵਾਲੀਆਂ ਜ਼ਮੀਨਾਂ ਦੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਖ਼ਿਲਾਫ਼ ਕਈ ਅਧਿਕਾਰੀ ਬਣਨਗੇ ਸਰਕਾਰੀ ਗਵਾਹ! ਫਸ ਸਕਦੇ ਨੇ ਪੁਲਸ ਅਧਿਕਾਰੀ
ਵਿਜੀਲੈਂਸ ਦੀ ਟੀਮ ਨੇ ਸੁੱਚੀ ਪਿੰਡ, ਹੁਸ਼ਿਆਰਪੁਰ ਰੋਡ, ਕਪੂਰਥਲਾ ਰੋਡ ਸਮੇਤ ਚੋਹਕਾਂ ਅਤੇ ਬੜਿੰਗ ਵਿਚ ਕਈ ਖੇਤਾਂ ਨੂੰ ਮੌਕੇ ’ਤੇ ਜਾ ਕੇ ਦੇਖਿਆ, ਜਿਥੇ ਜਾਂ ਤਾਂ ਕਾਲੋਨੀਆਂ ਕੱਟ ਦਿੱਤੀਆਂ ਗਈਆਂ ਸਨ ਜਾਂ ਨੇੜ ਭਵਿੱਖ ਵਿਚ ਕੱਟਣ ਦੀ ਯੋਜਨਾ ਬਣਾਈ ਹੋਈ ਸੀ। ਵਿਜੀਲੈਂਸ ਵਿਭਾਗ ਦੀਆਂ ਟੀਮਾਂ ਨਾ ਸਿਰਫ਼ ਦਸਤਾਵੇਜ਼ ਚੈੱਕ ਕਰ ਰਹੀਆਂ ਹਨ, ਸਗੋਂ ਕਈ ਥਾਵਾਂ ’ਤੇ ਪਟਵਾਰੀਆਂ ਅਤੇ ਕਾਨੂੰਗੋਆਂ ਦੇ ਨਾਲ ਮੌਕੇ ’ਤੇ ਜਾ ਕੇ ਮੁਆਇਨਾ ਵੀ ਕਰ ਰਹੀ ਹੈ। ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਸ਼ੱਕੀ ਜਾਇਦਾਦ ਵਿਜੀਲੈਂਸ ਦੀ ਨਜ਼ਰ ਤੋਂ ਨਾ ਛੁੱਟ ਜਾਵੇ। ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਬੀਤੇ ਦਿਨੀਂ ਵੀ 92 ਦੇ ਲੱਗਭਗ ਜਾਇਦਾਦਾਂ ਦੇ ਰੈਵੇਨਿਊ ਰਿਕਾਰਡ ਦੀ ਜਾਂਚ ਕੀਤੀ ਸੀ, ਜਿਨ੍ਹਾਂ ਨੂੰ ਵਿਧਾਇਕ ਰਮਨ ਅਰੋੜਾ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਦੀਆਂ ਦੱਸਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ: Punjab: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਖ਼ਾਸ ਖ਼ਬਰ, ਖੜ੍ਹੀ ਹੋਈ ਵੱਡੀ ਮੁਸੀਬਤ!
ਸਿਰਫ਼ ਵਿਧਾਇਕ ਹੀ ਨਹੀਂ, ਰਿਸ਼ਤੇਦਾਰ ਅਤੇ ਸਹਿਯੋਗੀ ਵੀ ਰਾਡਾਰ ’ਤੇ
ਵਿਜੀਲੈਂਸ ਵਿਭਾਗ ਨੇ ਆਪਣੀ ਜਾਂਚ ਦਾ ਘੇਰਾ ਸਿਰਫ਼ ਵਿਧਾਇਕ ਰਮਨ ਅਰੋੜਾ ਤਕ ਸੀਮਤ ਨਹੀਂ ਰੱਖਿਆ ਹੈ। ਵਿਭਾਗ ਹੁਣ ਉਨ੍ਹਾਂ ਦੇ ਕੁੜਮ, ਰਿਸ਼ਤੇਦਾਰਾਂ ਅਤੇ ਨਜ਼ਦੀਕੀ ਦੋਸਤਾਂ ਦੇ ਨਾਵਾਂ ’ਤੇ ਦਰਜ ਜਾਇਦਾਦਾਂ ਦੀ ਵੀ ਜਾਂਚ ਕਰ ਰਿਹਾ ਹੈ। ਵਿਭਾਗ ਦੀ ਮਨਸ਼ਾ ਇਹ ਜਾਣਨ ਦੀ ਹੈ ਕਿ ਕੀ ਰਮਨ ਅਰੋੜਾ ਨੇ ਆਪਣੀ ਕਥਿਤ ਕਾਲੀ ਕਮਾਈ ਨੂੰ ਲੁਕਾਉਣ ਲਈ ਇਨ੍ਹਾਂ ਨਜ਼ਦੀਕੀਆਂ ਦੇ ਨਾਵਾਂ ਦੀ ਵਰਤੋਂ ਕੀਤੀ। ਹਰੇਕ ਜਾਇਦਾਦ ਦੀ ਖ਼ਰੀਦੋ-ਫਰੋਖ਼ਤ ਦੀਆਂ ਕੜੀਆਂ ਨੂੰ ਜੋੜ ਕੇ ਇਹ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਵਿਚ ਅਰੋੜਾ ਦੀ ਕੋਈ ਅਸਿੱਧੀ ਭੂਮਿਕਾ ਹੈ ਜਾਂ ਨਹੀਂ। ਕੁਝ ਮਾਮਲਿਆਂ ਵਿਚ ਤਾਂ ਜਾਇਦਾਦਾਂ ਦੀਆਂ ਕੀਮਤਾਂ ਅਤੇ ਭੁਗਤਾਨ ਕੀਤੇ ਗਏ ਟੈਕਸ ਵਿਚ ਭਾਰੀ ਅੰਤਰ ਪਾਇਆ ਗਿਆ ਹੈ, ਜਿਸ ਨਾਲ ਸ਼ੱਕ ਹੋਰ ਵਧ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਢਾਬੇ ਤੋਂ ਹਥਿਆਰਾਂ ਸਣੇ 3 ਨਸ਼ਾ ਤਸਕਰ ਗ੍ਰਿਫ਼ਤਾਰ, DGP ਦਾ ਵੱਡਾ ਖ਼ੁਲਾਸਾ

ਜਿਹੜੇ ਵਿਭਾਗਾਂ ਅਤੇ ਅਧਿਕਾਰੀਆਂ ’ਤੇ ਚੱਲਦਾ ਸੀ ਦਬਕਾ, ਹੁਣ ਉਹੀ ਵਿਖਾ ਰਹੇ ਅੱਖਾਂ
ਸਿਆਸੀ ਤਾਕਤ ਦੇ ਜ਼ੋਰ ’ਤੇ ਜ਼ਿਲ੍ਹਾ ਪ੍ਰਸ਼ਾਸਨਿਕ ਵਿਭਾਗ ’ਤੇ ਹਾਵੀ ਰਹਿਣ ਵਾਲੇ ਜਨ-ਪ੍ਰਤੀਨਿਧੀਆਂ ਦੇ ਦਿਨ ਹੁਣ ਬਦਲਦੇ ਨਜ਼ਰ ਆ ਰਹੇ ਹਨ। ਵਿਜੀਲੈਂਸ ਦੀ ਸਖ਼ਤ ਕਾਰਵਾਈ ਤੋਂ ਪਹਿਲਾਂ ਜਿਥੇ ਅਧਿਕਾਰੀ ਅੱਖ ਮਿਲਾਉਣ ਤੋਂ ਕਤਰਾਉਂਦੇ ਸਨ, ਉਥੇ ਹੁਣ ਉਹੀ ਅਧਿਕਾਰੀ ਸਖ਼ਤੀ ਨਾਲ ਰਿਕਾਰਡ ਪੇਸ਼ ਕਰ ਰਹੇ ਹਨ। ਇੰਨਾ ਹੀ ਨਹੀਂ, ਵਿਜੀਲੈਂਸ ਵਿਭਾਗ ਡੀ. ਸੀ. ਦਫਤਰ ਨਾਲ ਸਬੰਧਤ ਅਜਿਹੀਆਂ ਕਈ ਮਲਾਈਦਾਰ ਸੀਟਾਂ ’ਤੇ ਬੈਠੇ ਅਧਿਕਾਰੀਆਂ ਨੂੰ ਵੀ ਨਿਸ਼ਾਨਾ ਬਣਾਉਣ ਜਾ ਰਿਹਾ ਹੈ, ਜਿਨ੍ਹਾਂ ਦੀਆਂ ਪਿਛਲੇ ਕੁਝ ਸਾਲਾਂ ਤੋਂ ਰਮਨ ਅਰੋੜਾ ਨਾਲ ਕਾਫੀ ਨਜ਼ਦੀਕੀਆਂ ਰਹੀਆਂ ਹਨ। ਡੀ. ਸੀ. ਦਫਤਰ ਦੇ ਸੂਤਰਾਂ ਦੀ ਮੰਨੀਏ ਤਾਂ 1-2 ਵਿਭਾਗਾਂ ਦੇ ਪ੍ਰਮੁੱਖ ਅਜਿਹੇ ਵੀ ਹਨ, ਜਿਨ੍ਹਾਂ ਦੇ ਇਸ਼ਾਰੇ ’ਤੇ ਹੀ ਵਿਧਾਇਕ ਵੱਲੋਂ ਹਰੇਕ ਕੰਮ ਦੀ ਸਿਫਾਰਸ਼ ਕੀਤੀ ਜਾਂਦੀ ਰਹੀ ਹੈ, ਭਾਵੇਂ ਉਹ ਕਿਸੇ ਦੀ ਨਿਯੁਕਤੀ ਹੋਵੇ ਜਾਂ ਕਿਸੇ ਦਾ ਤਬਾਦਲਾ ਕਰਵਾਉਣਾ ਹੋਵੇ ਜਾਂ ਕਿਸੇ ਉੱਚ ਅਧਿਕਾਰੀ ਤੋਂ ਕੋਈ ਆਰਡਰ ਹੀ ਕਢਵਾਉਣਾ ਹੋਵੇ।
ਵਿਜੀਲੈਂਸ ਵਿਧਾਇਕ ਨੂੰ ਰਗੜਨ ’ਚ ਨਹੀਂ ਛੱਡ ਰਿਹਾ ਕੋਈ ਕਸਰ
ਵਿਜੀਲੈਂਸ ਵਿਭਾਗ ਇਸ ਪੂਰੇ ਮਾਮਲੇ ਵਿਚ ‘ਨੋ ਟਾਲਰੈਂਸ’ ਦੀ ਨੀਤੀ ’ਤੇ ਚੱਲ ਰਿਹਾ ਹੈ। ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਜਿਸ ਤਰ੍ਹਾਂ ਨਾਲ ਰੋਜ਼ਾਨਾ ਜਾਂਚ ਦਾ ਘੇਰਾ ਵਧ ਰਿਹਾ ਹੈ, ਉਸ ਤੋਂ ਸਾਫ ਹੈ ਕਿ ਵਿਭਾਗ ਕੋਲ ਰਮਨ ਅਰੋੜਾ ਖ਼ਿਲਾਫ਼ ਹੋਰ ਇਨਪੁੱਟ ਹੈ ਅਤੇ ਉਨ੍ਹਾਂ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਲਿਆਉਣ ਦੀ ਪੂਰੀ ਤਿਆਰੀ ਹੈ। ਵਿਜੀਲੈਂਸ ਦੀ ਕੋਸ਼ਿਸ਼ ਹੈ ਕਿ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਹਰੇਕ ਪਰਤ ਨੂੰ ਪੂਰੀ ਤਰ੍ਹਾਂ ਨਾਲ ਉਧੇੜ ਕੇ ਭ੍ਰਿਸ਼ਟਾਚਾਰ ਦੇ ਸਾਰੇ ਸਬੂਤ ਇਕੱਤਰ ਕਰ ਲਏ ਜਾਣ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 4 ਦਿਨ ਅਹਿਮ! ਮੁੜ ਵਿਗੜੇਗਾ ਮੌਸਮ, ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
ਵਿਜੀਲੈਂਸ ਵਿਭਾਗ ਨੇ ਇੰਪਰੂਵਮੈਂਟ ਟਰੱਸਟ ’ਚ ਵੀ ਕੀਤੀ ਰੇਡ
ਸੂਰਿਆ ਐਨਕਲੇਵ ਐਕਸਟੈਨਸ਼ਨ 'ਚ LDP ਕੋਟੇ ਤੋਂ ਪਲਾਟਾਂ ਦੀ ਅਲਾਟਮੈਂਟ 'ਚ ਕਰੋੜਾਂ ਦੇ ਹੋਏ ਘਪਲੇ ਦੇ ਦਸਤਾਵੇਜ਼ ਮੰਗੇ
ਵਿਜੀਲੈਂਸ ਵਿਭਾਗ ਨੇ ਸੈਂਟਰਲ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਸੂਰਿਆ ਐਨਕਲੇਵ ਐਕਸਟੈਨਸ਼ਨ ਵਿਚ ਐੱਲ. ਡੀ. ਪੀ. ਪਲਾਟਾਂ ਦੀ ਅਲਾਟਮੈਂਟ ਨੂੰ ਲੈ ਕੇ ਹੋਏ ਕਰੋੜਾਂ ਰੁਪਏ ਦੇ ਕੁਝ ਕਥਿਤ ਘਪਲਿਆਂ ਨੂੰ ਵੀ ਉਧੇੜਨਾ ਸ਼ੁਰੂ ਕਰ ਦਿੱਤਾ ਹੈ। ਵਿਜੀਲੈਂਸ ਦੀ ਟੀਮ ਮੰਗਲਵਾਰ ਇੰਪਰੂਵਮੈਂਟ ਟਰੱਸਟ ਦਫ਼ਤਰ ਪਹੁੰਚੀ ਅਤੇ ਉਸ ਨੇ ਐੱਲ. ਡੀ. ਪੀ. ਕੋਟੇ ਦੇ ਪਲਾਟਾਂ ਦਾ ਸਮੁੱਚਾ ਰਿਕਾਰਡ ਅਧਿਕਾਰੀਆਂ ਤੋਂ ਮੰਗ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਵਿਧਾਇਕ ਰਮਨ ਅਰੋੜਾ ਦੇ ਵਿਧਾਨ ਸਭਾ ਹਲਕੇ ਵਿਚ ਆਉਂਦੀਆਂ ਟਰੱਸਟ ਦੀਆਂ ਸਕੀਮਾਂ ਵਿਚ ਉਨ੍ਹਾਂ ਆਪਣੇ ਪ੍ਰਭਾਵ ਨਾਲ ਨਿਯਮਾਂ ਦੇ ਉਲਟ ਕੁਝ ਪਲਾਟ ਕੌਡੀਆਂ ਦੇ ਭਾਅ ਅਲਾਟ ਕਰਵਾਏ ਹਨ। ਵਿਧਾਇਕ ਨੇ 20-20 ਮਰਲਾ ਅਤੇ ਡੇਢ-ਡੇਢ ਕਰੋੜ ਰੁਪਏ ਦੇ ਪਲਾਟ ਟਰੱਸਟ ਵਿਚ ਸਿਰਫ ਕੁਝ ਲੱਖ ਰੁਪਏ ਜਮ੍ਹਾ ਕਰਵਾ ਕੇ ਆਪਣੇ ਚਹੇਤਿਆਂ ਦੇ ਨਾਂ ਕਰਵਾਏ ਸਨ। ਵਿਜੀਲੈਂਸ ਵਿਭਾਗ ਦੀ ਤਿੱਖੀ ਨਜ਼ਰ ਹੁਣ ਟਰੱਸਟ ਵਿਚ ਨਿਯਮਾਂ ਦੇ ਉਲਟ ਜਾ ਕੇ ਅਲਾਟ ਕੀਤੇ ਪਲਾਟਾਂ ’ਤੇ ਵੀ ਪੈ ਗਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਸਨਸਨੀਖੇਜ਼ ਖ਼ੁਲਾਸੇ ਆਉਣ ਵਾਲੇ ਸਮੇਂ ਵਿਚ ਹੋਣ ਦੇ ਆਸਾਰ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਸ਼ਮਸ਼ਾਨਘਾਟ 'ਚ ਤੀਜੀ ਵਾਰ ਹੋਇਆ ਵੱਡਾ ਕਾਂਡ, ਮੁਰਦਾਘਰ ਦੇ ਅੰਦਰਲਾ ਹਾਲ ਵੇਖ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਮਨ ਅਰੋੜਾ ਦੇ ਕੁੜਮ ਰਾਜੂ ਦੀ ਗ੍ਰਿਫ਼ਤਾਰੀ ਦੀ ਫੈਲੀ ਰਹੀ ਅਫ਼ਵਾਹ, ਜਾਂਚ ਅਧਿਕਾਰੀ ਬੋਲੇ...
NEXT STORY